ਭਈਏ ਨੇ ਜਿਮੀਂਦਾਰ ਨੂੰ ਮਾਰ ਕੇ ਰੂੜੀ ‘ਚ ਦੱਬਿਆ

Bhaiya killed the landlord and buried him in the manure

22 ਦਸੰਬਰ ਤੋਂ ਲਾਪਤਾ ਸੀ ਜਿਮੀਂਦਾਰ

ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ

ਸਨੌਰ| ਬੀਤੇ ਸਾਲ ਦੀ 22 ਦਸੰਬਰ ਤੋਂ ਪਿੰਡ ਨਿਆਮਤਪੁਰ ਦੇ ਲਾਪਤਾ ਜਿਮੀਂਦਾਰ ਜਗੀਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਅੱਜ ਥਾਣਾ ਜੁਲਕਾਂ ਦੀ ਪੁਲਿਸ ਨੇ ਸੁਲਝਾ ਲਿਆ ਹੈ, ਜਿਸ ਨੂੰ ਕਿ ਪਿੰਡ ਨੇੜਲੇ ਇੱਕ ਡੇਰੇ ਦੇ ਜਿਮੀਂਦਾਰ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ ਛੋਟੂ ਵਾਸੀ ਰਾਣੀਗੰਜ ਬਿਹਾਰ ਨੇ ਮਾਰ ਕੇ ਰੂੜੀ ਵਿੱਚ ਦੱਬ ਦਿੱਤਾ ਸੀ, ਜਿਸ ਦੀ ਲਾਸ਼ ਨੂੰ ਅੱਜ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਤੇ ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਤੇ ਥਾਣਾ ਜੁਲਕਾਂ ਦੇ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਦੀ ਮੌਜੂਦਗੀ ‘ਚ ਰੂੜੀ ‘ਚੋਂ ਕੱਢ ਕੇ ਪੋਸਟ ਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਨਿਆਮਤਪੁਰ ਦਾ ਜਗੀਰ ਸਿੰਘ (54) ਪੁੱਤਰ ਹਰਨਾਮ ਸਿੰਘ ਬੀਤੇ ਸਾਲ ਦੀ 22 ਦਸੰਬਰ ਨੂੰ ਸ਼ਾਮ ਦੇ 7 ਵਜੇ ਤੋਂ ਬਾਅਦ ਭੇਦ ਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਸੀ, ਜਿਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਸੂਚਨਾ ਥਾਣਾ ਜੁਲਕਾਂ ਦੀ ਪੁਲਿਸ ਨੂੰ ਦਿੱਤੀ ਸੀ ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਿਸ ਨੇ ਧਾਰਾ 346 ਤਹਿਤ 4 ਜਨਵਰੀ ਨੂੰ ਮਾਮਲਾ ਦਰਜ ਕਰਕੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣਾ ਜੁਲਕਾਂ ਦੀ ਪੁਲਿਸ ਨੇ ਉਸ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਆਖਰੀ ਸਮੇਂ ਦੀਆਂ ਮੋਬਾਇਲ ਕਾਲਾਂ ਕੱਢਣ ਤੋਂ ਬਾਅਦ ਪਿੰਡ ਦੇ ਨੇੜਲੇ ਡੇਰਾ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ ਛੋਟੂ ‘ਤੇ ਜਾਂਚ ਦੀ ਸੂਈ ਘੁਮਾਉਂਦੇ ਹੋਏ ਜਦੋਂ ਉਸ ਤੋਂ ਡੂੰਘਾਈ ਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ। ਨੌਕਰ ਨੇ ਮੰਨਿਆ ਕਿ ਜਗੀਰ ਸਿੰਘ ਵੱਲੋਂ ਉਸ ਦੇ ਮਾਲਕ ਲੱਖਾ ਸਿੰਘ ਦੇ ਪਰਿਵਾਰ ਪ੍ਰਤੀ ਮੰਦੀ ਭਾਸ਼ਾ ਵਰਤਣ ਕਾਰਨ ਗੁੱਸੇ ‘ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਨੇ ਜਗੀਰ ਸਿੰਘ ਨਾਲ ਸ਼ਾਮ ਨੂੰ ਸ਼ਰਾਬ ਪੀਤੀ ਤੇ ਬਾਅਦ ‘ਚ ਟਰੈਕਟਰ ਦੀ ਡਰਾਅਬਾਰ (ਡਰਾਫਟ) ਉਸ ਦੇ ਸਿਰ ‘ਚ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ ਲਾਸ਼ ਨੂੰ ਘਰ ਦੇ ਨਾਲ ਹੀ ਪਈ ਰੂੜੀ ਵਿੱਚ ਦੱਬ ਦਿੱਤਾ ਸੀ। ਉਪ ਪੁਲਿਸ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਨੌਕਰ ਰਾਜ ਕੁਮਾਰ ਛੋਟੂ ਦੀ ਨਿਸ਼ਤਾਨਦੇਹੀ ‘ਤੇ ਅੱਜ ਕਤਲ ਵਾਲੀ ਜਗ੍ਹਾ ਤੋਂ ਮਾਰਨ ਲਈ ਵਰਤੀ ਗਈ ਡਰਾਅਬਾਰ (ਡਰਾਫਟ) ਬਰਾਮਦ ਕਰਨ ਤੋਂ ਬਾਅਦ ਜਿਮੀਂਦਾਰ ਦੀ ਲਾਸ਼ ਨੂੰ ਰੂੜੀ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਧਾਲੀਵਾਲ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਨੇ ਨਵੇਂ ਸਾਲ ਦਾ ਇਹ ਦੂਜਾ ਅੰਨ੍ਹਾ ਕਤਲ ਸੁਲਝਾਇਆ ਹੈ, ਜਦ ਕਿ ਪਿਛਲੇ ਸਾਲ 17 ਅੰਨ੍ਹੇ ਕਤਲਾਂ ਤੋਂ ਪਰਦਾ ਉਠਾਇਆ ਗਿਆ ਸੀ। ਥਾਣਾ ਜੁਲਕਾਂ ਦੀ ਪੁਲਿਸ ਨੇ ਮੁਲਜ਼ਮ ਰਾਜ ਕੁਮਾਰ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।