ਚਾਰ ਰਾਜਾਂ ‘ਚ ਲੋੜੀਂਦੇ 3 ਗੈਂਗਸਟਰ ਹਥਿਆਰਾਂ ਸਮੇਤ ਕਾਬੂ, ਐੱਸਐੱਸਪੀ ਸਿੱਧੂ ਸੀ ਨਿਸ਼ਾਨੇ ‘ਤੇ

Gangs, Weapons , Target

2 ਫਰਵਰੀ ਨੂੰ ਮੁਕਾਬਲੇ ਦੌਰਾਨ ਫਰਾਰ ਹੋਏ ਸਨ ਤਿੰਨੇ ਗੈਂਗਸਟਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ 3 ਅਜਿਹੇ ਭਗੌੜੇ ਗੈਂਗਸਟਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ 4 ਰਾਜਾਂ ਦੀ ਪੁਲਿਸ ਨੂੰ ਲੋੜੀਂਦੇ ਸਨ।
ਕਾਬੂ ਕੀਤੇ ਇਹ ਤਿੰਨੇ ਜਣੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਿਰੋਹ ਦੇ ਸਰਗਰਮ ਮੈਂਬਰ ਸਨ ਅਤੇ ਇਨ੍ਹਾਂ ਦੇ 2 ਸਾਥੀ ਪਟਿਆਲਾ ਪੁਲਿਸ ਨੇ ਪਹਿਲਾਂ ਹੀ ਰਣਜੀਤ ਨਗਰ ਵਿੱਚੋਂ ਦੁਵੱਲੀ ਗੋਲੀਬਾਰੀ ਦੌਰਾਨ ਕਾਬੂ ਕਰ ਲਏ ਸਨ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਫੜੇ ਗਏ ਗੈਂਗਸਟਰਾਂ ਦੇ ਮੁਖੀ ਨਵ ਲਾਹੌਰੀਆ ਨੇ ਖੁਲਾਸਾ ਕੀਤਾ ਹੈ ਕਿ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਉਸ ਦੇ ਨਿਸ਼ਾਨੇ ‘ਤੇ ਸੀ ਪਰ ਉਸ ਦਿਨ ਉਸ ਦੇ ਪਿਸਤੌਲ ‘ਚ ਗੋਲੀ ਫਸ ਗਈ ਸੀ, ਜਿਸ ਕਰਕੇ ਉਹ ਫਾਇਰ ਨਹੀਂ ਸੀ ਕਰ ਸਕਿਆ। ਅੱਜ ਇੱਥੇ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤਿੰਨੇ ਜਣਿਆਂ ਦੀ ਪਛਾਣ ਨਵਪ੍ਰੀਤ ਸਿੰਘ ਉਰਫ ਨਵ ਲਾਹੌਰੀਆ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਪੱਤੀ ਸਮਾਣਾ, ਅੰਕੁਰ ਸਿੰਘ ਉਰਫ ਮਨੀ ਪੁੱਤਰ ਸਤਵੀਰ ਸਿੰਘ ਅਤੇ ਪ੍ਰਸ਼ਾਤ ਹਿੰਦਰਾਵ ਉਰਫ ਛੋਟੂ ਪੁੱਤਰ ਰਜਿੰਦਰ ਸਿੰਘ ਵਾਸੀਆਨ ਹੱਸੂਪੁਰ ਥਾਣਾ ਸੀਵਨ ਜਿਲਾ ਹਾਪੁੜ (ਯੂ.ਪੀ.) ਵਜੋਂ ਹੋਈ ਹੈ। ਇਹ ਤਿੰਨੇ ਜਣੇ 2 ਫਰਵਰੀ ਨੂੰ ਮੁਠਭੇੜ ਦੌਰਾਨ ਭੱਜਣ ‘ਚ ਕਾਮਯਾਬ ਹੋ ਗਏ ਸਨ। ਸਿੱਧੂ ਨੇ ਦੱਸਿਆ ਕਿ ਇਹ ਸਾਰੇ ਜਣੇ ਗੰਨ ਕਲਚਰ ਦੇ ਸ਼ਿਕਾਰ ਅਤੇ ਐਸ਼ਪ੍ਰਸਤੀ ਨਾਲ ਜਿਉਣ ਦੇ ਸ਼ੌਕੀਨ ਹਨ। ਇਨ੍ਹਾਂ ‘ਚੋਂ ਨਵ ਲਹੌਰੀਆ ਨੇ ਆਪਣੇ ਉਪਰ ਇੱਕ ਗੀਤ ਵੀ ਫ਼ਿਲਮਾਇਆ ਹੋਇਆ ਹੈ ਜਦੋਂ ਕਿ ਉਹ ਇਸੇ ਤਰ੍ਹਾਂ ਦਾ ਹੀ ਦੂਜਾ ਗਾਣਾ ਵੀ ਬਣਵਾ ਰਿਹਾ ਸੀ। ਫਰਾਰ ਹੋਏ ਇਨ੍ਹਾਂ ਦੋਸ਼ੀਆਂ ਨੂੰ ਦਬੋਚਣ ਲਈ ਐਸ.ਪੀ. ਜਾਂਚ ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਜਾਂਚ ਸੁਖਮਿੰਦਰ ਸਿੰਘ ਚੌਹਾਨ ਦੀ ਗਵਾਈ ‘ਚ ਜ਼ਿਲ੍ਹੇ ਦੇ ਸੀਲਿੰਗ ਪੁਆਇੰਟਾ ਤੇ ਹਰਿਆਣਾ ਰਾਜ ਦੇ ਨਾਲ ਲੱਗਦੇ ਰਸਤਿਆਂ ਦੀ ਸਪੈਸ਼ਲ ਨਿਗਰਾਨੀ ਕੀਤੀ ਜਾ ਰਹੀ ਸੀ। ਇਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਰਾਜ ਦੇ ਬਾਰਡਰ ਦੇ ਨਾਲ ਲੱਗਦੇ ਪਿੰਡ ਦੁੱਲਵਾ ਨੇੜੇ ਇੰਚਾਰਜ ਸੀ.ਆਈ.ਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਇੰਚਾਰਜ ਸੀ.ਆਈ.ਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ ਦੀ ਪੁਲਿਸ ਪਾਰਟੀ ਨੇ ਜਾਅਲੀ ਨੰਬਰ ਵਾਲੀ ਕਵਿੱਡ ਕਾਰ ਚੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰ ਉਹੀ ਕਾਰ ਹੈ ਜੋ ਥਾਣਾ ਸਿਵਲ ਲਾਇਨ ਦੇ ਏਰੀਆ ਵਿਚੋਂ ਖੋਹੀ ਸੀ। ਨਵ ਲਾਹੋਰੀਆ ਦੀ ਤਲਾਸੀ ਕਰਨ ਇਕ 30 ਬੋਰ ਪਿਸਟਲ ਸਮੇਂਤ 3 ਰੌਂਦ ਤੇ ਅੰਕੁਰ ਸਿੰਘ ਉਰਫ ਛੋਟੂ ਪਾਸੋ ਇਕ 315 ਬੋਰ ਦੇਸੀ ਪਿਸਤੋਲ ਸਮੇਂਤ 02 ਰੌਂਦ 315 ਬੋਰ ਬਰਾਮਦ ਕੀਤੇ ਗਏ। ਇਹ ਬਰਾਮਦ ਅਸਲਾ ਵੀ 2 ਫਰਵਰੀ ਪੁਲਿਸ ਨਾਲ ਹੋਈ ਮੁਠਭੇੜ ਦੌਰਾਨ ਵਰਤਿਆ ਸੀ ਤੇ ਇਹ ਅਸਲਾ ਗ਼ੈਰਕਾਨੂੰਨੀ ਹੈ।
ਸਿੱਧੂ ਅਨੁਸਾਰ ਮਈ 2018 ਤੋਂ ਲਾਹੌਰੀਆ ਇਰਾਦਾ ਕਤਲ ਅਤੇ ਹੋਰ ਕੇਸਾ ਵਿੱਚ ਭਗੋੜਾ ਚੱਲਿਆ ਆ ਰਿਹਾ ਸੀ।  ਇਸ ਗਿਰੋਹ ਦੇ ਹੋਰ ਮੈਂਬਰ ਜ਼ਿਲ੍ਹਾ ਸੋਨੀਪਤ, ਦਿੱਲੀ ਅਤੇ ਰਾਜਸਥਾਨ ਦੇ ਏਰੀਆ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ 22 ਸਾਲਾ ਨਵ ਲਹੌਰੀਆ ਇਲੈਕਟ੍ਰੋਨਿਕ ‘ਚ ਡਿਪਲੋਮਾ ਹੈ, 23 ਸਾਲਾ ਅੰਕੁਰ ਮਨੀ ਤੇ ਪ੍ਰਸ਼ਾਤ ਹਿੰਦਰਾਵ ਛੋੜੂ ਬਾਰਵੀਂ ਪਾਸ ਹਨ ਜਦੋਂਕਿ 21 ਸਾਲਾ ਅਨਵਨੀਤ ਨਵੀ ਤੇ 23 ਸਾਲਾ ਦਲਬੀਰ ਸਿੰਘ ਮਨੀ ਬੀ.ਏ. ਭਾਗ ਪਹਿਲਾ ਤੱਕ ਪੜ੍ਹੇ ਹਨ।
ਗੈਂਗਸਟਰ ਲਾਰੈਂਸ ਬਿਸਨੋਈ ਜੋ ਕਿ ਭਰਤਪੁਰ ਰਾਜਸਥਾਨ ਜੇਲ ਤੇ ਗੈਂਗਸਟਰ ਸੰਪਤ ਨੇਹਰਾ ਫਰੀਦਕੋਟ ਜੇਲ ‘ਚ ਬੰਦ ਹਨ। ਅੰਕੁਰ ਤੇ ਪ੍ਰਸਾਂਤ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਇਹ ਹੁਣ ਪਟਿਆਲਾ ਤੇ ਇਸ ਦੇ ਆਸ ਪਾਸ ਦੇ ਇਲਾਕੇ ‘ਚ ਸਰਗਰਮ ਰਹਿਕੇ ਕਈ ਵਾਰਦਾਤਾਂ ਕਰਨ ਦੀ ਤਾਕ ਵਿਚ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।