10 ‘ਚੋਂ 7 ਉਮੀਦਵਾਰਾਂ ‘ਤੇ ਦਰਜ ਹਨ ਗੰਭੀਰ ਮਾਮਲੇ, ਕਾਂਗਰਸ ਪਾਰਟੀ ਦੇ 13 ਉਮੀਦਵਾਰਾਂ ‘ਚੋਂ ਸਿਰਫ਼ ਇੱਕ ਉਮੀਦਵਾਰ ‘ਤੇ ਹੀ ਐ ਦਰਜ ਮਾਮਲਾ
ਆਮ ਆਦਮੀ ਪਾਰਟੀ ਦੇ 3 ਉਮੀਦਵਾਰ ਅਪਰਾਧੀ ਤਾਂ ਭਾਜਪਾ ਪੂਰੀ ਤਰ੍ਹਾਂ ਪਾਕ-ਸਾਫ਼
ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਲੁਧਿਆਣਾ ਤੋਂ ਪੀਡੀਏ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼
ਪੰਜਾਬ ਇਲੈਕਸ਼ਨ ਵਾਚ ਨੇ ਜਾਰੀ ਕੀਤੇ ਉਮੀਦਵਾਰਾਂ ਦੇ ਅਪਰਾਧਿਕ ਅੰਕੜੇ, ਹਲਫ਼ ਬਿਆਨ ਨੂੰ ਬਣਾਇਆ ਆਧਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀ ਸਭ ਤੋਂ ਜਿਆਦਾ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਲੋਕ ਸਭਾ ਚੋਣਾਂ ‘ਚ ਕੋਈ ਸਾਫ਼ ਸੁਥਰੀ ਦਿੱਖ ਵਾਲਾ ਉਮੀਦਵਾਰ ਹੀ ਨਹੀਂ ਮਿਲਿਆ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ 10 ‘ਚੋਂ 7 ਇਹੋ ਜਿਹੇ ਉਮੀਦਵਾਰ ਹਨ, ਜਿਨ੍ਹਾਂ ਖ਼ਿਲਾਫ਼ ਗੰਭੀਰ ਧਾਰਾਵਾਂ ਨਾਲ ਅਪਰਾਧਿਕ ਮਾਮਲੇ ਦਰਜ ਹਨ। ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਹੀ ਇਹੋ ਜਿਹੀ ਪਾਰਟੀ ਦੇ ਹੈ, ਜਿਸ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਆਏ ਹਨ। ਹਾਲਾਂਕਿ ਇਨ੍ਹਾਂ ਸਾਰੇ 7 ਉਮੀਦਵਾਰਾਂ ਖ਼ਿਲਾਫ਼ ਦਰਜ ਹੋਏ ਅਪਰਾਧਿਕ ਮਾਮਲੇ ਅਜੇ ਵੱਖ-ਵੱਖ ਅਦਾਲਤਾਂ ‘ਚ ਵਿਚਾਰ ਅਧੀਨ ਹਨ ਪਰ ਇਨ੍ਹਾਂ ਸਾਰੇ ਉਮੀਦਵਾਰਾਂ ਨੇ ਆਪਣੇ ਹਲਫ਼ ਬਿਆਨ ਵਿੱਚ ਖ਼ੁਦ ਕਬੂਲਨਾਮਾ ਦਿੱਤਾ ਹੈ ਕਿ ਉਨ੍ਹਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਅਪਰਾਧਿਕ ਮਾਮਲੇ ਦਰਜ ਹਨ। ਇਸ ਨਾਲ ਸਿਮਰਜੀਤ ਸਿੰਘ ਬੈਂਸ ਪੀਡੀਏ ਵੱਲੋਂ ਇਹੋ ਜਿਹਾ ਉਮੀਦਵਾਰ ਹੈ, ਜਿਸ ਖ਼ਿਲਾਫ਼ ਸਭ ਤੋਂ ਜ਼ਿਆਦਾ ਮਾਮਲੇ ਦਰਜ ਹਨ। ਇਨ੍ਹਾਂ ਹਲਫ਼ ਬਿਆਨਾਂ ਦੇ ਅੰਕੜਿਆਂ ਨੂੰ ਚੋਣਾਂ ‘ਤੇ ਡੂੰਘੀ ਨਜ਼ਰ ਰੱਖਣ ਵਾਲੀ ਸੰਸਥਾ ਪੰਜਾਬ ਇਲੈਕਸ਼ਨ ਵਾਚ ਤੇ ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਨੇ ਜਾਰੀ ਕੀਤੇ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਸਾਰੇ ਉਮੀਦਵਾਰਾਂ ਦੇ ਹਲਫ਼ੀਆ ਬਿਆਨਾਂ ਅਨੁਸਾਰ ਪੰਜਾਬ ‘ਚ ਲੋਕ ਸਭਾ ਦੀਆਂ 13 ਸੀਟਾਂ ‘ਤੇ 277 ਉਮੀਦਵਾਰਾਂ ‘ਚੋਂ 39 ਉਮੀਦਵਾਰ ਇਹੋ ਜਿਹੇ ਹਨ, ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋਏ ਹਨ ਤੇ ਵੱਖ-ਵੱਖ ਅਦਾਲਤਾਂ ਅਧੀਨ ਉਨ੍ਹਾਂ ਦੇ ਮਾਮਲੇ ਵੀ ਵਿਚਾਰ ਹਨ। ਇਨ੍ਹਾਂ 39 ਉਮੀਦਵਾਰਾਂ ‘ਚੋਂ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ‘ਤੇ ਦਰਜ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ 10 ਉਮੀਦਵਾਰਾਂ ‘ਚੋਂ 7 ‘ਤੇ ਅਪਰਾਧਿਕ ਮਾਮਲੇ ਦਰਜ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਗਠਜੋੜ ਪਾਰਟੀ ਭਾਜਪਾ ਦੇ 3 ਉਮੀਦਵਾਰਾਂ ‘ਚੋਂ ਇੱਕ ਵੀ ਉਮੀਦਵਾਰ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਇਸ ਮਾਮਲੇ ‘ਚ ਭਾਜਪਾ ਦੇ ਸਾਰੇ ਉਮੀਦਵਾਰ ਪਾਕ-ਸਾਫ਼ ਦਿਖਾਈ ਦੇ ਰਹੇ ਹਨ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ‘ਚ ਖੜ੍ਹੇ ਕੀਤੇ ਗਏ 13 ਉਮੀਦਵਾਰਾਂ ‘ਚੋਂ 1 ਉਮੀਦਵਾਰ ਖ਼ਿਲਾਫ਼ ਹੀ ਮਾਮਲਾ ਦਰਜ ਹੈ, ਜਦੋਂ ਕਿ ਆਮ ਆਦਮੀ ਪਾਰਟੀ 13 ਉਮੀਦਵਾਰਾਂ ‘ਚੋਂ 3 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੈ। ਇਸੇ ਤਰ੍ਹਾਂ 123 ਆਜ਼ਾਦ ਉਮੀਦਵਾਰਾਂ ਵਿੱਚ ਵੀ 12 ਇਹੋ ਜਿਹੇ ਉਮੀਦਵਾਰ ਹਨ, ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ 3 ਉਮੀਦਵਾਰਾਂ ‘ਚੋਂ ਇੱਕ ਉਮੀਦਵਾਰ ਇਹੋ ਜਿਹਾ ਹੈ, ਜਿਸ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੈ, ਇਹ ਮਾਮਲਾ ਖ਼ੁਦ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਖ਼ਿਲਾਫ਼ ਦਰਜ ਹੈ।
ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਅਪਰਾਧੀ!
ਪਾਰਟੀ ਉਮੀਦਵਾਰ ਮਾਮਲੇ
- ਲੋਕ ਇਨਸਾਫ਼ ਪਾਰਟੀ ਸਿਮਰਜੀਤ ਸਿੰਘ ਬੈਂਸ 8
- ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ 4
- ਸ਼੍ਰੋਮਣੀ ਅਕਾਲੀ ਦਲ ਜਗੀਰ ਕੌਰ 1
- ਸ਼੍ਰੋਮਣੀ ਅਕਾਲੀ ਦਲ ਦਰਬਾਰਾ ਸਿੰਘ ਗੁਰੂ 1
- ਸ਼੍ਰੋਮਣੀ ਅਕਾਲੀ ਦਲ ਸੁਰਜੀਤ ਸਿੰਘ ਰੱਖੜਾ 1
- ਸ਼੍ਰੋਮਣੀ ਅਕਾਲੀ ਦਲ ਪ੍ਰੇਮ ਸਿੰਘ ਚੰਦੂਮਾਜਰਾ 1
- ਸ਼੍ਰੋਮਣੀ ਅਕਾਲੀ ਦਲ ਪਰਮਿੰਦਰ ਸਿੰਘ ਢੀਂਡਸਾ 1
- ਸ਼੍ਰੋਮਣੀ ਅਕਾਲੀ ਦਲ ਗੁਲਰਾਜ ਸਿੰਘ ਰਣੀਕੇ 1
- ਆਮ ਆਦਮੀ ਪਾਰਟੀ ਮਨਜਿੰਦਰ ਸਿੰਘ 2
- ਆਮ ਆਦਮੀ ਪਾਰਟੀ ਰਵਜੋਤ ਸਿੰਘ 1
- ਆਮ ਆਦਮੀ ਪਾਰਟੀ ਨਰਿੰਦਰ ਸ਼ੇਰਗਿੱਲ 1
- ਪੰਜਾਬ ਏਕਤਾ ਪਾਰਟੀ ਸੁਖਪਾਲ ਖਹਿਰਾ 1
- ਕਾਂਗਰਸ ਰਵਨੀਤ ਸਿੰਘ ਬਿੱਟੂ 3
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।