ਨਾ ਹੀ ਮੁੱਖ ਮੰਤਰੀ ਤੇ ਨਾ ਹੀ ਕੈਬਨਿਟ ਮੰਤਰੀਆਂ ਦੀ ਤਨਖਾਹ ‘ਚੋਂ ਅਜੇ ਹੋਈ ਕਟੌਤੀ
ਵਿਧਾਨ ਸਭਾ ਵੱਲੋਂ ਕੀਤੀ ਜਾਣੀ ਐ ਵਿਧਾਇਕਾਂ ਦੀ ਤਨਖ਼ਾਹ ‘ਚੋਂ ਕਟੌਤੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੁਲਵਾਮਾ ਦੇ ਸ਼ਹੀਦਾਂ ਨੂੰ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਇਸ ਵਾਅਦੇ ਨੂੰ ਹੀ ਭੁੱਲ ਗਏ ਹਨ। ਇਸ ਐਲਾਨ ਕੀਤੇ ਨੂੰ 2 ਮਹੀਨੇ ਹੋਣ ਜਾ ਰਹੇ ਹਨ ਪਰ ਪੁਲਵਾਮਾ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਇਹ ਆਰਥਿਕ ਸਹਾਇਤਾ ਨਾ ਤਾਂ ਜਾਰੀ ਹੋਈ ਹੈ ਤੇ ਨਾ ਹੀ ਕਿਸੇ ਮੰਤਰੀ ਜਾਂ ਫਿਰ ਵਿਧਾਇਕ ਨੇ ਆਪਣੀ ਤਨਖ਼ਾਹ ‘ਚੋਂ ਕਟੌਤੀ ਕਰਵਾਈ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਫਰਵਰੀ ਮਹੀਨੇ ਦੀ 18 ਤਾਰੀਖ਼ ਨੂੰ ਵਿਧਾਨ ਸਭਾ ਦੇ ਅੰਦਰ ਇਹ ਐਲਾਨ ਕੀਤਾ ਸੀ, ਜਿਸ ਨੂੰ ਕਿ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ।
ਪੰਜਾਬ ਦੇ ਸਾਰੇ ਵਿਧਾਇਕਾਂ ਦੀ ਤਨਖ਼ਾਹ ਕਟੌਤੀ ਕੀਤੇ ਜਾਣ ਤੋਂ ਬਾਅਦ ਉਸ ਪੈਸੇ ਨੂੰ ਮੁੱਖ ਮੰਤਰੀ ਰਾਹਤ ਫੰਡ ‘ਚ ਭੇਜਿਆ ਜਾਣਾ ਸੀ, ਜਿੱਥੋਂ ਕਿ ਪੁਲਵਾਮਾ ਦੇ ਸ਼ਹੀਦਾਂ ਨੂੰ ਵੰਡ ਕੇ ਸਹਾਇਤਾ ਦਿੱਤੀ ਜਾਣੀ ਸੀ ਪਰ ਮੁੱਖ ਮੰਤਰੀ ਰਾਹਤ ਫੰਡ ਦੀ ਦੇਖ-ਰੇਖ ਕਰਨ ਵਾਲੇ ਅਧਿਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਅਜੇ ਤੱਕ ਇਸ ਫੰਡ ‘ਚ ਕਿਸੇ ਵੀ ਮੰਤਰੀ ਜਾਂ ਫਿਰ ਵਿਧਾਇਕ ਦੀ ਤਨਖ਼ਾਹ ਨਹੀਂ ਆਈ ਹੈ।
ਜਾਣਕਾਰੀ ਅਨੁਸਾਰ ਫਰਵਰੀ ਮਹੀਨੇ ਦੀ 14 ਤਰੀਕ ਨੂੰ ਪੁਲਵਾਮਾ ਵਿਖੇ ਸੀਆਰਪੀਐੱਫ਼ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਵੱਡੀ ਗਿਣਤੀ ‘ਚ ਦੇਸ਼ ਦੇ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ ‘ਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਪੁਲਵਾਮਾ ਦੇ ਸ਼ਹੀਦਾਂ ਨੂੰ ਇੱਕ ਮਹੀਨੇ ਦੀ ਤਨਖਾਹ ਦੇਣ ਦੀ ਗੱਲ ਆਖੀ ਗਈ ਸੀ।
ਇਸ ਪ੍ਰਸਤਾਵ ਨੂੰ ਸਾਰੀਆਂ ਪਾਰਟੀਆਂ ਵੱਲੋਂ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਤੇ ਉਮੀਦ ਜਤਾਈ ਜਾ ਰਹੀ ਸੀ ਕਿ ਮਾਰਚ ਮਹੀਨੇ ‘ਚ ਜਾਰੀ ਹੋਣ ਵਾਲੀ ਤਨਖਾਹ ‘ਚੋਂ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ‘ਚ ਭੇਜ ਦਿੱਤੀ ਜਾਏਗਾ, ਜਿੱਥੋਂ ਕਿ ਆਰਥਿਕ ਸਹਾਇਤਾ ਦੇ ਤੌਰ ‘ਤੇ ਪੁਲਵਾਮਾ ਸ਼ਹੀਦਾਂ ਨੂੰ ਫੰਡ ਭੇਜਿਆ ਜਾਏਗਾ। ਇਸ ਐਲਾਨ ਨੂੰ ਹੁਣ ਲਗਭਗ 2 ਮਹੀਨੇ ਤੱਕ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਵਿਧਾਇਕ ਜਾਂ ਫਿਰ ਮੰਤਰੀ ਦੀ ਤਨਖ਼ਾਹ ‘ਚੋਂ ਕਟੌਤੀ ਕਰਦੇ ਹੋਏ ਸ਼ਹੀਦਾਂ ਨੂੰ ਆਰਥਿਕ ਮੱਦਦ ਨਹੀਂ ਦਿੱਤੀ ਗਈ ਹੈ।
ਮੁੱਖ ਮੰਤਰੀ ਦੀ ਟੀਮ ਨਹੀਂ ਦੇਵੇਗੀ ਫੰਡ
ਪੰਜਾਬ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ‘ਚ ਜਿਹੜਾ ਪ੍ਰਸਤਾਵ ਪਾਸ ਕੀਤਾ ਗਿਆ ਸੀ, ਉਸ ਵਿੱਚ ਮੁੱਖ ਮੰਤਰੀ, ਕੈਬਨਿਟ ਮੰਤਰੀ, ਸਪੀਕਰ, ਡਿਪਟੀ ਸਪੀਕਰ, ਵਿਰੋਧੀ ਧਿਰ ਦਾ ਲੀਡਰ ਤੇ ਵਿਧਾਇਕ ਹੀ ਸ਼ਾਮਲ ਸਨ, ਜਦੋਂ ਕਿ ਕੈਬਨਿਟ ਰੈਂਕ ਪ੍ਰਾਪਤ ਮੁੱਖ ਮੰਤਰੀ ਦੇ ਸਲਾਹਕਾਰ ਜਾਂ ਫਿਰ ਹੋਰ ਟੀਮ ਦੇ ਮੈਂਬਰ ਇਸ ‘ਚ ਸ਼ਾਮਲ ਨਹੀਂ ਹਨ, ਇਸ ਲਈ ਜਦੋਂ ਵੀ ਤਨਖ਼ਾਹ ‘ਚੋਂ ਕਟੌਤੀ ਹੋਏਗੀ, ਉਸ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਟੀਮ ਦੇ ਕਿਸੇ ਵੀ ਮੈਂਬਰ ਦੀ ਤਨਖ਼ਾਹ ਵਿੱਚੋਂ ਕਟੌਤੀ ਨਹੀਂ ਹੋਏਗੀ।
ਆਦੇਸ਼ ਜਾਰੀ ਹੋਣ ਵਿੱਚ ਹੋਈ ਦੇਰੀ, ਅਗਲੇ ਦਿਨਾਂ ਵਿੱਚ ਹੋਏਗੀ ਕਟੌਤੀ
ਪੰਜਾਬ ਵਿਧਾਨ ਸਭਾ ਵਿੱਚ ਬੈਠੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਪ੍ਰਸਤਾਵ ਦੇ ਮਾਮਲੇ ਵਿੱਚ ਆਦੇਸ਼ ਜਾਰੀ ਕਰਨ ਵਿੱਚ ਦੇਰੀ ਕੀਤੀ ਗਈ ਸੀ, ਜਿਸ ਕਾਰਨ ਮਾਰਚ ਮਹੀਨੇ ਵਿੱਚ ਤਨਖ਼ਾਹ ਦੀ ਕਟੌਤੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਆਦੇਸ਼ ਜਾਰੀ ਹੋ ਗਏ ਹਨ, ਇਸ ਲਈ ਜਲਦ ਹੀ ਵਿਧਾਇਕਾਂ ਅਤੇ ਮੰਤਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਕਰਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੁੱਖ ਮੰਤਰੀ ਰਾਹਤ ਫੰਡ ‘ਚ ਪੈਸੇ ਭੇਜ ਦਿੱਤੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।