ਮਾਨਸਾ (ਸੁਖਜੀਤ ਮਾਨ) | ਸਿਆਸਤ ਦੇ ਗੰਧਲੇ ਹੋਏ ਪੱਧਰ ਨੇ ਪਿੰਡਾਂ ਨੂੰ ਧੜਿਆਂ ‘ਚ ਵੰਡ ਦਿੱਤਾ ਹੈ। ਪਾਰਟੀਬਾਜ਼ੀ ‘ਚ ਪਏ ਸਕੇ ਭਰਾ ਅਤੇ ਆਂਢੀ-ਗੁਆਂਢੀ ਸਿਆਸੀ ਸ਼ਰੀਕ ਬਣ ਗਏ। ਪੰਚਾਇਤੀ ਚੋਣਾਂ ਵੀ ਸਿਆਸੀ ਧਿਰਾਂ ਵੱਲੋਂ ਆਪਣੇ ਦਾਅ ‘ਤੇ ਲੜੀਆਂ ਗਈਆਂ ਜਿਸ ਕਾਰਨ ਪਿੰਡਾਂ ‘ਚ ਫੁੱਟ ਜਿਆਦਾ ਵਧ ਗਈ। ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਬੱਸਾਂ, ਸੱਥਾਂ ਅਤੇ ਖੁੰਢਾਂ ‘ਤੇ ਹੁੰਦੀ ਰਾਜਨੀਤਿਕ ਚਰਚਾ ਗਾਲੀ-ਗਲੋਚ ਤੱਕ ਪੁੱਜਣ ਲੱਗੀ ਹੈ। ਹੇਠਲੇ ਪੱਧਰ ‘ਤੇ ਪੈਦਾ ਹੋਏ ਇਨ੍ਹਾਂ ਵਿਖਰੇਵਿਆਂ ਦੇ ਬਾਵਜ਼ੂਦ ਹੈਰਾਨੀਜਨਕ ਪਹਿਲੂ ਇਹ ਹੈ ਕਿ ਸਿਆਸੀ ਧਿਰਾਂ ਦੇ ਮੁੱਖ ਆਗੂ ਮਿਸ਼ਨ 2019 ਤਹਿਤ ਵਿਰੋਧੀ ਧਿਰਾਂ ਨਾਲ ਗਠਜੋੜ ਕਰਨ ‘ਚ ਰੁੱਝੇ ਹੋਏ ਹਨ। ਸਿਆਸਤ ਕਾਰਨ ਪਏ ਪਾੜਿਆਂ ਨੇ ਪਿੰਡਾਂ ‘ਚ ਸਮਾਜਿਕ ਭਾਈਚਾਰਕ ਸਾਂਝ ਨੂੰ ਜੋ ਵੱਡੀ ਸੱਟ ਮਾਰੀ ਹੈ ਉਹ ਖਤਰਨਾਕ ਪਹਿਲੂ ਹੈ।
ਵੇਰਵਿਆਂ ਮੁਤਾਬਿਕ ਪ੍ਰਮੁੱਖ ਪਾਰਟੀਆਂ ਦੇ ਆਗੂ ਭਾਵੇਂ ਹੀ ਸਿਆਸੀ ਸਟੇਜ਼ਾਂ ਤੋਂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਿਹੋ ਜਿਹੀ ਵੀ ਸ਼ਬਦਾਵਲੀ ਵਰਤਣ ਪਰ ਸਮਾਜਿਕ ਪੱਧਰ ‘ਤੇ ਉਹ ਇੱਕ ਦੂਜੇ ਦੇ ਨੇੜੇ ਰਹਿੰਦੇ ਹਨ। ਪੰਜਾਬ ਦੇ ਸਿਆਸੀ ਘਰਾਣਿਆਂ ਦੀਆਂ ਆਪਸੀ ਰਿਸ਼ਤੇਦਾਰੀਆਂ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ। ਉਨ੍ਹਾਂ ਵੱਲੋਂ ਕੁਰਸੀ ਦੀ ਖਾਤਰ ਹੇਠਲੇ ਪੱਧਰ ਦੇ ਵਰਕਰਾਂ ਨੂੰ ਮੀਟਿੰਗਾਂ ‘ਚ ‘ਤਕੜੇ ਹੋ ਕੇ ਲੜਨ’ ਦੇ ਦਿੱਤੇ ਜਾਂਦੇ ਸੁਨੇਹਿਆਂ ਨੇ ਪਿੰਡਾਂ ‘ਚ ਧੜੇਬੰਦੀ ਜ਼ਰੂਰ ਤਕੜੀ ਕਰ ਦਿੱਤੀ ਹੈ। ਇਨ੍ਹਾਂ ਧੜੇਬੰਦੀਆਂ ਦਾ ਅਸਰ ਵਿਆਹ-ਸ਼ਾਦੀਆਂ ਤੋਂ ਇਲਾਵਾ ਮਾਤਮ ਮੌਕੇ ਵੀ ਸਪੱਸ਼ਟ ਵਿਖਾਈ ਦਿੰਦਾ ਹੈ। ਪੁਲਿਸ ਕੋਲ ਪਹੁੰਚਦੇ ਲੜਾਈ-ਝਗੜਿਆਂ ਦੇ ਮਾਮਲਿਆਂ ‘ਚੋਂ ਵੱਡੀ ਗਿਣਤੀ ਦਾ ਸਬੰਧ ਸਿਆਸਤ ਨਾਲ ਜੁੜਿਆ ਹੁੰਦਾ ਹੈ। ਹੇਠਲੇ ਪੱਧਰ ‘ਤੇ ਭਾਵੇਂ ਹੀ ਪਾਰਟੀਆਂ ਦੇ ਵਰਕਰ ਇੱਕ-ਦੂਜੇ ਦੇ ਸ਼ਰੀਕ ਬਣ ਰਹੇ ਨੇ ਪਰ ਪਾਰਟੀਆਂ ਦੇ ਪ੍ਰਮੁੱਖ ਸਿਆਸੀ ਲੜਾਈ ‘ਚੋਂ ਜਿੱਤ ਹਾਸਿਲ ਕਰਨ ਲਈ ਵਿਰੋਧੀਆਂ ਨਾਲ ਹੱਥ ਮਿਲਾਉਣ ਤੋਂ ਵੀ ਪਿਛਾਂਹ ਨਹੀਂ ਹਟਦੇ। ਇਨ੍ਹੀਂ ਦਿਨੀਂ ਜਦੋਂ ਲੋਕ ਸਭਾ ਚੋਣਾਂ ਦਾ ਦੰਗਲ ਭਖਿਆ ਹੈ ਤਾਂ ਸਿਆਸੀ ਪਾਰਟੀਆਂ ‘ਚ ਗਠਜੋੜ ਦੀਆਂ ਕੋਸ਼ਿਸ਼ਾਂ ਵੀ ਤੇਜੀ ਫੜ੍ਹ ਗਈਆਂ ਹਨ। ਆਮ ਆਦਮੀ ਪਾਰਟੀ ‘ਚੋਂ ਖੁਦਮੁਖਤਿਆਰੀ ਦੇ ਮੁੱਦੇ ‘ਤੇ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਸਮੇਤ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਸਮੇਤ ਕਈ ਹੋਰ ਪਾਰਟੀਆਂ ਨੇ ‘ਪੰਜਾਬ ਲੋਕਤੰਤਰਿਕ ਗਠਜੋੜ’ (ਪੀਡੀਏ) ਬਣਾਇਆ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਦਾ ਵੀ ਆਪਸੀ ਗਠਜੋੜ ਹੈ। ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਦਿੱਲੀ ਤੇ ਹਰਿਆਣਾ ‘ਚ ਗਠਜੋੜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।