ਅਮਰਿੰਦਰ ਸਿੰਘ ਨੇ ਕਿਹਾ ‘ਮੈਂ ਨਹੀਂ ਕਟਵਾਈ ਚੰਡੀਗੜ੍ਹ ਤੋਂ ਟਿਕਟ, ‘ਐਬਸਲੂਟਲੀ ਨਾਨਸੈਂਸ’
ਚੰਡੀਗੜ੍ਹ, ਅਸ਼ਵਨੀ ਚਾਵਲਾ
ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਦੀ ਸ਼ਬਦੀ ਜੰਗ ਅੱਗੇ ਪੰਜਾਬ ‘ਚ ਚੋਣ ਪ੍ਰਚਾਰ ਦੀ ਗਰਮੀ ਘੱਟ ਹੁੰਦੀ ਨਜ਼ਰ ਆ ਰਹੀ ਹੈ। ਸਿੱਧੂ ਪਰਿਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲੇ ਬੋਲਦਾ ਆ ਰਿਹਾ ਹੈ ਤਾਂ ਅਮਰਿੰਦਰ ਸਿੰਘ ਵੀ ਜਵਾਬੀ ਹਮਲੇ ਵਿੱਚ ਪਿੱਛੇ ਨਹੀਂ ਹਟ ਰਹੇ ਹਨ। ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਝੂਠਾ ਕਰਾਰ ਦਿੰਦੇ ਹੋਏ ਸਾਫ਼ ਕਹਿ ਦਿੱਤਾ ਹੈ ਕਿ ‘ਟੋਟਲ ਬਕਵਾਸ’ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨਵਜੋਤ ਕੌਰ ਦੀ ਟਿਕਟ ਕਟਵਾਈ ਹੈ। ਇਸ ਗੱਲ ਵਿੱਚ ਵੀ ਕੋਈ ਸੱਚਾਈ ਨਹੀਂ ਹੈ। ਅਮਰਿੰਦਰ ਸਿੰਘ ਦੇ ਇਸ ਬਿਆਨ ‘ਤੇ ਨਵਜੋਤ ਸਿੱਧੂ ਨੇ ਪਲਟ ਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਤਨੀ ਕੋਈ ਬਕਵਾਸ ਨਹੀਂ ਕਰ ਰਹੀ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਘਰਵਾਲੀ ‘ਚ ਇੰਨਾ ਦਮ ਹੈ ਕਿ ਉਹ ਕਦੇ ਵੀ ਝੂਠ ਨਹੀਂ ਬੋਲਦੀ ਹੈ। ਨਵਜੋਤ ਸਿੱਧੂ ਨੇ ਆਪਣੀ ਘਰਵਾਲੀ ਵੱਲੋਂ ਅਮਰਿੰਦਰ ਸਿੰਘ ‘ਤੇ ਲਗਾਏ ਦੋਸ਼ਾਂ ਨੂੰ ਤਾਈਦ ਕਰਦੇ ਹੋਏ ਸੱਚ ਕਰਾਰ ਦੇ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਨਵਜੋਤ ਕੌਰ ਨੇ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ‘ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਮਿਲ ਰਹੀ ਸੀ ਤੇ ਉਹ ਆਪਣਾ ਕੰਮ ਵੀ ਚੰਡੀਗੜ੍ਹ ਵਿਖੇ ਸ਼ੁਰੂ ਕਰ ਚੁੱਕੇ ਸਨ ਪਰ ਉਨ੍ਹਾਂ ਦੀ ਟਿਕਟ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਇਹ ਕਹਿ ਕੇ ਕਟਵਾ ਦਿੱਤੀ ਕਿ ਉਨ੍ਹਾਂ ਦਾ ਚੰਡੀਗੜ੍ਹ ਵਿਖੇ ਕੁਝ ਵੀ ਨਹੀਂ ਹੈ, ਜਿਸ ਤੋਂ ਬਾਅਦ ਪਵਨ ਬਾਂਸਲ ਨੂੰ ਟਿਕਟ ਦੇ ਦਿੱਤੀ ਹੈ। ਇਸ ਲਈ ਉਹ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੂੰ ਹੀ ਜਿੰਮੇਵਾਰ ਮੰਨਦੇ ਹਨ।
ਨਵਜੋਤ ਕੌਰ ਦੇ ਇਸ ਹਮਲੇ ਤੋਂ ਬਾਅਦ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕਿਹਾ ਕਿ ਇਹ ‘ਟੋਟਲ ਬਕਵਾਸ’ ਹੈ ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ। ਉਹ ਚੰਡੀਗੜ੍ਹ ਦੇ ਮੁੱਖ ਮੰਤਰੀ ਨਹੀਂ ਹਨ ਤੇ ਚੰਡੀਗੜ੍ਹ ਇੱਕ ਵੱਖਰਾ ਰਾਜ ਹੈ, ਇਸ ਲਈ ਉਨ੍ਹਾਂ ਨੂੰ ਟਿਕਟ ਨਾ ਮਿਲਣ ਦਾ ਦੋਸ਼ੀ ਠਹਿਰਾਉਣਾ ਗਲਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਨਵਜੋਤ ਕੌਰ ਨੂੰ ਅੰਮ੍ਰਿਤਸਰ ਜਾਂ ਫਿਰ ਬਠਿੰਡਾ ਤੋਂ ਟਿਕਟ ਦਿਵਾਉਣ ਲਈ ਤਿਆਰ ਸਨ ਪਰ ਨਵਜੋਤ ਕੌਰ ਨੂੰ ਖ਼ੁਦ ਹੀ ਇਨਕਾਰ ਕਰ ਦਿੱੱਤਾ।
ਅਮਰਿੰਦਰ ਸਿੰਘ ਦੇ ਇਸ ਬਿਆਨ ‘ਤੇ ਨਵਜੋਤ ਸਿੱਧੂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੀ ਘਰਵਾਲੀ ‘ਚ ਇੰਨਾ ਦਮ ਹੈ ਤੇ ਇੰਨੀ ਨੈਤਿਕਤਾ ਹੈ ਕਿ ਉਹ ਕਦੇ ਵੀ ਝੂਠ ਨਹੀਂ ਬੋਲੇਗੀ। ਨਵਜੋਤ ਸਿੱਧੂ ਨੇ ਆਪਣੇ ਇਸ ਬਿਆਨ ਰਾਹੀਂ ਨਵਜੋਤ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਤਾਇਦ ਕਰ ਦਿੱਤੀ ਹੈ।
85 ਵਾਰ ਰੇਤ-ਬੱਜਰੀ ਦਾ ਲੈ ਕੇ ਗਿਆ ਹਾਂ ਐਕਟ, ਉਨ੍ਹਾ ਪੁੱਛੋ ਕੋਈ, ਕੀ ਬਣਿਆ
ਨਵਜੋਤ ਸਿੱਧੂ ਨੇ ਰੇਤ-ਬੱਜਰੀ ਮਾਫ਼ੀਆ ਦੇ ਸਵਾਲ ‘ਤੇ ਕਿਹਾ ਕਿ ਮੇਰੇ ਜਿੰਮੇ ਲਾਇਆ ਸੀ ਕਿਵੇਂ ਰੇਟ ਕੰਟਰੋਲ ਕੀਤੇ ਜਾਣ, ਮੈ ਲਿਖ ਕੇ ਦੇ ਦਿੱਤਾ ਸੀ ਕਿ 800 ਰੁਪਏ ਦੀ ਟਰਾਲੀ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੂੰ ਮੇਰਾ ਮਾਡਲ ਹੀ ਪਸੰਦ ਨਹੀਂ ਆਇਆ। ਮੁੱਖ ਮੰਤਰੀ ਕੋਲ ਹਰ ਤਰ੍ਹਾਂ ਦੇ ਫੈਸਲੇ ਨੂੰ ਉਲਟਾਉਣ ਦੀ ਸ਼ਕਤੀ ਹੈ, ਜਿਸ ਨੂੰ ਉਹ ਕਬੂਲ ਵੀ ਕਰਦੇ ਹਨ। ਮੈਂ 85 ਵਾਰ ਐਕਟ ਲੈ ਕੇ ਗਿਆ ਹਾਂ ਦੇਖ ਲਿਓ ਫਿਰ ਉਸ ਐਕਟ ਦਾ ਕੀ ਬਣਿਆ। ਸਿੱਧੂ ਨੇ ਕਿਹਾ ਕਿ ਮੈਂ ਤਾਂ ਸਿਰਫ਼ ਇੰਨਾ ਹੀ ਪੁੱਛਦਾ ਸੀ ਕਿ ਇਸ ਐਕਟ ਨੂੰ ਇੰਨੀ ਪਾਵਰ ਹੋਣੀ ਚਾਹੀਦੀ ਹੈ ਕਿ ਕਿਸੇ ਦਾ ਵੀ ਕੰਪਿਊਟਰ ਖੋਲ੍ਹ ਸਕਦਾ ਹੋਵੇ। ਮੈ ਸ਼ਿਕਾਇਤ ਨਹੀਂ ਕੀਤੀ ਮੈਂ ਤਾਂ ਸ਼ਿਕਸਤ ਦਿੰਦਾ ਹੁੰਦਾ ਹਾਂ, ਕੀ ਬਣਿਆ, ਜਾਓ ਉਨ੍ਹਾਂ ਨੂੰ ਪੁੱਛੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।