ਗੁਰਜੀਵਨ ਸਿੰਘ ਸਿੱਧੂ
ਪੱਛਮੀ ਸੱਭਿਆਚਾਰ ਦਿਨੋ-ਦਿਨ ਨੌਜਵਾਨ ਪੀੜ੍ਹੀ ‘ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ। ਇਸ ਤਰ੍ਹਾਂ ਹੀ ਪੰਜਾਬ ਵਿੱਚ ਮਾਲਵੇ ਖਿੱਤੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਪੰਦਰਵਾਂ ਮੇਲਾ 22 ਤੋਂ 24 ਫਰਵਰੀ ਤੱਕ ਬਠਿੰਡਾ ਦੇ ਖੇਡ ਸਟੇਡੀਅਮ ਨਜ਼ਦੀਕ ਬਣੇ ਵਿਰਾਸਤੀ ਪਿੰਡ ਜੈਪਾਲਗੜ ਵਿੱਚ ਲਾਇਆ ਗਿਆ। ਇਹ ਮੇਲਾ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ 100 ਵੇਂ ਵਰ੍ਹੇ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ।
ਇਸ ਵਿਰਾਸਤੀ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇਸ ਦੀ ਸ਼ੁਰੂਆਤ, ਆਪਣੇ ਸਮੇਂ ਦੇ ਇੱਕ ਸੂਫੀ ਮੁਸਲਮਾਨ ਫਕੀਰ ਰਤਨਹਾਜੀ ਦੀ ਯਾਦ ‘ਚ ਬਣੇ ਗੁਰਦੁਆਰਾ ਸਾਹਿਬ ਤੇ ਮਜ਼ਾਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਮਜ਼ਾਰ ਉੱਪਰ ਚਾਦਰ ਚੜ੍ਹਾ ਕੇ ਕੀਤੀ ਜਾਂਦੀ ਹੈ। ਇਸ ਮੌਕੇ ਕੱਢੇ ਜਾਣ ਵਾਲੇ ਵਿਰਾਸਤੀ ਜਲੂਸ ‘ਚ ਰੰਗ ਬਰੰਗੇ ਲਿਬਾਸਾਂ ਵਿੱਚ ਸਜੇ ਗੱਭਰੂ, ਮੁਟਿਆਰਾਂ, ਬਾਬੇ ਅਤੇ ਹਰ ਵਰਗ ਦੇ ਦਰਸ਼ਕਾਂ ਸਮੇਤ ਬਠਿੰਡਾ ਦੇ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਖੇਡ ਸਟੇਡੀਅਮ ਕੋਲ ਬਣੇ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਪਹੁੰਚਦਾ ਹੈ। ਇਸ ਵਿਰਾਸਤੀ ਜਲੂਸ ਵਿੱਚ ਸ਼ਿੰਗਾਰੇ ਊਠ, ਘੋੜੀਆਂ, ਪੁਰਾਤਨ ਰਥ, ਗੱਡੀਆਂ ਵਿੱਚ ਬੈਠ ਕੇ ਲੋਕ ਮੇਲੇ ਦੇ ਰੰਗ ਨੂੰ ਹੋਰ ਗੂੜ੍ਹਾ ਕਰਦੇ ਹਨ। ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਤੇ ਹੋਰ ਕਈ ਸੂਬਿਆਂ ਤੋਂ ਪਹੁੰਚੇ ਹੋਏ ਕਲਾਕਾਰ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਪੋ-ਆਪਣੇ ਸੱਭਿਆਚਾਰ ਦੇ ਰੰਗ ਬਿਖੇਰਦੇ ਨਜ਼ਰ ਆਉਂਦੇ ਹਨ। ਮੇਲੇ ਦੌਰਾਨ ਸਜਾਏ ਹੋਏ ਹਾਥੀ, ਸਜੇ ਹੋਏ ਘੋੜੇ ਅਤੇ ਬੋਤਿਆਂ ਦੇ ਕਾਫਲਿਆਂ ਨਾਲ ਰੰਗ-ਬਿਰੰਗੇ ਕੁੜਤੇ, ਚਾਦਰਿਆਂ ਤੇ ਤੁਰਲੇ ਵਾਲੀਆਂ ਪੱਗਾਂ ਵਾਲੇ ਚੋਭਰਾਂ ਦੇ ਗਲਾਂ ਵਿੱਚ ਪਾਏ ਹੋਏ ਕੈਂਠੇ, ਪੰਜਾਬ ਦੇ ਬਾਬੇ ਤੇ ਗੱਭਰੂ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਪੁਰਤਾਨ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਦਿਲਾਂ ਨੂੰ ਟੁੰਬਦੇ ਹੋਏ ਬੜੇ ਮਨਮੋਹਕ ਲੱਗਦੇ ਹਨ।
ਪੁਰਾਣੇ ਸਮੇਂ ਦੌਰਾਨ ਲੋਕਾਂ ਦੇ ਮਨੋਰੰਜ਼ਨ ਦਾ ਮੁੱਖ ਅੰਗ ਮੰਨੇ ਜਾਂਦੇ ਨਕਲੀਏ ਤੇ ਭੰਡ ਵੀ ਇਸ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਾਡੇ ਪੁਰਾਤਨ ਵਿਆਹਾਂ ਦੀ ਪੇਸ਼ਕਾਰੀ ਵੀ ਬਾਖੂਬੀ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਮੁਟਿਆਰਾਂ ਵੱਲੋਂ ਲੋਕ ਗੀਤ, ਸਿੱਠਣੀਆਂ, ਦੋਹੇ, ਟੱਪੇ ਤੇ ਬੋਲੀਆਂ ਪਾ ਕੇ ਇਸ ਮੇਲੇ ਨੂੰ ਚਾਰ ਚੰਨ ਲਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਪੁੱਜ ਰਹੀਆਂ ਮੇਲਣਾਂ, ਛੱਜ ਤੋੜਣ ਦਾ ਦ੍ਰਿਸ਼, ਮਹਿੰਦੀ, ਜਾਗੋ ਅਤੇ ਹੋਰ ਰਸਮਾਂ ਨੂੰ ਹੂ-ਬ-ਹੂ ਸਿਰਜਿਆ ਗਿਆ ਸੀ। ਇਸ ਵਿਰਾਸਤੀ ਮੇਲੇ ਦਾ ਅਨੰਦ ਮਾਣ ਰਹੇ ਬਜੁਰਗ ਬਾਬੇ ਇੰਝ ਮਹਿਸੂਸ ਕਰ ਰਹੇ ਸਨ ਜਿਵੇਂ ਸੱਚਮੁੱਚ ਹੀ ਪੁਰਾਤਨ ਸਮਾਂ ਵਾਪਸ ਆ ਗਿਆ ਹੋਵੇ। ਇਸ ਵਿਰਾਸਤੀ ਪਿੰਡ ਵਿਚ ਉਸਾਰੇ ਗਏ ਕੱਚੇ ਘਰਾਂ ਦੀਆਂ ਕੰਧਾਂ ਤੇ ਕੰਧੋਲੀਆਂ ਨੂੰ ਲਿੱਪ ਕੇ ਉੱਪਰ ਰੰਗ-ਬਿਰੰਗੇ ਰੰਗਾਂ ਵਿੱਚ ਮੋਰ, ਤੋਤੇ ਤੇ ਕਬੂਤਰਾਂ ਦੇ ਚਿੱਤਰਾਂ ਦੀ ਕੀਤੀ ਹੋਈ ਕਲਾਕਾਰੀ ਨੂੰ ਵੇਖ ਕੇ ਦਰਸ਼ਕਾਂ ਦੇ ਮੂੰਹੋਂ ਵਾਹ ਆਪ-ਮੁਹਾਰੇ ਹੀ ਨਿੱਕਲ ਰਹੀ ਸੀ। ਘੱਗਰੇ ਪਾ ਕੇ ਚਰਖੇ ਤੇ ਲੰਬੇ ਲੰਬੇ ਤੰਦ ਪਾਉਂਦੀਆਂ ਤੇ ਦਰੀਆਂ ਬੁਣਦੀਆਂ ਮੁਟਿਆਰਾਂ ਦੀਆਂ ਟੋਲੀਆਂ ਵੀ ਆਪਣੀ ਕਲਾ ਦਾ ਜੌਹਰ ਵਿਖਾਉਦੀਆਂ ਨਜ਼ਰ ਆਈਆਂ। ਇਸ ਵਿਰਾਸਤੀ ਪਿੰਡ ਵਿੱਚ ਚੱਕ ਉੱਪਰ ਮਿੱਟੀ ਦੇ ਭਾਂਡੇ ਘੜਦਾ ਘੁਮਿਆਰ ਵੀ ਮੇਲੀਆਂ ਦਾ ਧਿਆਨ ਖਿੱਚ ਰਿਹਾ ਸੀ। ਪਿੰਡਾਂ ਦੇ ਜੈਲਦਾਰਾਂ ਦੀਆਂ ਪੁਰਾਤਨ ਹਵੇਲੀਆਂ ਤੇ ਨੰਬਰਦਾਰਾਂ ਦੇ ਵੱਡੇ ਦਰਵਾਜੇ ਵੀ ਬਣੇ ਹੋਏ ਸਨ ਜੈਲਦਾਰਾਂ ਦੀ ਹਵੇਲੀ ਵਿੱਚ ਪੁਰਾਣੇ ਹਥਿਆਰਾਂ ਦੀਆਂ ਲੱਗੀਆਂ ਨੁਮਾਇਸ਼ਾਂ ਨੌਜਵਾਨਾਂ ਲਈ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ।
ਪੁਰਾਣੇ ਕੱਚੀਆਂ ਇੱਟਾਂ ਦੇ ਘਰਾਂ ਵਿੱਚ ਬਣੇ ਕਬੂਤਰਾਂ ਦੇ ਖੁੱਡੇ ‘ਜੱਗੇ ਜੱਟ ਦੇ ਕਬੂਤਰ ਚੀਨੇ’ ਵਾਲੀ ਝਲਕ ਵੀ ਪੇਸ਼ ਕਰ ਰਹੇ ਸਨ। ਵਿਰਾਸਤ ਮੇਲੇ ਵਿੱਚ ਪੁਰਾਤਨ ਬਰਤਨਾਂ ਦਾ ਭੰਡਾਰ ਜਿਸ ਵਿੱਚ ਕਾਂਸੀ ਤੇ ਪਿੱਤਲ ਦੇ ਭਾਂਡੇ, ਪੁਰਾਣੇ ਜਿੰਦਰੇ, ਬੋਹੀਏ, ਸਿੱਕੇ, ਸੁਰਾਹੀਆਂ, ਸੁਰਮੇਦਾਨੀਆਂ, ਖੂਹਾਂ ‘ਚੋਂ ਪਾਣੀ ਖਿੱਚਣ ਵਾਲੇ ਡੋਲ, ਪੁਰਾਣੇ ਵੱਟੇ, ਪਿੱਤਲ ਦੇ ਗਲਾਸ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਸ ਤਰ੍ਹਾਂ ਹੀ ਵੱਡੇ ਲੱਕੜ ਦੇ ਪੁਰਾਣੇ ਰੇਡੀਓ, ਟੇਪਰਿਕਾਰਡ ਤੇ ਤਵੇ ਚਲਾਉਣ ਵਾਲਾ ਗਰਾਮੋਫੋਨ ਅਤੇ ਹੋਰ ਪੁਰਾਤਨ ਸੰਗੀਤ ਨਾਲ ਜੁੜੀਆਂ ਹੋਈਆਂ ਵਸਤੂਆਂ ਵੀ ਮੇਲੇ ਦਾ ਸ਼ਿੰਗਾਰ ਬਣੀਆਂ ਹੋਈਆਂ ਸਨ। ਮੇਲੇ ਵਿੱਚ ਚਾਟੀ ਦੀ ਲੱਸੀ ‘ਤੇ ਤੌੜੀ ਦੇ ਦੁੱਧ ਦਾ ਸੁਆਦ ਚੱਖਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ ਸੀ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲਿਆਂ ਸ਼ੌਕੀਨਾਂ, ਪੁਰਾਤਨ ਖੇਤੀ ਸੰਦਾਂ ਨੇ ਵੀ ਵਿਰਾਸਤੀ ਮੇਲੇ ‘ਚ ਵੱਖਰੀ ਹੀ ਪਛਾਣ ਬਣਾਈ ਹੋਈ ਸੀ। ਪੰਜਾਬੀਆਂ ਦੀ ਜਿੰਦ-ਜਾਨ ਮਲਵਈ ਗਿੱਧੇ ਦੀ ਗੱਭਰੂਆਂ ਤੇ ਮਟਿਆਰਾਂ ਨੇ ਅਜਿਹੀ ਪੇਸ਼ਕਾਰੀ ਕੀਤੀ ਕੇ ਦਰਸ਼ਕ ਕੁਰਸੀਆਂ ਤੋਂ ਉੱਠਕੇ ਝੂੰਮਣ ਲੱਗ ਪਏ। ਅਜੌਕੇ ਦੌਰ ਵਿੱਚ ਲਗਭਗ ਅਲੋਪ ਹੋਣ ਕੰਢੇ ਪੁੱਜੀ ਬਾਜ਼ੀ ਪਾਉਣ ਦੀ ਕਲਾ ਵੀ ਇਸ ਮੇਲੇ ਦੀ ਸ਼ਾਨ ਬਣੀ ਰਹੀ। ਪੁਰਾਤਨ ਸਮੇਂ ਵਿੱਚ ਜ਼ੋਰ ਅਜ਼ਮਾਈ ਕਰਨ ਲਈ ਖੇਡੀ ਜਾਣ ਵਾਲੀ ਰੱਸਾਕਸੀ ਖੇਡ ਨੇ ਵਿਰਾਸਤੀ ਮੇਲੇ ਵਿੱਚ ਦਰਸ਼ਕ ਦੇ ਮਨਾਂ ਨੂੰ ਟੁੰਬ ਲਿਆ।
ਮੇਲੇ ਵਿੱਚ ਲੱਗੀਆਂ ਕਿਤਾਬਾਂ ਦੀਆਂ ਸਟਾਲਾਂ ਦੱਸ ਰਹੀਆਂ ਸਨ ਕਿ ਪੰਜਾਬੀਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਕਦੇ ਵੀ ਘੱਟ ਨਹੀਂ ਹੋਈ। ਇਸ ਵਿਰਾਸਤੀ ਮੇਲੇ ਵਿੱਚ ਬਾਹਰਲੇ ਦੇਸ਼ਾਂ ਵਿੱਚੋਂ ਆਏ ਹੋਏ ਸੈਲਾਨੀ ਪੰਜਾਬ ਦੇ ਅਮੀਰ ਸੱਭਿਆਚਰਕ ਵਿਰਸੇ ਨਾਲ ਸਬੰਧਤ ਸਾਜੋ-ਸਾਮਾਨ ਨਾਲ ਤਸਵੀਰਾਂ ਕਰਵਾਉਂਦੇ ਹੋਏ ਨਜ਼ਰ ਆ ਰਹੇ ਸਨ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲੇ ਸ਼ੌਕੀਨਾਂ ਨੂੰ ਇਸ ਜਮਾਨੇ ਤੋਂ ਹਟ ਕੇ ਪੁਰਾਣੇ ਸੱਭਿਆਚਾਰ ਦੇ ਸਾਮਾਨ ਰਾਹੀ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਵਿੱਚ ਇੱਕ ਅਹਿਮ ਖਿੱਚ ਵੀ ਵੇਖੀ ਗਈ ਪਰ ਪੁਰਾਤਨ ਵਿਰਾਸਤ ਪੇਸ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਦਾ ਨੌਜਵਾਨ ਵਰਗ ਸਿਰਫ ਮੋਬਾਇਲਾਂ ਵਿੱਚ ਫੋਟੋਆਂ ਖਿੱਚਣ ਦਾ ਹੀ ਸ਼ੌਕੀਨ ਹੈ ਕੁੱਲ ਮਿਲਾ ਕੇ ਇਹ ਵਿਰਾਸਤੀ ਮੇਲਾ ਪੁਰਾਤਨ ਸੱਭਿਆਚਾਰ ਨੂੰ?ਲੋਕ ਮਨਾਂ?ਵਿਚ ਜਿਉਂਦਾ ਰੱਖਣ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।
ਨਥਾਣਾ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।