ਧਿਆਨ ਦਿਵਾਊ ਨੋਟਿਸ ਮੌਕੇ ਰਹੀ ਗੈਰ ਹਾਜ਼ਰ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਵਿਧਾਨ ਸਭਾ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਆਪਣੀ ਗੈਰ ਹਾਜ਼ਰੀ ਲਈ ਚਰਚਾ ‘ਚ ਆ ਗਈ ਹੈ। ਇਸ ਨਾਲ ਨਾ ਸਿਰਫ਼ ਆਮ ਆਦਮੀ ਪਾਰਟੀ ਨੇ ਅਹਿਮ ਮੁੱਦੇ ‘ਤੇ ਬਹਿਸ ਕਰਨ ਦਾ ਮੌਕਾ ਗੁਆ ਦਿੱਤਾ ਹੈ, ਸਗੋਂ ਉਸ ਸਵਾਲ ਦਾ ਜਵਾਬ ਵੀ ਹੁਣ ਨਹੀਂ ਮਿਲ ਸਕੇਗਾ, ਜਿਹੜਾ ਲੈਣ ਲਈ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਪੰਜਾਬ ਭਰ ‘ਚ ਘੁੰਮਦੇ ਹੋਏ ਬਿਜਲੀ ਦੀ ਕੁੰਡੀਆਂ ਲਗਾਉਂਦੀ ਨਜ਼ਰ ਆ ਰਹੀ ਹੈ।
ਆਮ ਆਦਮੀ ਪਾਰਟੀ ਦੇ 4 ਵਿਧਾਇਕਾਂ ਵੱਲੋਂ ਵਿਧਾਨ ਸਭਾ ‘ਚ ਦੋ ਅਹਿਮ ਮੁੱÎਦਿਆਂ ‘ਤੇ ਧਿਆਨ ਦਿਵਾਊ ਨੋਟਿਸ ਲਾਇਆ ਹੋਇਆ ਸੀ, ਜਿਸ ਵਿੱਚ ਇੱਕ ਮੁੱਦਾ ਉਹ ਸੀ, ਜਿਸ ਨੂੰ ਲੈ ਕੇ ਪੰਜਾਬ ਭਰ ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਅੰਦੋਲਨ ਤੱਕ ਸ਼ੁਰੂ ਕੀਤਾ ਹੋਇਆ ਹੈ, ਜਿਸ ਰਾਹੀਂ ਦੋ ਮਹੀਨਿਆਂ ਦਾ ਬਿੱਲ ਲੈਣ ਦੀ ਥਾਂ ‘ਤੇ ਬਿਜਲੀ ਦਾ ਬਿੱਲ ਹਰ ਮਹੀਨੇ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਆਮ ਲੋਕਾਂ ਨੂੰ ਘੱਟ ਬਿੱਲ ਆ ਸਕੇ। ਇਸ ਨਾਲ ਹੀ ਕਿਸਾਨੀ ਕਰਜ਼ੇ ਥੱਲੇ ਦੱਬੇ ਹੋਏ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਵੱਲ ਧਿਆਨ ਦਿਵਾਉਣ ਬਾਰੇ ਸੀ। ਇਨ੍ਹਾਂ ਧਿਆਨ ਦਿਵਾਊ ਨੋਟਿਸ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਰਵਜੀਤ ਕੌਰ ਮਾਣੂੰਕੇ, ਬੁੱਧ ਰਾਮ ਤੇ ਜਗਦੇਵ ਸਿੰਘ ਕਮਾਲੂ ਵੱਲੋਂ ਲਗਾਏ ਗਏ ਸੀ।
ਇਨ੍ਹਾਂ ਧਿਆਨ ਦਿਵਾਊ ਨੋਟਿਸ ‘ਤੇ ਸਦਨ ‘ਚ ਬਹਿਸ ਕਰਨ ਦੀ ਬਜਾਇ ਇਹ ਸਾਰੇ ਹੀ ਵਿਧਾਇਕ ਸਦਨ ਦੀ ਕਾਰਵਾਈ ‘ਚੋਂ ਗੈਰ ਹਾਜ਼ਰ ਰਹੇ। ਇਹੀ ਨਹੀਂ ਸਗੋਂ ਸਦਨ ਦੇ ਅੰਦਰ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਹਾਜ਼ਰ ਨਹੀਂ ਸੀ, ਜਿਸ ਕਾਰਨ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਵਿਧਾਇਕਾਂ ਦੀ ਗੈਰ ਹਾਜ਼ਰੀ ਦਰਜ਼ ਕਰਵਾਉਂਦੇ ਹੋਏ ਇਨ੍ਹਾਂ ਦੇ ਧਿਆਨ ਦਿਵਾਊ ਨੋਟਿਸ ‘ਤੇ ਕਾਰਵਾਈ ਨਹੀਂ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ