ਗੁਰਦਾਸਪੁਰ । ਪਿਛਲੇ ਕਰੀਬ 15 ਦਿਨਾਂ ਤੋਂ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਲਗਾਤਾਰ ਦਿਨ-ਰਾਤ ਧਰਨਾ ਦੇ ਰਹੇ ਕਿਸਾਨਾਂ ਨੇ ਕੀਤੇ ਐਲਾਨ ਮੁਤਾਬਕ ਗੁਰਦਾਸਪੁਰ ਦੀਆਂ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ।
ਗੁੱਸੇ ‘ਚ ਆਏ ਕਿਸਾਨਾਂ ਨੇ ਅੱਜ ਗੁਰਦਾਸਪੁਰ ਦੇ ਮੁੱਖ ਬੱਸ ਅੱਡੇ ਸਾਹਮਣੇ ਧਰਨਾ ਲਗਾ ਕੇ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਕਰ ਦਿੱਤੀ। ਜਾਣਕਾਰੀ ਹੈ ਕਿ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਪਿੱਛਲੀਆਂ ਅਦਾਇਗੀਆਂ ਨਾ ਹੋਣ ਕਾਰਨ ਅਤੇ ਸਰਵੇ ਦੇ ਅਧਾਰ ‘ਤੇ ਗੰਨੇ ਦਾ ਬਾਂਡ ਨਾ ਹੋਣ ਸਮੇਤ ਕਈ ਮੁਸ਼ਕਲਾਂ ਨੂੰ ਲੈ ਕੇ ਗੰਨਾ ਉਤਪਾਦਕ ਸੰਘਰਸ਼ ਕਮੇਟੀ ਨੇ ਪਿਛਲੇ 15 ਦਿਨਾਂ ਤੋਂ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪੱਕੇ ਡੇਰੇ ਲਗਾ ਕੇ ਧਰਨਾ ਲਗਾਇਆ ਹੋਇਆ ਹੈ। ਬੀਤੇ ਕੱਲ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਖੰਡ ਮਿੱਲਾਂ ਦੇ ਸੀਨੀਅਰ ਪ੍ਰਤੀਨਿਧਾਂ ਵੱਲੋਂ ਕਿਸਾਨਾਂ ਆਗੂਆਂ ਨਾਲ ਕੀਤੀ ਗਈ ਮੀਟਿੰਗ ਵੀ ਬੇਸਿੱਟਾ ਰਹੀ ਸੀ।
ਇਸ ਧਰਨੇ ਦੌਰਾਨ ਜ਼ਿਲੇ ਭਰ ਤੋਂ ਪਹੁੰਚੇ ਵੱਖ-ਵੱਖ ਕਿਸਾਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ 15 ਦਿਨਾਂ ਦੇ ਧਰਨੇ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਦੀਆਂ ਅਦਾਇਗੀਆਂ ਨਹੀਂ ਕੀਤੀਆਂ ਅਤੇ ਨਾ ਹੀ ਅਜੇ ਤੱਕ ਗੰਨੇ ਦਾ ਬਾਂਡ ਕਰਕੇ ਸਹੀ ਢੰਗ ਨਾਲ ਪਰਚੀਆਂ ਜਾਰੀ ਕਰਨ ਦੀ ਪ੍ਰਕਿਰਿਆ ਯਕੀਨੀ ਬਣਾਈ ਹੈ।
ਇਸ ਕਾਰਨ ਅੱਜ ਉਨ੍ਹਾਂ ਨੂੰ ਆਵਾਜਾਈ ਠੱਪ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਉਪਰੰਤ ਪੰਜਾਬ ਦੇ ਸ਼ੂਗਰਫੈਡ ਦੇ ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਅਤੇ ਖੰਡ ਮਿੱਲ ਪਨਿਆੜ ਦੇ ਜੀ.ਐੱਮ ਸੁਰਿੰਦਰਪਾਲ ਨੇ ਕਿਸਾਨਾਂ ਦੇ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਸਰਵੇ ਨੂੰ ਅਧਾਰ ਬਣਾ ਕੇ ਕਿਸਾਨਾਂ ਦੇ ਗੰਨੇ ਦਾ ਬਾਂਡ ਸਭ ਤੋਂ ਨੇੜਲੀ ਮਿੱਲ ‘ਚ ਕਰਨ ਲਈ ਬਕਾਇਦਾ ਕਾਰਵਾਈ ਚਲ ਰਹੀ ਹੈ ਅਤੇ ਅੱਜ ਸ਼ਾਮ ਤੱਕ ਹੀ ਉਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਗੰਨੇ ਦੀਆਂ ਪਿਛਲੀਆਂ ਅਦਾਇਗੀਆਂ ਵੀ 31 ਮਾਰਚ ਤੱਕ ਮੁਕੰਮਲ ਕਰ ਦਿੱਤੀਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।