ਵਿਧਾਨ ਸਭਾ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਕੀਤਾ ਚਿੰਤਨ | BJP
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਤਿੰਨ ਹਿੰਦੀ ਭਾਸ਼ੀ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਦੇ ਕਾਰਨ ‘ਤੇ ਮੰਥਨ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਰਾਸ਼ਟਰ ਸਵੈਸੇਵਕ ਸੰਘ (ਆਰਆਰਐਸ) ਨੇ ਸੁਝਾਅ ਦਿੱਤਾ ਹੈ ਕਿ ਉਹ ਵਿਕਾਸ ਤੇ ਹਿੰਦੂਤਵ ਦੇ ਮੁੱਦੇ ਨੂੰ ਇੱਜੋ ਜਿਹੀ ਅਹਿਮੀਅਤ ਦੇਣ। ਸੰਘ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ਨੇ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਆਪਣੇ ਸੰਪਾਦਕੀ ਲੇਖ ‘ਚ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀਆਂ ਵਿਕਾਸ ਸਬੰਧੀ ਨੀਤੀਆਂ ਨਿਸ਼ਚਿਤ ਹੀ ਭਾਜਪਾ ਲਈ ਵੋਟ ਹਾਸਲ ਕਰਨ ਦਾ ਜ਼ਰੀਆ ਰਹੀਆਂ ਹਨ ਪਰ ਵੋਟਰਾਂ ਨੂੰ ਬੰਨ੍ਹ ਕੇ ਰੱਖਣ ਲਈ ਹਿੰਦੂਤਵ ਨੂੰ ਵੀ ਬਰਾਬਰ ਮਹੱਤਤਾ ਦੇਣੀ ਹੋਵੇਗੀ।
ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਹੰਦੂਤਵ ਦੀ ਵਿਚਾਰਧਾਰਾ ਉਦੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਕਾਂਗਰਸ ਹਿੰਦੂਤਵ ਦੇ ਰਸਤੇ ‘ਤੇ ਚੱਲ ਕੇ ਆਪਣੀਆਂ ਧਰਮ ਨਿਰਪੱਖ ਤੇ ਘੱਟ ਗਿਣਤੀ ਸਮੱਰਕ ਦਿੱਖ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਰਗੇਨਾਈਜ਼ਰ ਦੇ ਮੁਤਾਬਿਕ ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਸ ਗੱਲ ਦੀ ਹੈ ਕਿ ਸ੍ਰੀ ਮੋਦੀ ਦੀ ਅਗਵਾਈ ‘ਚ ਵਿਕਾਸ ਤੇ ਹਿੰਦੂਤਵ ਨੂੰ ਇੱਕ-ਦੂਜੇ ਦੇ ਪੂਰਕ ਦੇ ਤੌਰ ‘ਤੇ ਕਿਵੇਂ ਪੇਸ਼ ਕਰੀਏ।