ਆਯੂਸ਼ਮਾਨ ਲਈ ਤਰਸਿਆ ਪੰਜਾਬ

Punjab pains for Ayushman

ਸਰਕਾਰ ਨਹੀਂ ਲਾਗੂ ਕਰ ਸਕੀ ਬੀਮਾ ਯੋਜਨਾ

ਚੰਡੀਗੜ੍ਹ | ਦੇਸ਼ ਭਰ ਵਿੱਚ ਲਾਗੂ ਹੋਈ ਆਯੂਸਮਾਨ ਸਿਹਤ ਬੀਮਾ ਯੋਜਨਾ ਲਈ ਪੰਜਾਬ ਦੇ 45 ਲੱਖ ਤੋਂ ਜ਼ਿਆਦਾ ਪਰਿਵਾਰ ਤਰਸ ਗਏ ਹਨ। ਪੰਜਾਬ ਦਾ ਸਿਹਤ ਵਿਭਾਗ ਇਸ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਨਾ ਸਿਰਫ਼ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ, ਸਗੋਂ ਇਸ ‘ਚ ਬੇਲੋੜੀ ਦੇਰੀ ਕਾਰਨ ਪੰਜਾਬ ਦੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਇਸ ਬੀਮਾ ਯੋਜਨਾ ਤਹਿਤ ਉਨ੍ਹਾਂ ਨੂੰ ਲੋਕਾਂ ਨੂੰ ਬਿਮਾਰੀ ਦੇ ਇਲਾਜ ਕਰਵਾਉਣ ਲਈ ਮੋਟੀ ਫੀਸ ਨਹੀਂ ਦੇਣੀ ਪੈਣੀ ਸੀ ਪਰ ਬੀਮਾ ਯੋਜਨਾ ਲਾਗੂ ਨਾ ਹੋਣ ਕਾਰਨ ਪੰਜਾਬੀਆਂ ਨੂੰ ਆਪਣੀ ਸਿਹਤ ਦੇ ਖ਼ਿਆਲ ਲਈ ਖ਼ੁਦ ਪੈਸੇ ਖ਼ਰਚਣੇ ਪੈ ਰਹੇ ਹਨ। ਇਸ ਸਬੰਧੀ ਕੋਈ ਹੱਲ ਕੱਢਣ ਦੀ ਥਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਮੰਤਰੀ ਤੱਕ ਨਾ ਹੀ ਮਿਲਣ ਨੂੰ ਤਿਆਰ ਹਨ ਤੇ ਨਾ ਹੀ ਇਸ ਸਬੰਧੀ ਗੱਲਬਾਤ ਕਰ ਰਹੇ ਹਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਆਯੂਸਮਾਨ ਭਾਰਤ ਸਿਹਤ ਬੀਮਾ ਯੋਜਨਾ ਚਲਾਉਂਦੇ ਹੋਏ ਕਰੋੜਾਂ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਹੋਇਆ ਹੈ। ਇਸ ਸਕੀਮ ਤਹਿਤ ਪੰਜਾਬ ਦੇ 14 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਵੀ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਮਿਲਣਾ ਹੈ ਪਰ ਪੰਜਾਬ ਸਰਕਾਰ ਨੇ ਇਨ੍ਹਾਂ 14 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਇਸ ਆਯੂਸਮਾਨ ਬੀਮਾ ਯੋਜਨਾ ਦਾ ਲਾਭ ਦੇਣ ਦੀ ਥਾਂ ‘ਤੇ ਇਹ ਕਹਿ ਦਿੱਤਾ ਕਿ ਪੰਜਾਬ ਸਰਕਾਰ ਖੁਦ ਦੀ ਸਕੀਮ ਲੈ ਕੇ ਆ ਰਹੀ ਹੈ, ਜਿਸ ਰਾਹੀਂ ਸਿਰਫ਼ 14 ਲੱਖ ਹੀ ਨਹੀਂ, ਸਗੋਂ 45 ਲੱਖ ਦੇ ਕਰੀਬ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਦਾ ਫਾਇਦਾ ਹੋਏਗਾ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਆਯੂਸਮਾਨ ਭਾਰਤ ਦੀ ਥਾਂ ‘ਤੇ ਜਲਦ ਹੀ ਪੰਜਾਬ ਦੀ ਸਕੀਮ ਲੈ ਕੇ ਆਉਣ ਦਾ ਐਲਾਨ ਵੀ ਕੀਤਾ ਸੀ ਪਰ ਪੰਜਾਬ ਦਾ ਸਿਹਤ ਵਿਭਾਗ ਇਸ ਸਕੀਮ ਨੂੰ ਲਾਗੂ ਕਰਵਾਉਣ ਵਿੱਚ ਹੁਣ ਤੱਕ ਅਸਫ਼ਲ ਸਾਬਤ ਹੋਇਆ ਹੈ। ਸਿਹਤ ਵਿਭਾਗ ਵੱਲੋਂ 45 ਲੱਖ ਪਰਿਵਾਰਾਂ ਦਾ ਸਿਹਤ ਬੀਮਾ ਤਾਂ ਕੀ ਕਰਨਾ ਸੀ, ਆਯੂਸਮਾਨ ਭਾਰਤ ਤਹਿਤ ਕੇਂਦਰ ਸਰਕਾਰ ਦੇ ਖ਼ਰਚੇ ‘ਤੇ ਹੋਣ ਵਾਲੇ 14 ਲੱਖ ਪਰਿਵਾਰਾਂ ਦਾ ਵੀ ਸਿਹਤ ਬੀਮਾ ਨਹੀਂ ਕਰਵਾਇਆ, ਜਿਸ ਦਾ ਖਮਿਆਜ਼ਾ ਉਨ੍ਹਾਂ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਆਪਣੀ ਜੇਬ ‘ਚੋਂ ਲੱਖਾਂ ਰੁਪਏ ਖ਼ਰਚ ਕੇ ਇਲਾਜ ਕਰਵਾਉਣਾ ਪੈ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਵੀ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਨ ਤਾਂ ਕਈ ਵਾਰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਨਾ ਹੀ ਮੁਲਾਕਾਤ ਹੋਈ ਤੇ ਨਾ ਹੀ ਗੱਲਬਾਤ ਹੋ ਸਕੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।