ਅਖ਼ਬਾਰੀ ਇਸ਼ਤਿਹਾਰ ਰਾਹੀਂ ਹੁਣ ਜਾਏਗਾ ਖਹਿਰਾ ਨੂੰ ਨੋਟਿਸ

Notice, Khahera, Newspaper, Advertisemen

ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਸਦਨ ਨੂੰ ਦਿੱਤੀ ਗਈ ਜਾਣਕਾਰੀ

ਚੰਡੀਗੜ੍ਹ, (ਅਸ਼ਵਨੀ ਚਾਵਲਾ) | ਸੁਖਪਾਲ ਖਹਿਰਾ ਵੱਲੋਂ ਲਗਾਤਾਰ ਦੋ ਵਾਰੀ ਕਾਰਨ ਦੱਸੋ ਨੋਟਿਸ ਦੀ ਡਾਕ ਨਹੀਂ ਲਏ ਜਾਣ ਤੋਂ ਬਾਅਦ ਹੁਣ ਅਖ਼ਬਾਰਾਂ ‘ਚ ਇਸ਼ਤਿਹਾਰ ਦਿੰਦੇ ਹੋਏ ਖਹਿਰਾ ਨੂੰ ਪੇਸ਼ ਹੋਣ ਲਈ ਸੁਨੇਹਾ ਭੇਜਿਆ ਜਾਏਗਾ ਤੇ ਐੱਚ. ਐੱਸ. ਫੂਲਕਾ ਦੇ ਅਸਤੀਫ਼ੇ ਬਾਰੇ ਕਾਨੂੰਨੀ ਸਲਾਹ ਮੰਗ ਲਈ ਗਈ ਹੈ, ਜਿਸ ਤੋਂ ਬਾਅਦ ਇਨਾਂ ਦੋਵਾਂ ਵਿਧਾਇਕਾਂ ਦੀ ਮੈਂਬਰਸ਼ਿਪ ਬਾਰੇ ਫੈਸਲਾ ਕਰ ਲਿਆ ਜਾਏਗਾ। ਪੰਜਾਬ ਵਿਧਾਨ ਸਭਾ ਵੱਲੋਂ ਉਲੀਕੀ ਗਈ ਇਸ ਕਾਰਵਾਈ ਤੋਂ ਬਾਅਦ ਹੁਣ ਦੋਵਾਂ ਵਿਧਾਇਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਤੈਅ ਮੰਨੀ ਜਾ ਰਹੀ ਹੈ ਅਤੇ ਅਗਲੇ 15-20 ਦਿਨਾਂ ‘ਚ ਹੋ ਵਿਧਾਇਕਾਂ ਦੀ ਮੈਂਬਰਸ਼ਿਪ ਵੀ ਖ਼ਤਮ ਹੋ ਸਕਦੀ ਹੈ।

ਇਸ ਸਬੰਧੀ ਚੱਲ ਰਹੀਂ ਸਾਰੀ ਕਾਰਵਾਈ ਬਾਰੇ ਵਿਧਾਨ ਸਭਾ ਸਦਨ ‘ਚ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ। ਸਪੀਕਰ ਨੇ ਦੱਸਿਆ ਕਿ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵੱਲੋਂ 2-3 ਵਾਰ ਕਾਰਨ ਦੱਸੋ ਨੋਟਿਸ ਬਕਾਇਦਾ ਰਜਿਸਟਰਡ ਡਾਕ ਰਾਹੀਂ ਭੇਜਿਆ ਗਿਆ ਪਰ ਉਨ੍ਹਾਂ ਵੱਲੋਂ ਇਹ ਡਾਕ ਲਈ ਹੀ ਨਹੀਂ ਗਈ, ਜਿਸ ਕਾਰਨ ਹੁਣ ਵਿਧਾਨ ਸਭਾ ਵੱਲੋਂ ਅਖ਼ਬਾਰੀ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਂਦੇ ਹੋਏ ਨੋਟਿਸ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।

ਸਪੀਕਰ ਨੇ ਦੱਸਿਆ ਕਿ ਜਿੱਥੋਂ ਤੱਕ ਐੱਚ. ਐੱਸ. ਫੂਲਕਾ ਬਾਰੇ ਫੈਸਲਾ ਲੈਣਾ ਹੈ ਤਾਂ ਉਨ੍ਹਾਂ ਨੂੰ ਸੱਦ ਕੇ ਦੋਬਾਰਾ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ, ਕਿਉਂਕਿ ਉਨ੍ਹਾਂ ਦਾ ਅਸਤੀਫ਼ਾ ਠੀਕ ਫਾਰਮੈਂਟ ‘ਚ ਨਹੀਂ ਹੈ ਪਰ ਉਨ੍ਹਾਂ ਆਪਣਾ ਅਸਤੀਫ਼ਾ ਠੀਕ ਫਾਰਮੈਂਟ ‘ਚ ਹੋਣ ਦੀ ਗੱਲ ਕਹਿੰਦੇ ਹੋਏ ਸਵੀਕਾਰ ਕਰਨ ਲਈ ਕਿਹਾ ਹੈ, ਇਸ ਲਈ ਹੁਣ ਇਸ ਮਾਮਲੇ ਵਿੱਚ ਕਾਨੂੰਨੀ ਸਲਾਹ ਮੰਗੀ ਗਈ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋt