ਅਕਾਲੀ-ਭਾਜਪਾ ਤੇ ਕਾਂਗਰਸ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ: ਕੇਜਰੀਵਾਲ

AkaliBJP, Congress, Punjab, Kejriwal

ਆਪ ਦੇ ਕੌਮੀ ਕਨਵੀਨਰ ਨੇ ਭਗਵੰਤ ਮਾਨ ਦੇ ਹੱਕ ‘ਚ ਆਰੰਭੇ ਰੋਡ ਸ਼ੋਅ

ਮੂਣਕ, ਮੋਹਨ ਸਿੰਘ/ਦੁਰਗਾ ਸਿੰਗਲਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚੋਣ ਪ੍ਰਚਾਰ ਵਿੱਚ ਕੁੱਦਦਿਆਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਖਨੌਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਸ਼ੁਰੂ ਕੀਤਾ ਇਸ ਦੌਰਾਨ ਥਾਂ-ਥਾਂ ‘ਤੇ ਆਪ ਸਮੱਰਥਕਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਭਰਵਾਂ ਸਵਾਗਤ ਕੀਤਾ ਗਿਆ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਧਾਇਕ ਅਮਨ ਅਰੋੜਾ ਤੋਂ ਇਲਾਵਾ ਹੋਰ ਵੀ ਆਪ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਕੇ ਕਾਂਗਰਸ ਦੀ ਸਰਕਾਰ ਬਣਾਈ ਪਰੰਤੂ 2 ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਇਸੇ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਨੇ ਵੀ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਤੁਸੀਂ ਭਗਵੰਤ ਮਾਨ ਨੂੰ ਐੱਮ.ਪੀ. ਬਣਾ ਕੇ ਸੰਸਦ ਵਿੱਚ ਭੇਜਿਆ ਸੀ ਜਿੱਥੇ ਮਾਨ ਨੇ ਸੰਸਦ ਵਿੱਚ ਛੋਟੇ ਸਾਹਿਬਜਾਦਿਆਂ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦਿਆਂ ਪਿਛਲੇ ਸਾਲ 27 ਦਸੰਬਰ ਨੂੰ ਪੂਰੀ ਸੰਸਦ ਵੱਲੋਂ ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਸਾਂਸਦ ਮੌਜੂਦ ਸਨ, ਸਰਧਾਂਜ਼ਲੀ ਭੇਂਟ ਕਰਵਾਈ ਜਦਕਿ ਪੰਜਾਬ ਵੱਲੋਂ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਅਨੇਕਾਂ ਲੀਡਰ ਸੰਸਦ ਵਿੱਚ ਪਿਛਲੇ 70 ਸਾਲਾਂ ਤੋਂ ਜਾ ਚੁੱਕੇ ਹਨ, ਪਰ ਇਹੋ-ਜਿਹਾ ਨੇਕ ਕੰਮ ਕਿਸੇ ਨੇ ਨਹੀਂ ਕੀਤਾ। ਜਦਕਿ ਹੁਣ ਹਰ ਸਾਲ ਸੰਸਦ ਵੱਲੋਂ 27 ਦਸੰਬਰ ਨੂੰ ਸਰਧਾਂਜ਼ਲੀ ਭੇਂਟ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਅਨੇਕਾਂ ਵਾਅਦੇ ਕਰਕੇ ਲੋਕਾਂ ਕੋਲੋਂ ਵੋਟਾਂ ਬਟੋਰ ਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਉਹਨਾਂ ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਦਿੱਲੀ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲ ਦਿੱਤੀ ਹੈ। ਦਿੱਲੀ ਜਾ ਕੇ ਦੇਖੋ ਤਾਂ ਤੁਹਾਨੂੰ ਵਿਕਾਸ ਹੀ ਵਿਕਾਸ ਨਜ਼ਰ ਆਵੇਗਾ।

ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਉਹ ਭਗਵੰਤ ਮਾਨ ਨੂੰ ਪਹਿਲਾਂ ਨਾਲੋਂ ਦੁੱਗਣੀਆਂ ਵੋਟਾਂ ਦੇ ਕੇ ਜਿਤਾ ਕੇ ਸੰਸਦ ਵਿੱਚ ਭੇਜਣ ਜਿੱਥੇ ਪੰਜਾਬੀਆਂ, ਕਿਸਾਨਾਂ, ਮਜਦੂਰਾਂ ਅਤੇ ਨੌਜਵਾਨਾਂ ਦੇ ਹੱਕਾਂ ਪ੍ਰਤੀ ਅਵਾਜ ਬੁਲੰਦ ਕਰ ਸਕਣ। ਇਸ ਮੌਕੇ ਅਮਨ ਅਰੋੜਾ ਵਿਧਾਇਕ ਸੁਨਾਮ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ, ਕੁਲਜਿੰਦਰ ਸਿੰਘ ਢੀਂਡਸਾ, ਸ਼ਹਿਰੀ ਪ੍ਰਧਾਨ ਅਰੁਣ ਜਿੰਦਲ, ਮਨੀਸ਼ ਜੈਨ, ਜਗਸੀਰ ਮਲਾਣਾ, ਜਸਵੀਰ ਸਿੰਘ ਐਡਵੋਕੇਟ, ਮੱਘਰ ਚੋਟੀਆਂ ਆਦਿ ਮੌਜੂਦ ਸਨ।

ਲੋਕਾਂ ਦੇ ਪਰਸ ਤੇ ਮੋਬਾਇਲ ਚੋਰੀ

ਸ਼ਹਿਰ ਮੂਣਕ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਅੱਜ ਜਿੱਥੇ ਕੇਜਰੀਵਾਲ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤੇ ਲੋਕ ਵੀ ਉਹਨਾਂ ਦੇ ਵਿਚਾਰ ਸੁਣਨ ਲਈ ਬਹੁਤ ਉਤਾਵਲੇ ਸਨ, ਉੱਥੇ ਇਸ ਭੀੜ ਦੌਰਾਨ ਕਈ ਲੋਕਾਂ ਦੇ ਮੋਬਾਇਲ ਤੇ ਪਰਸ ਚੋਰੀ ਹੋ ਗਏ, ਜਿਸ ਬਾਰੇ ਕੇਜਰੀਵਾਲ ਦੇ ਜਾਣ ਤੋਂ ਬਾਅਦ ਆਪ ਦੇ ਵਲੰਟੀਅਰਾਂ ਵੱਲੋਂ ਸਟੇਜ ਤੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ ਕਿ ਕਾਫੀ ਲੋਕਾਂ ਦੇ ਪਰਸ ਜਾਂ ਮੋਬਾਇਲ ਨਿੱਕਲ ਗਏ ਹਨ, ਜੇ ਕਿਸੇ ਨੂੰ ਮਿਲੇ ਹੋਣ ਤਾਂ ਉਹ ਸਟੇਜ ‘ਤੇ ਪਹੁੰਚਾਉਣ ਦੀ ਕਿਰਪਾਲਤਾ ਕਰੇ। ਇਹ ਗੱਲ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।