ਬਿਜਲੀ ਮੰਤਰੀ ਨੇ ਇੰਜੀਨੀਅਰਾਂ ਨਾਲ ਕੀਤਾ ਵਿਚਾਰ ਵਟਾਂਦਰਾ
ਬਠਿੰਡਾ, (ਅਸ਼ੋਕ ਵਰਮਾ) | ਅਗਾਮੀ ਲੋਕ ਸਭਾ ਚੋਣਾਂ ‘ਚ ਸਿਆਸੀ ਸੇਕ ਦੇ ਡਰੋਂ ਕੈਪਟਨ ਸਰਕਾਰ ਨੇ ਬਠਿੰਡਾ ਥਰਮਲ ਨੂੰ ਹੁਣ ਪਰਾਲੀ ਨਾਲ ਭਖਾਉਣ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਕਾਫੀ ਸੋਚ ਸਮਝ ਕੇ ਫੈਸਲਾ ਲਿਆ ਹੈ ਕਿ ਜੇਕਰ ਪਹਿਲੀ ਪਾਤਸ਼ਾਹੀ ਦੇ ਨਾਮ ‘ਤੇ ਬਣਿਆ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਰਹਿੰਦਾ ਹੈ ਤਾਂ ਕਾਂਗਰਸ ਪਾਰਟੀ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਖਾਸ ਤੌਰ ‘ਤੇ ਖਜਾਨਾ ਮੰਤਰੀ ਦੇ ਹਲਕੇ ‘ਚ ਤਾਂ ਗਾਹੇ ਬਗਾਹੇ ਬੰਦ ਥਰਮਲ ਹੁਣ ਵੀ ਸੰਘਰਸ਼ੀ ਲਾਟਾਂ ਛੱਡਦਾ ਰਹਿੰਦਾ ਹੈ ਇਹੋ ਕਾਰਨ ਹੈ ਕਿ ਪਾਵਰਕੌਮ ਨੇ ਬਦਲ ਵਜੋਂ ਨਵੇਂ ਰਾਹ ਦੇਖਣੇ ਸ਼ੁਰੂ ਕੀਤੇ ਹਨ
ਅੱਜ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਇੰਜਨੀਅਰਾਂ ਨਾਲ ਗੱਲਬਾਤ ਕਰਕੇ ਸੰਭਾਵਨਾਵਾਂ ਦਾ ਜਾਇਜ਼ਾ ਲਿਆ ਹੈ ਇਸ ਦੌਰੇ ਉਪਰੰਤ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਵਿਰਾਸਤੀ ਥਰਮਲ ਨੂੰ ਕਿਸੇ ਨਾ ਕਿਸੇ ਰੂਪ ‘ਚ ਤਪਦਾ ਰੱਖਣਾ ਚਾਹੁੰਦੀ ਹੈ ਨਵੀਂ ਯੋਜਨਾਬੰਦੀ ਬਣੀ ਹੈ ਕਿ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਨਾਲ ਚਲਾ ਕੇ ਬਿਜਲੀ ਪੈਦਾ ਕੀਤੀ ਜਾਵੇ ਇਸ ਨਾਲ ਮਾਲਵੇ ਵਿੱਚੋਂ ਪਰਾਲੀ ਦਾ ਮਸਲਾ ਵੀ ਹੱਲ ਹੋ ਸਕਦਾ ਹੈ ਇੱਕ ਪਾਸੇ ਖੇਤਾਂ ‘ਚੋਂ ਪਰਾਲੀ ਦੀ ਯੋਗ ਵਰਤੋਂ ਨਾਲ ਪ੍ਰਦੂਸ਼ਣ ਘਟੇਗਾ, ਦੂਸਰੀ ਤਰਫ਼ ਥਰਮਲ ਵਿੱਚ ਮੁੜ ਜਾਨ ਪੈ ਜਾਵੇਗੀ ਸੂਤਰਾਂ ਮੁਤਾਬਕ ਇਹ ਯੋਜਨਾ ਬਿਲਕੁਲ ਅੰਤਲੇ ਪੜਾਅ ‘ਤੇ ਹੈ, ਜਿਸ ਤਹਿਤ ਵੱਡੀਆਂ ਫ਼ਰਮਾਂ ਨੂੰ ਪਰਾਲੀ ਨਾਲ ਯੂਨਿਟ ਚਲਾਏ ਜਾਣ ਸਬੰਧੀ ਪੇਸ਼ਕਾਰੀ ਲਈ ਸੱਦਾ ਦਿੱਤਾ ਜਾਣਾ ਹੈ ਕੈਪਟਨ ਸਰਕਾਰ ਵੱਲੋਂ ਬਠਿੰਡਾ ਥਰਮਲ ਨੂੰ ਪਹਿਲੀ ਜਨਵਰੀ 2018 ਤੋਂ ਬੰਦ ਕਰ ਦਿੱਤਾ ਗਿਆ, ਜਿਸ ਮਗਰੋਂ ਇਲਾਕੇ ‘ਚ ਨਾਰਾਜ਼ਗੀ ਵਧੀ ਹੈ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨਾ ਲਾਉਣ ਦਾ ਮੌਕਾ ਮਿਲਿਆ ਹੈ ਏਦਾਂ ਦੇ ਹਾਲਾਤ ‘ਚ ਇੱਕ ਯੂਨਿਟ ਨੂੰ ਮੁੜ ਚਲਾਉਣ ਦੀ ਸੰਭਾਵਨਾ ਬਣ ਗਈ ਹੈ
ਥਰਮਲ ਪ੍ਰਬੰਧਕਾਂ ਨੇ ਅੱਜ ਬਿਜਲੀ ਮੰਤਰੀ ਨੂੰ ਦੱਸਿਆ ਕਿ ਇੱਕ ਯੂਨਿਟ ਤੋਂ 60 ਤੋਂ 62 ਮੈਗਾਵਾਟ ਬਿਜਲੀ ਉਤਪਾਦਨ ਦੀ ਸੰਭਾਵਨਾ ਹੈ ਜਦੋਂਕਿ ਥਰਮਲ ਦੇ ਇੱਕ ਯੂਨਿਟ ਦੀ ਸਮਰੱਥਾ 110 ਮੈਗਾਵਾਟ ਬਿਜਲੀ ਪੈਦਾਵਾਰ ਦੀ ਹੈ ਇਸ ਪ੍ਰੋਜੈਕਟ ‘ਤੇ 120 ਤੋਂ 150 ਕਰੋੜ ਰੁਪਏ ਦਾ ਖਰਚਾ ਆਵੇਗਾ ਤੇ ਇਸ ਨੂੰ ਸੌ ਦਿਨ ਤੱਕ ਚਲਾਇਆ ਜਾ ਸਕਦਾ ਹੈ, ਜਿਸ ਲਈ ਪਰਾਲੀ ਆਧਾਰਿਤ ਬੁਆਇਲਰ ਦੀ ਲੋੜ ਪਵੇਗੀ ਥਰਮਲ ਦੇ ਇਕੱਲੇ ਬੁਆਇਲਰ ਤਬਦੀਲੀ ਨਾਲ ਥਰਮਲ ਦੀ ਬਾਕੀ ਮਸ਼ੀਨਰੀ ਵੀ ਵਰਤੋਂ ਮੌਜੂਦਾ ਰੂਪ ਵਿੱਚ ਹੀ ਕੀਤੀ ਜਾ ਸਕਦੀ ਹੈ ਥਰਮਲ ਪ੍ਰਬੰਧਕਾਂ ਨੇ ਬਿਜਲੀ ਮੰਤਰੀ ਨੂੰ ਦੱਸਿਆ ਹੈ ਕਿ ਪਰਾਲੀ ਮਿਲਣ ਨਾਲ ਕਿਸਾਨਾਂ ਨੂੰ ਵੀ ਮਾਲੀ ਤੌਰ ‘ਤੇ ਫ਼ਾਇਦਾ ਮਿਲੇਗਾ ਤੇ ਇਸ ਨਾਲ ਬਿਜਲੀ ਪੈਦਾਵਾਰ ਵੀ ਪ੍ਰਤੀ ਯੂਨਿਟ ਸਸਤੀ ਪਵੇਗੀ ਥਰਮਲ ਯੂਨਿਟ ਵਿੱਚ ਕੋਲੇ ਦੀ ਥਾਂ ਸਿਰਫ਼ ਪਰਾਲੀ ਵਰਤੀ ਜਾਣੀ ਹੈ
ਪਤਾ ਲੱਗਿਆ ਹੈ ਕਿ ਥਰਮਲ ਪਲਾਂਟ ਦੇ ਅੰਦਰ 100 ਮੈਗਾਵਾਟ ਦਾ ਸੋਲਰ ਪਲਾਂਟ ਲਾਏ ਜਾਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ ਪਾਵਰਕੌਮ ਦੇ ਇੰਜਨੀਅਰਾਂ ‘ਚ ਇਹੋ ਚਰਚਾ ਹੈ ਕਿ ਹੁਣ ਜਨਤਕ ਖੇਤਰ ਦੇ ਥਰਮਲਾਂ ਨੂੰ ਰਾਹਤ ਮਿਲੇਗੀ ਦੱਸਣਯੋਗ ਹੈ ਕਿ ਬਠਿੰਡਾ ਥਰਮਲ ਦਾ ਆਖ਼ਰੀ ਯੂਨਿਟ 21 ਸਤੰਬਰ 2017 ਨੂੰ ਬੰਦ ਹੋਇਆ ਸੀ ਪਾਵਰਕੌਮ ਨੇ 715 ਕਰੋੜ ਦਾ ਕਰਜ਼ਾ ਚੁੱਕ ਕੇ ਥਰਮਲ ਦੇ ਦੋ ਯੂਨਿਟਾਂ ਦਾ ਸਾਲ 2004-07 ਵਿੱਚ ਅਤੇ ਤਿੰਨ ਅਤੇ ਚਾਰ ਯੂਨਿਟ ਦੀ ਸਾਲ 2010-14 ਵਿੱਚ ਰੈਨੋਵੇਸ਼ਨ ਕਰਾਈ ਸੀ ਰੈਨੋਵੇਸ਼ਨ ਮਗਰੋਂ ਥਰਮਲ ਦੇ ਤਿੰਨ ਨੰਬਰ ਯੂਨਿਟ ਦੀ ਮਿਆਦ ‘ਚ 2029 ਤੱਕ ਤੇ ਚਾਰ ਨੰਬਰ ਯੂਨਿਟ ਦੀ ਉਮਰ ‘ਚ ਸਾਲ 2031 ਦਾ ਵਾਧਾ ਹੋਇਆ ਹੈ ਇਸੇ ਦੌਰਾਨ ਸਰਕਾਰ ਨੇ ਇਸ ਥਰਮਲ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਸੂਤਰਾਂ ਮੁਤਾਬਕ ਇਸ ਵਿਸ਼ੇ ‘ਤੇ ਅਗਲੀ ਮੀਟਿੰਗ ਪੰਜ ਫਰਵਰੀ ਨੂੰ ਰੱਖੀ ਗਈ ਹੈ ਉਸ ਮਗਰੋਂ ਮਾਮਲਾ ਪੰਜਾਬ ਕੈਬਨਿਟ ‘ਚ ਵਿਚਾਰਿਆ ਜਾਏਗਾ ਸੂਤਰ ਦੱਸਦੇ ਹਨ ਕਿ ਜਿਸ ਤਰਾਂ ਦੇ ਸਿਆਸੀ ਹਾਲਾਤ ਹਨ ਤਾਂ ਵਜ਼ਾਰਤ ਦੀ ਹਰੀ ਝੰਡੀ ਮਿਲਣ ‘ਚ ਦੇਰ ਨਹੀਂ ਲੱਗਣੀ ਅਤੇ ਚੋਣ ਜਾਬਤੇ ਤੋਂ ਪਹਿਲਾਂ ਬਠਿੰਡਾ ਥਰਮਲ ਦੀ ਚਿਮਨੀ ‘ਚੋਂ ਮੁੜ ਧੂੰਆਂ ਨਿਕਲ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।