ਪੰਜਾਬ ਦਾ ਜੇਲ੍ਹ ਮੰਤਰੀ ਆਪਣੀ ਅਸਫ਼ਲਤਾ ਦਾ ਮਲਬਾ ਕੇਂਦਰ ‘ਤੇ ਸੁੱਟ ਰਿਹੈ
ਗੁਰਪ੍ਰੀਤ ਸਿੰਘ, ਸੰਗਰੂਰ
ਪੰਜਾਬ ਦੀਆਂ ਜੇਲ੍ਹਾਂ ‘ਤੇ ਪੁਲਿਸ ਦਾ ਨਹੀਂ ਗੈਂਗਸਟਰਾਂ ਦਾ ਕਬਜ਼ਾ ਹੈ ਪੰਜਾਬ ਸਰਕਾਰ ਆਪਣੀ ਇਸ ਅਸਫ਼ਲਤਾ ਦਾ ਮਲਬਾ ਕੇਂਦਰ ਸਰਕਾਰ ‘ਤੇ ਸੁੱਟ ਕੇ ਜ਼ਿੰਮੇਵਾਰੀ ਤੋਂ ਪਰ੍ਹੇ ਹਟ ਗਈ ਹੈ ਇਹ ਪ੍ਰਗਟਾਵਾ ਕਮਲ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਪੰਜਾਬ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸ੍ਰੀ ਸ਼ਰਮਾ ਨੇ ਕਿਹਾ ਕਿ ਨਾਭਾ ਜੇਲ੍ਹ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਪਰ ਜੇਲ੍ਹ ਮੰਤਰੀ ਦਾ ਇਸ ਘਟਨਾ ਪਿੱਛੋਂ ਜਿਹੜਾ ਬਿਆਨ ਆਇਆ ਹੈ ਬੜਾ ਹੀ ਮੰਦਭਾਗਾ ਹੈ ਜੇਲ੍ਹ ਮੰਤਰੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਮੁਕਤ ਕਰਦਿਆਂ ਇਹ ਕਹਿ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਮਹਿਕਮੇ ਨੂੰ ਫੰਡ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਉਹ ਜੇਲ੍ਹਾਂ ‘ਚ ਸੁਰੱਖਿਆ ਦੇਣ ਤੋਂ ਅਸਮਰਥ ਹਨ
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਗੈਂਗਸਟਰਾਂ ਦੇ ਕਬਜ਼ੇ ਹੇਠ ਹਨ, ਜਿਸ ਕਾਰਨ ਅਕਸਰ ਹੀ ਕਤਲ ਤੇ ਹੋਰ ਅਪਰਾਧਿਕ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦਿਨੋਂ-ਦਿਨ ਨਿਵਾਣ ਵੱਲ ਜਾ ਰਿਹਾ ਹੈ, ਚਾਹੇ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮਸਲਾ ਹੋਵੇ ਜਾਂ ਕਿਸਾਨੀ ਦਾ ਤੇ ਚਾਹੇ ਮੁਲਾਜ਼ਮਾਂ ਦਾ ਸਾਰੇ ਵਰਗ ਸਰਕਾਰ ਤੋਂ ਔਖੇ ਹਨ ਉਨ੍ਹਾਂ ਆਖਿਆ ਕਿ ਨੀਤੀ ਆਯੋਗ ਦੀ ਰਿਪੋਰਟ ‘ਚ ਪੰਜਾਬ ਦੂਜੇ ਨੰਬਰ ਤੋਂ ਖਿਸਕ ਕੇ ਪੰਜਵੇਂ ਸਥਾਨ ‘ਤੇ ਚਲਾ ਗਿਆ ਹੈ, ਇਹ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀਆਂ ਨਿਸ਼ਾਨੀਆਂ ਹਨ ਉਨ੍ਹਾਂ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਤੇ ਪ੍ਰਾਈਵੇਟ ਸਕੂਲਾਂ ਸਬੰਧੀ ਜਿਹੜੇ ਫੈਸਲੇ ਲਏ ਗਏ ਹਨ, ਉਹ ਸ਼ਲਾਘਾਯੋਗ ਹਨ ਉਨ੍ਹਾਂ ਕਿਹਾ ਕਿ ਬਦਲੀਆਂ ਸਬੰਧੀ ਬਣਾਈ ਗਈ ਨੀਤੀ ਤੇ ਸੌ ਫੀਸਦੀ ਅਮਲ ਹੋਣਾ ਚਾਹੀਦਾ ਹੈ, ਨਾ ਕਿ ਇਹ ਸਿਰਫ਼ ਫਾਈਲਾਂ ਦਾ ਸ਼ਿੰਗਾਰ ਬਣ ਜਾਵੇ. ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਣਦੀਪ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਵਿਕਰਮ ਪਾਲੀ ਸੈਣੀ, ਜਤਿੰਦਰ ਕਾਲੜਾ, ਕੇ. ਕੇ. ਮੁਦਗਿੱਲ, ਅਰਵਿੰਦ ਮੁਦਗਿੱਲ, ਕੈਪਟਨ ਰਾਮ ਸਿੰਘ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।