ਪੰਜਾਬ ਕਾਂਗਰਸ ਨਹੀਂ ਚਾਹੁੰਦੀ ਐ ਪੰਜਾਬ ‘ਚ ਕੋਈ ਵੀ ਵਿਵਾਦ, ਸਿੱਧੂ ਤੋਂ ਜ਼ਿਆਦਾ ਨਹੀਂ ਕਰਵਾਏਗੀ ਪ੍ਰਚਾਰ
ਪੰਜਾਬ ਦੀ ਥਾਂ ‘ਤੇ ਹਿਮਾਚਲ ‘ਚ ਜ਼ਿਆਦਾ ਰਹੇਗੀ ਸਿੱਧੂ ਦੀ ਡਿਊਟੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਲੋਕ ਸਭਾ ਚੋਣਾਂ ਦੌਰਾਨ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ ਨਵਜੋਤ ਸਿੱਧੂ ਨੂੰ ਚੋਣ ਪ੍ਰਚਾਰ ਤੋਂ ਥੋੜ੍ਹਾ ਜਿਹਾ ਦੂਰ ਰੱਖਿਆ ਜਾਏਗਾ। ਹਾਲਾਂਕਿ ਕੁਝ ਥਾਂਵਾਂ ‘ਤੇ ਨਵਜੋਤ ਸਿੱਧੂ ਪ੍ਰਚਾਰ ਤਾਂ ਕਰਨਗੇ ਪਰ ਜ਼ਿਆਦਾ ਸੀਟਾਂ ‘ਤੇ ਉਨ੍ਹਾਂ ਦੇ ਪ੍ਰਚਾਰ ਨੂੰ ਸੀਮਤ ਦਾਇਰੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਪੰਜਾਬ ਕਾਂਗਰਸ ਵੱਲੋਂ ਕੀਤੀ ਜਾਏਗੀ।
ਪੰਜਾਬ ਕਾਂਗਰਸ ਚੋਣਾਂ ਦੇ ਆਖ਼ਰੀ ਦਿਨਾਂ ਵਿੱਚ ਹਰ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕਰਨ ਦੇ ਨਾਲ ਹੀ ਵੱਡੀਆਂ ਰੈਲੀਆਂ ਦਾ ਪ੍ਰੋਗਰਾਮ ਵੀ ਤੈਅ ਕਰ ਰਹੀ ਹੈ, ਜਿਸ ਵਿੱਚ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਰੈਲੀ ਪੰਜਾਬ ‘ਚ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਹੀ ਨਵਜੋਤ ਸਿੱਧੂ ਦੇ ਪ੍ਰਚਾਰ ਨੂੰ ਸੀਮਤ ਰੱਖਣ ਦੀ ਜਾਣਕਾਰੀ ਵੀ ਮਿਲ ਰਹੀ ਹੈ ਹਾਲਾਂਕਿ ਇਸ ਸਬੰਧੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ ਪਰ ਪੰਜਾਬ ਕਾਂਗਰਸ ਦੇ ਸੂਤਰ ਸਾਫ਼ ਕਹਿ ਰਹੇ ਹਨ ਕਿ ਨਵਜੋਤ ਸਿੱਧੂ ਦੇ ਬਿਆਨ ਕਈ ਵਾਰ ਕਾਫ਼ੀ ਜ਼ਿਆਦਾ ਵਿਵਾਦ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਹੁਣ ਹੀ ਬਿਹਾਰ ‘ਚ ਵਿਵਾਦ ਹੋਇਆ ਸੀ ਤੇ ਉਨ੍ਹਾਂ ਖਿਲਾਫ਼ ਐਫਆਈਆਰ ਤੱਕ ਦਰਜ ਕੀਤੀ ਗਈ। ਇਸ ਨਾਲ ਨਵਜੋਤ ਸਿੱੱਧੂ ਨੇ ਪਾਕਿਸਤਾਨ ਦੇ ਮਾਮਲੇ ‘ਚ ਵੀ ਵਿਵਾਦਾਂ ਦਾ ਸਾਹਮਣਾ ਕੀਤਾ ਹੋਇਆ ਹੈ। ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ‘ਚ ਨਵਜੋਤ ਸਿੱਧੂ ਨੂੰ ਪ੍ਰਚਾਰ ਕਰਨ ਲਈ ਨਾ ਭੇਜਿਆ ਜਾਵੇ ਜਾਂ ਫਿਰ ਘੱਟ ਭੇਜਿਆ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦਾ ਸਾਰਾ ਪ੍ਰੋਗਰਾਮ ਪਾਰਟੀ ਖ਼ੁਦ ਹੀ ਤੈਅ ਕਰਕੇ ਉਨ੍ਹਾਂ ਨੂੰ ਭੇਜੇਗੀ, ਜਦੋਂ ਕਿ ਉਨ੍ਹਾਂ ਨੂੰ ਖ਼ੁਦ ਆਪਣੇ ਪੱਧਰ ‘ਤੇ ਪ੍ਰਚਾਰ ਕਰਨ ਦੀ ਜਿਆਦਾ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਸ ਸਬੰਧੀ ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਅਜੇ ਪੰਜਾਬ ਵਿੱਚ ਚੋਣਾਂ ਨੂੰ ਕਾਫ਼ੀ ਸਮਾਂ ਪਿਆ ਹੈ ਤੇ ਆਖ਼ਰੀ ਸਮੇਂ ਹੀ ਤੈਅ ਕੀਤਾ ਜਾਏਗਾ ਕਿ ਪੰਜਾਬ ਵਿੱਚ ਕਿਹੜੇ ਕਿਹੜੇ ਵੱਡੇ ਲੀਡਰ ਪ੍ਰਚਾਰ ਲਈ ਆਉਣਗੇ। ਉਨ੍ਹਾਂ ਕਿਹਾ ਕਿ ਵੱਡੇ ਲੀਡਰਾਂ ਦੇ ਨਾਲ ਹੀ ਪੰਜਾਬ ‘ਚ ਅਮਰਿੰਦਰ ਸਿੰਘ ਦਾ ਹੀ ਕਾਫ਼ੀ ਜਿਆਦਾ ਕ੍ਰੇਜ ਹੈ, ਇਸ ਲਈ ਜ਼ਿਆਦਾਤਰ ਪ੍ਰਚਾਰ ਦਾ ਜਿੰਮਾ ਅਮਰਿੰਦਰ ਸਿੰਘ ਦੇ ਸਿਰ ‘ਤੇ ਹੀ ਹੋਏਗਾ। ਇਸ ਲਈ ਹਰ ਉਮੀਦਵਾਰ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਉਣ ਲਈ ਵੀ ਅਮਰਿੰਦਰ ਸਿੰਘ ਖ਼ੁਦ ਜਾ ਰਹੇ ਹਨ।
ਉਨ੍ਹਾਂ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਕੌਮੀ ਸਟਾਰ ਪ੍ਰਚਾਰਕ ਹਨ ਤੇ ਉਨ੍ਹਾਂ ਦਾ ਪ੍ਰੋਗਰਾਮ ਕੌਮੀ ਪੱਧਰ ‘ਤੇ ਤੈਅ ਹੁੰਦਾ ਹੈ, ਇਸ ਲਈ ਉਹ ਨਵਜੋਤ ਸਿੱਧੂ ਬਾਰੇ ਜਿਆਦਾ ਕੁਝ ਵੀ ਨਹੀਂ ਕਹਿ ਸਕਦੇ ਹਨ ਤੇ ਪ੍ਰੋਗਰਾਮ ਬੰਨ੍ਹਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।