ਸੁਖਪਾਲ ਖਹਿਰਾ 12 ਤੋਂ 25 ਫਰਵਰੀ ਤੱਕ ਰੱਖੇ ਵਿਧਾਨ ਸਭਾ ਸੈਸ਼ਨ ਵਿੱਚ ਹਾਜ਼ਰ ਹੀ ਨਹੀਂ ਹੋਇਆ
ਤਰੁਣ ਕੁਮਾਰ ਸ਼ਰਮਾ, ਨਾਭਾ
ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਾਭਾ ਫੇਰੀ ਦੌਰਾਨ ਕਿਹਾ ਕਿ ਚਿੱਠੀਆਂ ਫੜਨੀਆਂ ਨੀ, ਯਾਰੀ ਲੈਟਰ ਬਾਕਸ ਵਾਲਿਆਂ ਨਾਲ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਹਾਜ਼ਰੀ ‘ਚ ਕਿਹਾ ਕਿ ਸੁਖਪਾਲ ਖਹਿਰਾ ਤਨਖਾਹ ਤੇ ਭੱਤਿਆਂ ਦੇ ਲਾਲਚ ਵਿੱਚ ਵਿਧਾਇਕੀ ਨਹੀਂ ਛੱਡ ਰਿਹਾ ਹੈ, ਜਿਸ ਕਾਰਨ ਵਿਧਾਨ ਸਭਾ ਸਪੀਕਰ ਨੂੰ ਅਖਬਾਰਾਂ ‘ਚ ਨੋਟਿਸ ਛਪਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ‘ਚ ਵਾਧੇ ਦੀ ਮੰਗ ਕਰਦਾ ਹੋਇਆ ਸੁਖਪਾਲ ਖਹਿਰਾ 12 ਤੋਂ 25 ਫਰਵਰੀ ਤੱਕ ਰੱਖੇ ਵਿਧਾਨ ਸਭਾ ਸੈਸ਼ਨ ਵਿੱਚ ਹਾਜ਼ਰ ਹੀ ਨਹੀਂ ਹੋਇਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਅਕਾਲੀਆਂ ‘ਤੇ ਤੰਜ ਕਸਦਿਆਂ ਕਿਹਾ ਕਿ ਬਾਦਲਾਂ ਨੂੰ ਦੋਗਲੀ ਸਿਆਸਤ ਛੱਡ ਦੇਣੀ ਚਾਹੀਦੀ ਹੈ।
ਸੱਤਾ ਤੋਂ ਬਾਹਰ ਹੋ ਕੇ ਅਕਾਲੀਆਂ ਨੂੰ ਸਭ ਮੁੱਦੇ ਨਜ਼ਰ ਆ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕਰਨ ਵਾਲੇ ਅਕਾਲੀ ਦੱਸਣ ਕਿ ਉਨ੍ਹਾਂ ਦੇ ਕਾਰਜ਼ਕਾਲ ‘ਚ ਓਰਬਿਟ ਬੱਸਾਂ ਹੇਠ ਆਏ ਕਿੰਨੇ ਪੀੜਤਾਂ ਨੂੰ ਉਨ੍ਹਾਂ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੇ ਦਿੱਤੇ ਹਨ। ਉਨ੍ਹਾਂ ਬਿਜਲੀ ਅੰਦੋਲਨ ਸਬੰਧੀ ਬਿਕਰਮ ਮਜੀਠੀਆ ਦੇ ਲਾਏ ਦੋਸ਼ਾਂ ਸਬੰਧੀ ਕਿਹਾ ਕਿ ਉਹ (ਅਕਾਲੀ) ਕਿਸ ਅਧਿਕਾਰ ਨਾਲ ਬੋਲ ਰਹੇ ਹਨ ਕਿਉਂਕਿ ਅਕਾਲੀ ਸਰਕਾਰ ਦੇ ਕਾਰਜ਼ਕਾਲ ‘ਚ ਹੀ ਸੂਬੇ ਦੇ ਪਾਵਰ ਪਲਾਟਾਂ ਨੂੰ ਬੰਦ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਯੂਥ ਵਿੰਗ ਆਗੂ ਜੱਸੀ ਸੋਹੀਆ ਵਾਲਾ, ਸੰਗਰੂਰ ਪ੍ਰਧਾਨ ਸੁਰਿੰਦਰਪਾਲ ਸ਼ਰਮਾ ਸਮੇਤ ਹੋਰ ਆਗੂ ਵੀ ਮੌਜੂਦ ਰਹੇ।
ਕੈਪਟਨ ਦੇ ਵਜੀਰਾਂ ਦੀ ਗੁੰਡਾਗਰਦੀ ਖਿਲਾਫ ਰਾਜਪਾਲ ਨੂੰ ਮਿਲਾਂਗਾ : ਚੀਮਾ
ਪੰਜਾਬ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਡੀਐੱਸਪੀ ਅਧਿਕਾਰੀ ਨੂੰ ਫੋਨ ‘ਤੇ ਧਮਕਾਉਣ ਦੇ ਮੁੱਦੇ ‘ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਨਾਭਾ ਵਿਖੇ ਕਿਹਾ ਕਿ ਕੈਪਟਨ ਦੇ ਵਜੀਰ ਗੁੰਡਾਗਰਦੀ ‘ਤੇ ਉਤਰ ਆਏ ਹਨ, ਜਿਸ ਖਿਲਾਫ ਅਸੀਂ ਜਲਦ ਹੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਨ੍ਹਾਂ ਦੇ ਅਸਤੀਫੇ ਦੀ ਮੰਗ ਕਰਾਂਗੇ। ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਆਪਸ ‘ਚ ਮਿਲੇ ਹੋਏ ਹਨ ਤੇ ਦੋਵਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸੇ ਕਾਰਨ ਲੋਕ ਸਭਾ ਚੋਣਾਂ ‘ਚ ਪੰਜਾਬੀ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।