ਮੀਂਹ ਨਾਲ ਪਟਿਆਲਾ ਤੇ ਨਾਲ ਲੱਗਦੇ ਇਲਾਕੇ ਹੋਏ ਜਲਥਲ, ਗਰਮੀ ਤੋਂ ਰਾਹਤ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਸਮੇਤ ਨਾਲ ਲੱਗਦੇ ਇਲਾਕਿਆਂ ਵਿੱਚ ਜਿੱਥੇ ਅੱਜ ਹੋਈ ਭਾਰੀ ਬਾਰਿਸ਼ ਨੇ ਆਮ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਉਥੇ ਕਿਸਾਨਾਂ ਨੂੰ ਵੀ ਝੋਨੇ ਦੀ ਲਵਾਈ ਲਈ ਸੋਨੇ ਤੇ ਸੁਹਾਗੇ ਵਰਗੀ ਰਾਹਤ ਪ੍ਰਦਾਨ ਹੋਈ ਹੈ। ਇੱਧਰ ਮੀਂਹ ਪੈਣ ਤੋਂ ਬਾਅਦ ਕਿਸਾਨਾਂ ਨੂੰ ਲੇਬਰ ਦੀ ਵੀ ਭਾਰੀ ਕਮੀ ਮਹਿਸੂਸ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਅੰਤਾਂ ਦੀ ਗਰਮੀ ਤੋਂ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਚੁੱਕਾ ਸੀ ਅਤੇ ਲੋਕ ਤਰਾਹ-ਤਰਾਹ ਕਰਨ ਲੱਗੇ ਸਨ। ਸ਼ਾਮ ਛੇ ਵਜੇ ਤੋਂ ਬਾਅਦ ਤੇਜ਼ ਹਨ੍ਹੇਰੀ ਨਾਲ ਆਏ ਮੀਂਹ ਨੇ ਪਟਿਆਲਾ ਸ਼ਹਿਰ ਸਮੇਤ ਆਲ਼ੇ ਦੌੜ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ।
ਸ਼ਹਿਰ ਦੇ ਨੀਵੇਂ ਇਲਾਕਿਆਂ ‘ਚ ਮੀਂਹ ਦਾ ਪਾਣੀ ਪੂਰੀ ਤਰ੍ਹਾਂ ਭਰ ਚੁੱਕਾ ਹੈ ਤੇ ਆਮ ਲੋਕਾਂ ਨੂੰ ਇਸ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਂਝ ਭਾਵੇਂ ਕਿ ਇਸ ਮੀਂਹ ਨਾਲ ਆਮ ਜਨਜੀਵਨ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਵੀ ਉਨ੍ਹਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਪਾਣੀ ਦੀ ਵੱਡੀ ਕਮੀ ਮਹਿਸੂਸ ਹੋ ਰਹੀ ਸੀ। ਮੀਂਹ ਪੈਣ ਨਾਲ ਪਾਵਰਕਾਮ ਨੂੰ ਵੀ ਵੱਡੀ ਰਾਹਤ ਪ੍ਰਦਾਨ ਹੋਈ ਹੈ ਕਿਉਂਕਿ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੇ ਕੱਟ ਲਾਉਣ ‘ਚ ਵਾਧਾ ਹੋ ਗਿਆ ਸੀ ਅਤੇ ਤਕਨੀਕੀ ਖਰਾਬੀ ਹੋਣ ਕਾਰਨ ਲਗਾਤਾਰ ਬਿਜਲੀ ਸਪਲਾਈ ਬੰਦ ਹੋ ਰਹੀ ਸੀ।
ਕਈ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਝੋਨੇ ਦੇ ਕੰਮ ‘ਚ ਤੇਜ਼ੀ ਆਵੇਗੀ ਅਤੇ ਉਨ੍ਹਾਂ ਨੂੰ ਲੇਬਰ ਦੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਰਾ 43 ਡਿਗਰੀ ਤੋਂ ਉੱਪਰ ਚੱਲ ਰਿਹਾ ਸੀ ਜਿਸ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਠੰਡੀਆਂ ਚੀਜ਼ਾਂ ਦਾ ਸਹਾਰਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। ਸ਼ਾਮ ਨੂੰ ਮੀਂਹ ਪੈਣ ਤੋਂ ਬਾਅਦ ਪਾਰਾ ਇੱਕਦਮ ਹੇਠਾਂ ਆ ਗਿਆ ਅਤੇ ਅਗਲੇ ਦਿਨਾਂ ਵਿੱਚ ਵੀ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਪ੍ਰਦਾਨ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।