ਖੇਤੀ ਮਾਹਿਰਾਂ ਵੱਲੋਂ ਮੀਂਹ ਵਰਦਾਨ ਕਰਾਰ
ਅਸ਼ੋਕ ਵਰਮਾ, ਬਠਿੰਡਾ
ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਪਏ ਮੀਂਹ ਨਾਲ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ। ਪਾਵਰਕੌਮ ਨੂੰ ਵੀ ਇਸ ਮੀਂਹ ਨੇ ਢਾਰਸ ਦਿੱਤਾ ਹੈ ਖੇਤੀ ਸੈਕਟਰ ਵਿੱਚ ਬਿਜਲੀ ਦੀ ਮੰਗ ਘਟੀ ਹੈ ਅਤੇ ਨਹਿਰਾਂ ਵਿੱਚ ਵੀ ਪਾਣੀ ਵਧਿਆ ਹੈ। ਉਂਜ ਤੇਜ ਹਨ੍ਹੇਰੀ ਕਾਰਨ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਬੰਦ ਰਹੀ, ਜਿਸ ਕਰਕੇ ਕਿਸਾਨਾਂ ਨੂੰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਝੋਨੇ ਦੀ ਫਸਲ ਲਈ ਤਾਂ ਇਹ ਮੀਂਹ ਕਾਫੀ ਲਾਹੇਵੰਦ ਹੈ ਜਦੋਂ ਕਿ ਨਰਮੇ ਕਪਾਹ ਦੀ ਫਸਲ ਲਈ ਮੀਂਹ ਫਿਲਹਾਲ ਚੰਗਾ ਹੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਭਰਵੇਂ ਮੀਂਹ ਪੈਣ ਨਾਲ ਝੋਨੇ ਦੀ ਲੁਆਈ ਨੇ ਰਫਤਾਰ ਫੜ ਲਈ ਹੈ। ਉਂਜ ਮੀਂਹ ਕਾਰਨ ਕੁਝ ਪਿੰਡਾਂ ‘ਚ ਨਰਮੇ ਦੀ ਫਸਲ ਦਾ ਨੁਕਸਾਨ ਕਰਨ ਦੀਆਂ ਰਿਪੋਰਟਾਂ ਹਨ।
ਬਠਿੰਡਾ ਜ਼ਿਲ੍ਹੇ ਵਿੱਚ ਐਤਕੀਂ ਇੱਕ ਲੱਖ ਬਾਈ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਦਾ ਟੀਚਾ ਹੈ ਇਸ ਤੋਂ ਪਹਿਲਾਂ ਝੋਨਾ ਲਾਉਣ ਲਈ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਸਨ। ਪਿੰਡ ਕੋਟ ਗੁਰੂ ਦੇ ਨੌਜਵਾਨ ਕਿਸਾਨ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਅੱਜ ਦੇ ਮੀਂਹ ਨੇ ਹਰੇ ਚਾਰੇ ਅਤੇ ਸਬਜ਼ੀਆਂ ਤੋਂ ਇਲਾਵਾ ਹਾਲ ਹੀ ਵਿੱਚ ਝੋਨੇ ਦੀ ਫਸਲ ਨੂੰ ਕਾਫ਼ੀ ਰਾਹਤ ਦਿੱਤੀ ਹੈ ਉਨ੍ਹਾਂ ਆਖਿਆ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਡੀਜ਼ਲ ਦੇ ਖਰਚੇ ਕਾਫ਼ੀ ਵਧ ਗਏ ਸਨ। ਹੁਣ ਇਸ ਮੀਂਹ ਨਾਲ ਲਾਗਤ ਖ਼ਰਚਿਆਂ ਵਿੱਚ ਕਮੀ ਆਏਗੀ ਪਿੰਡ ਸਿਵੀਆਂ ਦੇ ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ ਨੇ ਦੱਸਿਆ ਕਿ ਅੱਜ ਦੇ ਮੀਂਹ ਦੇ ਪਾਣੀ ਨੂੰ ਕਿਸਾਨਾਂ ਨੇ ਅਜਾਈ ਨਹੀਂ ਜਾਣ ਦਿੱਤਾ ਜਿਸ ਕਰਕੇ ਝੋਨੇ ਦੀ ਲਵਾਈ ਦੀ ਰਫਤਾਰ ਵਧੀ ਹੈ। ਪਤਾ ਲੱਗਿਆ ਹੈ ਕਿ ਮੀਂਹ ਪੈਣ ਮਗਰੋਂ ਕਿਸਾਨਾਂ ਨੇ ਝੋਨੇ ਲਈ ਕਾਫੀ ਤੇਜੀ ਨਾਲ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਮੰਗ ਇਕਦਮ ਵਧ ਗਈ ਹੈ।
ਬਠਿੰਡਾ ਜੰਕਸ਼ਨ ‘ਤੇ ਮਜ਼ਦੂਰਾਂ ਨੂੰ ਉਡੀਕਣ ਵਾਲੇ ਕਿਸਾਨਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਦਿੱਲੀ ਵਾਲੇ ਪਾਸਿਓਂ ਜਾਖਲ ਤੋਂ ਪਿੱਛੋਂ ਬਠਿੰਡਾ ਜੰਕਸ਼ਨ ਅਜਿਹਾ ਹੈ ਜਿੱਥੇ ਬਿਹਾਰ, ਉੱਤਰ ਪ੍ਰਦੇਸ਼ ਜਾਂ ਹੋਰ ਰਾਜਾਂ ਤੋਂ ਆਉਂਦੀਆਂ ਸਾਰੀਆਂ ਪੈਸੰਜਰ ਗੱਡੀਆਂ ਇੱਥੇ ਰੁਕਦੀਆਂ ਹਨ, ਜਿਸ ਕਰਕੇ ਕਿਸਾਨ ਬਠਿੰਡਾ ਨੂੰ ਪਹਿਲ ਦਿੰਦੇ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸੇਮ ਵਾਲੇ ਸਰਹੱਦੀ ਜ਼ਿਲ੍ਹਿਆਂ ‘ਚ ਅਗੇਤਾ ਝੋਨਾ ਲੁਆ ਲੈਂਦੀ ਤਾਂ ਭੋਰਾ ਵੀ ਸਮੱਸਿਆ ਨਹੀਂ ਆਉਣੀ ਸੀ। ਉਨ੍ਹਾਂ ਆਖਿਆ ਕਿ ਪਿੰਡਾਂ ‘ਚ ਸਥਾਨਕ ਮਜਦੂਰ ਝੋਨਾ ਲਾਉਣ ‘ਚ ਓਨੀਂ ਰੁਚੀ ਨਹੀਂ ਲੈਂਦੇ, ਜਿਸ ਕਰਕੇ ਪ੍ਰਵਾਸੀ ਮਜ਼ਦੂਰ ਸਭ ਤੋਂ ਵੱਡੀ ਮਜ਼ਬੂਰੀ ਬਣ ਗਏ ਹਨ।
ਅੱਠ ਘੰਟੇ ਬਿਜਲੀ ਸਪਲਾਈ
ਪਾਵਰਕੌਮ ਦੇ ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਮੁਕੇਸ਼ ਬਾਂਸਲ ਨੇ ਕਿਹਾ ਕਿ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਤੇ ਹਨੇਰੀ ਕਰਕੇ ਕੁਝ ਖੇਤੀ ਫੀਡਰ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ‘ਚੋਂ ਜਿਆਦਾਤਰ ‘ਤੇ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਮੀਂਹ ਰੱਬੀ ਦਾਤ : ਮੁੱਖ ਖੇਤੀਬਾੜੀ ਅਫ਼ਸਰ
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਗੁਰਾਂਦਿੱਤਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਮੀਂਹ ਦਾ ਪਾਣੀ ਰੱਬੀ ਦਾਤ ਹੈ, ਜਿਸ ਨੇ ਫਸਲਾਂ ਟਹਿਕਣ ਲਾ ਦੇਣੀਆਂ ਹਨ। ਉਨ੍ਹਾਂ ਦੱਸਿਆ ਕਿ ਨਰਮੇ ਕਪਾਹ ਵਾਲੇ ਖੇਤਾਂ ‘ਚ 48 ਘੰਟੇ ਪਾਣੀ ਖੜ੍ਹਾ ਰਹੇ ਤਾਂ ਕੋਈ ਨੁਕਸਾਨ ਨਹੀਂ ਹੈ ਪਰ ਬਹੁਤਾ ਸਮਾਂ ਖਲੋਣ ਨਾਲ ਦਿੱਕਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਬਠਿੰਡਾ ‘ਚ ਹੁਣ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।