ਭਾਜਪਾ ਤੋਂ ਫਿਲਮੀ ਸਿਤਾਰਿਆਂ ਨੇ ਪਾਸਾ ਵੱਟਿਆ | Amritsar News
ਅੰਮ੍ਰਿਤਸਰ, (ਰਾਜਨ ਮਾਨ)। ਮਾਝੇ ਦੀਆਂ ਦੋ ਲੋਕ ਸਭਾ ਸੀਟਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਤੇ ਹੋਰ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰ ਮੈਦਾਨ ‘ਚ ਉਤਾਰ ਦਿੱਤੇ ਗਏ ਹਨ ਦੂਸਰੇ ਉਮੀਦਵਾਰ ਲੋਕਾਂ ਦੇ ਦਰਾਂ ‘ਤੇ ਪਹੁੰਚ ਗਏ ਹਨ ਤੇ ਭਾਰਤੀ ਜਨਤਾ ਪਾਰਟੀ ਅਜੇ ਉਮੀਦਵਾਰ ਨਾ ਮਿਲਣ ਕਾਰਨ ਫਿਲਮੀ ਸਿਤਾਰਿਆਂ ਦੇ ਦਰਾਂ ‘ਤੇ ਦਸਤਕ ਦੇ ਰਹੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਸ ਸਾਲ ਪੰਜਾਬ ਤੇ ਪੰਜ ਸਾਲ ਕੇਂਦਰ ‘ਚ ਸੱਤਾ ‘ਤੇ ਕਾਬਜ਼ ਰਹਿਣਦੇ ਬਾਵਜ਼ੂਦ ਭਾਜਪਾ ਮਾਝੇ ‘ਚ ਆਪਣਾ ਕੋਈ ਕੱਦਵਾਰ ਲੀਡਰ ਹੀ ਨਹੀਂ ਪੈਦਾ ਕਰ ਸਕੀ ਕਾਂਗਰਸ ਪਾਰਟੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੇ ਖਹਿਰਾ ਫਰੰਟ ਵੱਲੋਂ ਆਪੋ-ਆਪਣੇ ਉਮੀਦਵਾਰ ਐਲਾਨ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਭਾਜਪਾ ਪੱਛੜ ਕੇ ਰਹਿ ਗਈ ਹੈ।
ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ
ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਮੌਜ਼ੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਮੈਦਾਨ ‘ਚ ਉਤਾਰਿਆ ਹੈ ਭਾਜਪਾ ਵੱਲੋਂ ਇਨ੍ਹਾਂ ਦੋਵਾਂ ਹਲਕਿਆਂ ਤੋਂ ਫਿਲਮੀ ਸਿਤਾਰਿਆਂ ਨੂੰ ਮੈਦਾਨ ਵਿੱਚ ਉਤਾਰਨ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਗੱਲ ਸਿਰੇ ਨਹੀਂ ਲੱਗੀ ਭਾਜਪਾ ਦੀ ਟਿਕਟ ਪ੍ਰਾਪਤੀ ਲਈ ਉਂਝ ਸਥਾਨਕ ਕਈ ਆਗੂਆਂ ਵੱਲੋਂ ਹੱਥ-ਪੈਰ ਮਾਰੇ ਜਾ ਰਹੇ ਹਨ ਪਰ ਭਾਜਪਾ ਨੂੰ ਕੋਈ ਸਮਰੱਥ ਲੀਡਰ ਲੱਭਣ ‘ਚ ਦਿੱਕਤ ਆ ਰਹੀ ਹੈ ਇਸੇ ਕਰਕੇ ਭਾਜਪਾ ਕਿਸੇ ਫਿਲਮੀ ਸਿਤਾਰੇ ਜਾਂ ਹੋਰ ਸ਼ਖਸੀਅਤ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ ਭਾਜਪਾ ਵੱਲੋਂ ਪਹਿਲਾਂ ਅਕਸ਼ੈ ਕੁਮਾਰ, ਸੰਨੀ ਦਿਓਲ ਤੇ ਅਕਸ਼ੇ ਖੰਨਾ ਸਮੇਤ ਕੁਝ ਹੋਰ ਫਿਲਮੀ ਸਿਤਾਰਿਆਂ ਦਾ ਬੂਹਾ ਖੜਕਾਇਆ ਗਿਆ।
ਇਹ ਵੀ ਪੜ੍ਹੋ : ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?
ਪਰ ਉਧਰੋਂ ਅਜੇ ਤੱਕ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਪਾਰਟੀ ਹੋਰ ਪਾਸੇ ਵੀ ਹੱਥ-ਪੈਰ ਮਾਰ ਰਹੀ ਹੈ ਅੰਮ੍ਰਿਤਸਰ ਤੋਂ ਇਸ ਸਮੇਂ ਭਾਜਪਾ ਵੱਲੋਂ ਆਪ ‘ਚੋਂ ਆਏ ਫਤਹਿਗੜ੍ਹ ਸਾਹਿਬ ਤੋਂ ਸਾਂਸਦ ਹਰਿੰਦਰ ਸਿੰਘ ਖਾਲਸਾ ਜਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮੈਦਾਨ ‘ਚ ਉਤਾਰਨ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਹਰਦੀਪ ਪੁਰੀ ਪਹਿਲਾਂ ਇੱਕ ਵਾਰ ਨਾਂਹ ਕਰ ਚੁੱਕੇ ਹਨ ਉੱਧਰ ਟਿਕਟ ਪ੍ਰਾਪਤੀ ਲਈ ਭਾਜਪਾ ਦੇ ਸਥਾਨਕ ਆਗੂ ਤੇ ਸਾਬਕਾ ਮੰਤਰੀ ਪੰਜਾਬ ਅਨਿਲ ਜੋਸ਼ੀ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਭਾਜਪਾ ਦੇ ਇੱਕ ਹੋਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਵੀ ਹੱਥ-ਪੈਰ ਮਾਰੇ ਜਾ ਰਹੇ ਹਨ।
ਛੀਨਾ ਪਿਛਲੀ ਵਾਰ ਇਸ ਹਲਕੇ ਤੋਂ ਬੁਰੀ ਤਰ੍ਹਾਂ 2 ਲੱਖ ਦੇ ਫਰਕ ਨਾਲ ਹਾਰੇ ਸਨ ਛੀਨਾ ਦੇ ਮੁਕਾਬਲੇ ਅਨਿਲ ਜੋਸ਼ੀ ਦਾ ਲੋਕ ਆਧਾਰ ਕਿਤੇ ਜ਼ਿਆਦਾ ਹੈ ਤੇ ਉਹ ਕਾਂਗਰਸੀ ਉਮੀਦਵਾਰ ਨੂੰ ਕੁਝ ਟੱਕਰ ਦੇ ਸਕਦੇ ਹਨ ਭਾਜਪਾ ਹਾਈ ਕਮਾਂਡ ਵੱਲੋਂ ਸਥਾਨਕ ਆਗੂ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਵੀ ਮੈਦਾਨ ‘ਚ ਉਤਾਰਨ ਬਾਰੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਉਧਰ ਗੁਰਦਾਰਪੁਰ ਹਲਕੇ ਤੋਂ ਵੀ ਭਾਜਪਾ ਦੀ ਹਾਲਤ ਪਤਲੀ ਨਜ਼ਰ ਆ ਰਹੀ ਹੈ ਇਸ ਹਲਕੇ ਤੋਂ ਵੀ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਭਾਜਪਾ ਵੱਲੋਂ ਇੱਥੋਂ ਅਕਸ਼ੇ ਖੰਨਾ ਨੂੰ ਮੈਦਾਨ ‘ਚ ਉਤਾਰਨ ਲਈ ਕੋਸ਼ਿਸ਼ ਕੀਤੀ ਗਈ ਤੇ ਉਸ ਵੱਲੋਂ ਨਾਂਹ ਕਰ ਦਿੱਤੀ ਗਈ। (Amritsar News)
ਇੱਥੋਂ ਵਿਨੋਦ ਖੰਨਾ ਦੀ ਪਤਨੀ ਸ੍ਰੀਮਤੀ ਕਵਿਤਾ ਖੰਨਾ ਨੂੰ ਮੈਦਾਨ ‘ਚ ਉਤਾਰਨ ਲਈ ਵੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਉਧਰ ਇੱਥੋਂ ਪਿਛਲੀ ਵਾਰ ਚੋਣ ਹਾਰੇ ਸਵਰਨ ਸਲਾਰੀਆ ਵੱਲੋਂ ਮੁੜ ਟਿਕਟ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਕੁਲ ਮਿਲਾ ਕੇ ਭਾਜਪਾ ਨੂੰ ਮਾਝੇ ਦੀਆਂ ਦੋਵਾਂ ਸੀਟਾਂ ਲਈ ਅਜੇ ਤੱਕ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਹੈਰਾਨੀ ਵਾਲੀ ਗੱਲ ਹੈ ਕਿ 2019 ਦਾ ਮੋਰਚਾ ਫਤਿਹ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਕੋਈ ਉਮੀਦਵਾਰ ਹੀ ਨਹੀਂ ਮਿਲ ਰਿਹਾ। (Amritsar News)