ਬਠਿੰਡਾ(ਅਸ਼ੋਕ ਵਰਮਾ) | ਬਠਿੰਡਾ ਵਿਖੇ ਅੱਜ ਪੰਜਾਬ ਰਾਜ ਖੇਡਾਂ ਲੜਕੀਆਂ (ਅੰਡਰ 14) ਦੀ ਅੱਜ ਰੰਗਾ ਰੰਗ ਅੰਦਾਜ਼ ‘ਚ ਸ਼ੁਰੂਆਤ ਕੀਤੀ ਗਈ। ਇਹ ਖੇਡਾਂ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਦੀ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਵੱਲੋਂ ਕੀਤੀ ਜਾ ਰਹੀ ਹੈ
ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸ. ਹਰਜੀਤ ਸਿੰਘ, ਡਿਵੀਜ਼ਨਲ ਕਮਿਸ਼ਨਰ, ਫ਼ਰੀਦਕੋਟ ਨੇ ਇਸ ਮੌਕੇ ਖੇਡ ਵਿਭਾਗ ਦਾ ਝੰਡਾ ਲਹਿਰਾਇਆ ਅਤੇ ਸਮੂਹ ਜ਼ਿਲ੍ਹਿਆਂ ਤੋਂ ਪਹੁੰਚੀਆਂ ਖਿਡਾਰਨਾਂ ਦੇ ਮਾਰਚ ਪਾਸਟ ਨੂੰ ਤੋਂ ਸਲਾਮੀ ਲੈਣ ਉਪਰੰਤ ਦੇ ਖੇਡਾਂ ਦੀ ਸ਼ੁਰੂਆਤ ਕੀਤੀ।ਮੁੱਖ ਮਹਿਮਾਨ ਨੇ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਸੂਬੇ ਦੀਆਂ ਖਿਡਾਰਣਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ। ਇਸ ਉਪਰੰਤ ਕੌਮੀ ਪੱਧਰ ‘ਤੇ ਤਮਗ਼ੇ ਜੇਤੂ ਖਿਡਾਰਣਾਂ ਗਗਨਦੀਪ ਕੌਰ, ਨੀਤੂ, ਮਨਮੀਤ ਕੌਰ ਅਤੇ ਕੋਮਲ ਨੇ ਖੇਡ ਪਿੜ ਵਿੱਚ ਮਸ਼ਾਲ ਸਥਾਪਤ ਕਰਨ ਦੀ ਰਸਮ ਨਿਭਾਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਸਹੀ ਰਸਤੇ ਪਾਉਣ ਲਈ ਖੇਡਾਂ ਬਿਹਤਰ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ’14 ਸਾਲ ਦੀ ਉਮਰ ਜ਼ਿੰਦਗੀ ਦਾ ਅਜਿਹਾ ਮੋੜ ਹੈ, ਜਿੱਥੋਂ ਕੋਈ ਇਨਸਾਨ ਚੰਗੇ ਜਾਂ ਬੁਰੇ ਰਸਤੇ ਵੱਲ ਮੁੜ ਸਕਦਾ ਹੈ ਇਸ ਲਈ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਲਾਕ, ਜ਼ਿਲ੍ਹਾ ਤੇ ਸੂਬਾਈ ਪੱਧਰ ‘ਤੇ ਟੂਰਨਾਮੈਂਟ ਕਰਾ ਰਹੀ ਹੈ ਤਾਂ ਜੋ ਨੌਜਵਾਨ ਤੰਦਰੁਸਤੀ ਵੱਲ ਲਿਜਾਣ ਵਾਲਾ ਸਹੀ ਰਸਤਾ ਚੁਣਨ ਅਤੇ ਖੇਡਾਂ ਰਾਹੀਂ ਆਪਣੇ ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਸਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਲਈ ਇਨਾਮ ਰਾਸ਼ੀ ਵਿੱਚ ਕਾਫੀ ਵਾਧਾ ਕੀਤਾ ਹੈ। ਸ਼੍ਰੀ ਹਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ ਹੁਣ ਤੱਕ 2200 ਖਿਡਾਰਨਾਂ ਪਹੁੰਚੀਆਂ ਹਨ, ਜੋ ਬਾਸਕਿਟਬਾਲ, ਹੈਂਡਬਾਲ, ਫ਼ੁਟਬਾਲ, ਬੈਡਮਿੰਟਨ, ਟੇਬਲ ਟੈਨਿਸ, ਜੂਡੋ, ਬਾਕਸਿੰਗ, ਕਬੱਡੀ, ਵੇਟਲਿਫ਼ਟਿੰਗ, ਵਾਲੀਬਾਲ ਅਤੇ ਖੋਹ-ਖੋਹ ਆਦਿ ਖੇਡਾਂ ਵਿਚ ਹਿੱਸਾ ਲੈਣਗੀਆਂ। ਇਸ ਮੌਕੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ