ਪਟਿਆਲਾ, ਖੁਸ਼ਵੀਰ ਸਿੰਘ ਤੂਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨਾਲ ਰੁੱਸ ਕੇ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋਏ ਆਗੂਆਂ ਨੂੰ ਮੁੜ ਅਕਾਲੀ ਦਲ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। 20 ਅਪਰੈਲ ਨੂੰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਟੌਹੜਾ ਪਰਿਵਾਰ ਸਮੇਤ ਕਾਂਗਰਸੀ ਪਿਛੋਕੜ ਵਾਲੇ ਨੌਜਵਾਨ ਆਗੂ ਸ਼ਰਨਜੀਤ ਸਿੰਘ ਜੋਗੀਪੁਰ ਅਕਾਲੀ ਦਲ ‘ਚ ਸ਼ਾਮਲ ਹੋਣਗੇ। ਟੌਹੜਾ ਪਰਿਵਾਰ ਸਮੇਤ ਜੋਗੀਪੁਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਜਿਸ ਕਾਰਨ ਅਕਾਲੀ ਦਲ ‘ਚ ਸ਼ਾਮਲ ਹੋਣ ਕਾਰਨ ਆਮ ਆਦਮੀ ਪਾਰਟੀ ਨੂੰ ਝਟਕਾ ਲੱਗੇਗਾ।
ਇਕੱਤਰ ਹੋਈ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਕੱਲ੍ਹ ਪਟਿਆਲਾ ਪੁੱਜ ਰਹੇ ਹਨ ਅਤੇ ਉਹ ਹਰਮੇਲ ਸਿੰਘ ਟੌਹੜਾ ਪਰਿਵਾਰ ਨੂੰ ਉਨ੍ਹਾਂ ਦੇ ਘਰ ਪੁੱਜ ਕੇ ਹੀ ਅਕਾਲੀ ਦਲ ‘ਚ ਸ਼ਾਮਲ ਕਰਵਾਉਣਗੇ। ਟੌਹੜਾ ਪਰਿਵਾਰ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਤੇ ਹਰਮੇਲ ਸਿੰਘ ਟੌਹੜਾ ਦੀ ਪਤਨੀ ਕੁਲਦੀਪ ਕੌਰ ਟੌਹੜਾ ਜੋ ਕਿ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ ਅਤੇ ਹਲਕਾ ਸਨੌਰ ਤੋਂ ਉਨ੍ਹਾਂ ਨੇ ਆਪ ਵੱਲੋਂ ਚੋਣ ਵੀ ਲੜੀ ਸੀ। ਹਰਮੇਲ ਟੌਹੜਾ ਦੇ ਪੁੱਤਰ ਹਰਿੰਦਪਾਲ ਸਿੰਘ ਟੌਹੜਾ ਪਿਛਲੇ ਸਮੇਂ ਤੋਂ ਅਕਾਲੀ ਲੀਡਰਸ਼ਿਪ ਨਾਲ ਮੁੜ ਸਾਂਝ ਪਾਉਣ ਲਈ ਮੀਟਿੰਗਾਂ ਕਰ ਰਹੇ ਸਨ। ਸੁਖਬੀਰ ਸਿੰਘ ਬਾਦਲ ਦੁਪਹਿਰ ਮੌਕੇ ਟੌਹੜਾ ਪਰਿਵਾਰ ਦੇ ਘਰ ਪੁੱਜਣਗੇ ਤੇ ਜਿੱਥੇ ਕਿ ਟੌਹੜਾ ਪਰਿਵਾਰ ਮੁੜ ਅਕਾਲੀ ਦਲ ‘ਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਇੱਕ ਹੋਰ ਕਾਂਗਰਸੀ ਪਿਛੋਕੜ ਵਾਲਾ ਨੌਜਵਾਨ ਆਗੂ ਸ਼ਰਨਜੀਤ ਸਿੰਘ ਜੋਗੀਪੁਰ ਅਕਾਲੀ ‘ਚ ਸ਼ਾਮਲ ਹੋਵੇਗਾ। ਜੋਗੀਪੁਰ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਘਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਇਹ ਆਗੂ ਦੋ ਵਾਰ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ, ਕਾਂਗਰਸ ਦੇ ਸੂਬਾ ਸਕੱਤਰ ਤੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਰਹਿਣ ਸਮੇਤ ਉਹ ਆਪਣੇ ਸਨੌਰ ਨੇੜਲੇ ਪਿੰਡ ਜੋਗੀਪੁਰ ਦੇ ਸਰਪੰਚ ਵੀ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਦੇ ਨਜ਼ਦੀਕੀ ਰਹੇ ਜੋਗੀਪੁਰ ਹਲਕਾ ਘਨੌਰ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵੀ ਸਨ ਪਰ 2017 ਦੀਆਂ ਚੋਣ ਦੌਰਾਨ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਹੁਣ ਕਾਫ਼ੀ ਦੇਰ ਤੋਂ ਚੁੱਪ ਬੈਠਾ ਇਹ ਨੌਜਵਾਨ ਆਗੂ 20 ਅਪਰੈਲ ਨੂੰ ਅਕਾਲੀ ਦਲ ‘ਚ ਸ਼ਾਮਲ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।