ਕੈਦੀਆਂ ਨੂੰ ਗੈਂਗਸਟਰਾਂ ਤੋਂ ਕੁਟਵਾਉਣ ਤੇ ਪੈਸੇ ਵਸੂਲਣ ਦਾ ਦੋਸ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪੰਜਾਬ ਸਰਕਾਰ ਵੱਲੋਂ ਵਿਵਾਦਿਤ ਸਾਬਕਾ ਜੇਲ੍ਹ ਸੁਪਰਡੈਂਟ ਰਾਜਨ ਕਪੂਰ, ਸਹਾਇਕ ਸੁਪਰਡੈਟ ਸੁਖਵਿੰਦਰ ਸਿੰਘ, ਸਹਾਇਕ ਸੁਪਰਡੈਂਟ ਵਿਕਾਸ ਸ਼ਰਮਾ ਅਤੇ ਹੌਲਦਾਰ ਪ੍ਰਾਗਨ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਉੱਪਰ ਜੇਲ੍ਹ ‘ਚ ਬੰਦ ਕੈਂਦੀਆਂ ਤੋਂ ਡਰਾ-ਧਮਕਾ ਕੇ ਲੱਖਾਂ ਰੁਪਏ ਬਟੋਰਨ ਦੇ ਦੋਸ਼ ਲੱਗੇ ਹੋਏ ਸਨ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਅੱਜ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ।
ਇਕੱਤਰ ਜਾਣਕਾਰੀ ਅਨੁਸਾਰ ਮੁਜੱਫਰ ਜਿਣਸੀ ਸਕੈਂਡਲ ‘ਚ ਮੁਲਜ਼ਮ ਬ੍ਰਿਜੇਸ਼ ਠਾਕੁਰ, ਜਿਸ ਨੂੰ ਕਿ ਪਟਿਆਲਾ ਜੇਲ੍ਹ ਵਿੱਚ ਭੇਜਿਆ ਗਿਆ ਸੀ। ਇਸ ਸਮੇਂ ਜੇਲ੍ਹ ਸੁਪਰਡੈਂਟ ਵਜੋਂ ਰਾਜਨ ਕੂਪਰ ਤਾਇਨਾਤ ਸਨ। ਇਸ ਦੌਰਾਨ ਬ੍ਰਿਜੇਸ਼ ਠਾਕੁਰ ਵੱਲੋਂ ਦੋਸ਼ ਲਾਏ ਗਏ ਸਨ ਕਿ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਵੱਲੋਂ ਉਸ ਨੂੰ ਜੇਲ੍ਹ ‘ਚ ਹੀ ਬੰਦ ਗੈਂਗਸਟਰਾਂ ਪਾਸੋਂ ਕੁੱਟਮਾਰ ਕਰਵਾ ਕੇ ਉਸ ਤੋਂ 15 ਲੱਖ ਰੁਪਏ ਵਸੂਲੇ ਗਏ ਹਨ। ਇਸ ਤੋਂ ਇਲਾਵਾ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਬ੍ਰਿਜੇਸ਼ ਠਾਕੁਰ ਦੇ ਪਰਿਵਾਰ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਜੇਲ੍ਹ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸਨ। ਇਸ ਤੋਂ ਬਾਅਦ ਰਾਜਨ ਕਪੂਰ ਨੂੰ ਇੱਥੋਂ ਬਦਲ ਕੇ ਜੇਲ੍ਹ ਟ੍ਰੇਨਿੰਗ ਸਕੂਲ ਦਾ ਪਿੰ੍ਰਸੀਪਲ ਤਾਇਨਾਤ ਕਰ ਦਿੱਤਾ ਸੀ। ਹੁਣ ਮੌਜੂਦਾ ਸਮੇਂ ਉਹ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਅਹੁਦੇ ਤੇ ਸਨ। ਇਸ ਦੌਰਾਨ ਹੀ ਜੇਲ੍ਹ ਮੰਤਰੀ ਵੱਲੋਂ ਇਸ ਦੀ ਜਾਂਚ ਆਈਜੀ ਜੇਲ੍ਹਾਂ ਕੁੰਵਰ ਵਿਜੈ ਪ੍ਰਤਾਪ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਕਈ ਵਾਰ ਜੇਲ੍ਹ ਅੰਦਰ ਜਾਂਚ ਕੀਤੀ ਗਈ ਅਤੇ ਸਬੂਤ ਜੁਟਾਏ ਗਏ। ਇਸੇ ਦੌਰਾਨ ਹੀ ਇੱਕ ਹੋਰ ਜੇਲ੍ਹ ਦੇ ਹੀ ਬੰਦੀ ਵੱਲੋਂ ਜੋ ਕਿਸੇ ਮਾਮਲੇ ਵਿੱਚ ਅੰਦਰ ਸੀ, ਉਸ ਵੱਲੋਂ ਵੀ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਉੱਪਰ ਵੱਖ ਵੱਖ ਸਮੇਂ ਤੇ ਆਪਣੇ ਆਦਮੀਆਂ ਰਾਹੀਂ 11 ਲੱਖ ਰੁਪਏ ਲੈਣ ਦੇ ਦੋਸ਼ ਲਗਾਏ ਗਏ ਸਨ। ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਸ ਵੱਲੋਂ ਇੱਕ ਚੈਨਲ ਉੱਪਰ ਵੀ ਇਹ ਖੁਲਾਸਾ ਕੀਤਾ ਗਿਆ ਸੀ ਕਿ ਜੇਲ੍ਹ ਸੁਪਰਡੈਂਟ ਵੱਲੋਂ ਕਿਸ ਤਰ੍ਹਾਂ ਜੇਲ੍ਹ ਵਿੱਚ ਆਪਣੇ ਗੈਂਗ ਰਾਹੀਂ ਕੈਦੀਆਂ ਨਾਲ ਗਲਤ ਕੰਮ ਕਰਕੇ ਅਤੇ ਕੁੱਟਮਾਰ ਕਰਵਾ ਕੇ ਪੈਸੇ ਵਸੂਲੇ ਜਾ ਰਹੇ ਹਨ। ਇਨ੍ਹਾਂ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲਣ ਸਮੇਤ ਜਾਂਚ ਪੜ੍ਹਤਾਲ ਦੌਰਾਨ ਸਾਰਾ ਮਾਮਲਾ ਸਹੀ ਪਾਏ ਜਾਣ ‘ਤੇ ਅੱਜ ਪ੍ਰਿੰਸੀਪਲ ਸੈਕਟਰੀ ਜੇਲ੍ਹ ਪ੍ਰਸ਼ਾਸਨ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਸਾਬਕਾ ਸੁਪਰਡੈਂਟ ਪਟਿਆਲਾ ਜੇਲ੍ਹ ਰਾਜਨ ਕਪੂਰ, ਸਹਾਇਕ ਸੁਪਰਡੈਟ ਸੁਖਵਿੰਦਰ ਸਿੰਘ, ਸਹਾਇਕ ਸੁਪਰਡੈਂਟ ਵਿਕਾਸ ਸ਼ਰਮਾ ਅਤੇ ਹੌਲਦਾਰ ਪ੍ਰਾਗਨ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਡਿਸਮਿਸ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਖਿਲਾਫ਼ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੁਹਾਲੀ ਵਿਖੇ ਮਾਮਲਾ ਦਰਜ਼ ਕਰਨ ਦੇ ਵੀ ਹੁਕਮ ਸੁਣਾਏ ਹਨ। ਇਹ ਕੇਸ ਆਰਗਨਾਈਜੇਸ਼ਨ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਦੇਖਿਆ ਜਾਵੇਗਾ। ਦੱੱਸਣਯੋਗ ਹੈ ਕਿ ਪਟਿਆਲਾ ਜੇਲ੍ਹ ਹਮੇਸਾ ਹੀ ਸੁਰਖੀਆਂ ਵਿੱਚ ਰਹੀ ਹੈ ਅਤੇ ਇਸ ਵਾਰ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਰਨਾਂ ਜੇਲ੍ਹ ਅਧਿਕਾਰੀਆਂ ਨੂੰ ਵੀ ਕੰਨ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।