ਬਰਨਾਲਾ ‘ਚ 20 ਨੂੰ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਰੈਲੀ
ਬਰਨਾਲਾ( ਜੀਵਨ )| ਆਮ ਆਦਮੀ ਪਾਰਟੀ ਦੀ ਪਹਿਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਸੁਖਪਾਲ ਸਿੰਘ ਖਹਿਰਾ ਵੱਡੇ ਡਰਾਮੇਬਾਜ਼ ਹਨ ਜੇਕਰ ਉਨ੍ਹਾਂ ‘ਚ ਗੈਰਤ ਹੈ ਤਾਂ ਉਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਂਸਦ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਬੁਧਰਾਮ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ। ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਅੱਜ ਬਰਨਾਲਾ ਪਹੁੰਚੀ ਹੋਈ ਸੀ, ਜਿਨ੍ਹਾਂ ਨੇ 20 ਜਨਵਰੀ ਨੂੰ ਬਰਨਾਲਾ ‘ਚ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੱਧਰੀ ਰੈਲੀ ਦੀ ਤਿਆਰੀ ਦਾ ਜਾਇਜ਼ਾ ਲਿਆ। ਆਪ ਆਗੂਆਂ ਨੇ ਕਿਹਾ ਕਿ ਖਹਿਰਾ ਸਿਰਫ ਅਹੁਦੇ ਦੇ ਭੁੱਖੇ ਹਨ। ਖਹਿਰਾ ਜਿਸ ਵੀ ਪਾਰਟੀ ‘ਚ ਰਹਿੰਦੇ ਹਨ ਉੁਨ੍ਹਾਂ ਖਿਲਾਫ ਹੀ ਬੋਲਕੇ ਅਨੁਸ਼ਾਸਨ ਨੂੰ ਭੰਗ ਕਰਨ ਦੇ ਆਦਿ ਹਨ। ਕਾਂਗਰਸ ‘ਚ ਰਹਿੰਦਿਆਂ ਕਦੇ ਵਿਰੋਧੀ ਪਾਰਟੀਆਂ ਖਿਲਾਫ ਕੁਝ ਨਹੀਂ ਬੋਲਿਆ, ਸਿਰਫ ਕਾਂਗਰਸ ਲੀਡਰਾਂ ਖਿਲਾਫ ਹੀ ਬੋਲਦੇ ਰਹੇ ਹਨ।
ਇਹੀ ਕੰਮ ਉਨ੍ਹਾਂ ਆਮ ਆਦਮੀ ਪਾਰਟੀ ‘ਚ ਰਹਿੰਦੇ ਹੋਏ ਵੀ ਕੀਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ, ਹੁਣ ਉਹ ਆਮ ਆਦਮੀ ਪਾਰਟੀ ਦੇ ਰਹਿਮੋ-ਕਰਮ ‘ਤੇ ਹਨ ਜਦੋਂ ਵੀ ਪਾਰਟੀ ਚਾਹੇਗੀ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਫਾਰਗ ਕਰ ਸਕਦੀ ਹੈ ਇਸ ਲਈ ਵਿਰੋਧੀ ਧਿਰ ਦੇ ਆਗੂ ਵਿਧਾਨ ਸਭਾ ਸਪੀਕਰ ਨੂੰ ਇੱਕ ਪੱਤਰ ਲਿਖ ਕੇ ਦੇਣਗੇ ਤਾਂ ਭਾਰਤੀ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਅਗਲੇ ਹੀ ਮਿੰਟ ਵਿਧਾਇਕ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇਗਾ।
ਆਪ ਆਗੂਆਂ ਨੇ ਦਾਅਵਾ ਕੀਤਾ ਕਿ ਜਲਦ ਹੀ ਖਹਿਰਾ ਦੇ ਸਾਥੀ ਵਿਧਾਇਕ ਉਨ੍ਹਾਂ ਨਾਲ ਬੈਠੇ ਨਜ਼ਰ ਆਉਣਗੇ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ 2019 ਲੋਕ ਸਭਾ ਚੋਣਾਂ ਸਬੰਧੀ ਸ਼ੁਰੂਆਤੀ ਗੇੜ ‘ਚ ਆਮ ਆਦਮੀ ਪਾਰਟੀ ਸੁਪਰੀਮਓ ਅਰਵਿੰਦ ਕੇਜਰੀਵਾਲ ਪੰਜਾਬ ‘ਚ ਤਿੰਨ ਰੈਲੀਆਂ ਕਰਨਗੇ। ਪਹਿਲੀ ਮਾਲਵਾ ਦੇ ਕੇਂਦਰ ਬਰਨਾਲਾ ‘ਚ 20 ਜਨਵਰੀ ਨੂੰ ਅਨਾਜ ਮੰਡੀ ‘ਚ ਹੋਵੇਗੀ।
ਦੂਜੀ ਤੇ ਤੀਜੀ ਰੈਲੀ ਮਾਝਾ ਤੇ ਦੁਆਬਾ ‘ਚ ਹੋਵੇਗੀ। ਆਪ ਆਗੂਆਂ ਨੇ ਦੱਸਿਆ ਕਿ 20 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਪਹਿਲੇ ਬਰਨਾਲਾ ਦੇ ਪਿੰਡ ਠੀਕਰੀਵਾਲ ‘ਚ ਜਾਕੇ ਪਰਜਾ ਮੰਡਲ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਉਸ ਤੋਂ ਬਾਅਦ ਬਰਨਾਲਾ ਦੀ ਅਨਾਜ ਮੰਡੀ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਆਪ ਆਗੂਆਂ ਨੇ ਕਿਹਾ ਕਿ ਉਹ ਨੈਗੇਟਿਵ ਰਾਜਨੀਤੀ ਨਹੀਂ ਕਰਨਗੇ। ਰੈਲੀ ‘ਚ ਕਿਸਾਨਾਂ, ਮਜ਼ਦੂਰਾਂ, ਵਪਾਰੀ, ਸਿਹਤ ਤੇ ਸਿੱਖਿਆ ਦੇ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਤੋਂ ਸਿੱਖਿਆ ਦਾ ਪੱਧਰ ਖਤਮ ਕਰਨ ‘ਤੇ ਹੈ ਹੁਣ ਤੱਕ ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਨੂੰ ਸਰਦੀ ਦੇ ਕੱਪੜੇ ਨਹੀਂ ਮਿਲੇ। ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਦੀ ਤੁਲਨਾ ਢਾਬੇ ਨਾਲ ਕਰ ਰਹੇ ਹਨ।
ਇਸ ਸਮੇਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਸਾਂਸਦ ਭਗਵੰਤ ਮਾਨ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪੇਂਸੀਪਲ ਬੁਧਰਾਮ ਐੱਮਐੱਲਏ ਬੁਢਲਾਡਾ, ਮੀਤ ਹੇਅਰ ਐੱਮਐੱਲਏ ਬਰਨਾਲਾ, ਕੁਲਵੰਤ ਸਿੰੰਘ ਪੰਡੋਰੀ, ਐੱਮਐੱਲਏ ਮਹਿਲ ਕਲਾਂ, ਰੁਪਿੰਦਰ ਰੂਬੀ ਐੱਮਐੱਲਏ ਬਠਿੰਡਾ ਦੇਹਾਤੀ, ਮਨਜੀਤ ਬਿਲਾਸਪੁਰ ਐੱਮਐੱਲਏ ਨਿਹਾਲ ਸਿੰੰਘ ਵਾਲਾ, ਦਲਬੀਰ ਢਿੱਲੋਂ ਤੇ ਮਾਸਟਰ ਪ੍ਰੇਮ ਕੁਮਾਰ ਤੇ ਹੋਰ ਲੋਕਲ ਆਗੂ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।