ਪੁਲਿਸ ਬਣੀ ਰਹੀ ਮੂਕ ਦਰਸ਼ਕ
ਫਿਰੋਜ਼ਪੁਰ/ਮਮਦੋਟ | 30 ਦਸੰਬਰ ਨੂੰ ਪੰਜਾਬ ਭਰ ‘ਚ ਪੈਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਹੁੰਦਿਆਂ ਨੂੰ ਤਿੰਨ ਦਿਨ ਹੋ ਗਏ ਹਨ ਤੇ ਚਾਹਵਾਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਕਾਫੀ ਖਿੱਚ ਧੂਹ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਅੱਜ ਤੀਜੇ ਦਿਨ ਦੂਜੀ ਵਾਰ ਉਸ ਵਕਤ ਮਾਹੌਲ ਤਨਾਣਪੂਰਨ ਬਣ ਗਿਆ ਜਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਬਣਾਏ ਗਏ ਨਾਮਜ਼ਦਗੀ ਕੇਂਦਰ ਦੇ ਅੰਦਰ ਪਿੰਡ ਗਜ਼ਨੀ ਵਾਲਾ (ਝੰਡੀਆਂ) ਤੋਂ ਜਿਵੇਂ ਹੀ ਉਮੀਦਵਾਰ ਰਿਟਰਨਿੰਗ ਅਫ਼ਸਰ ਦੇ ਦਫਤਰ ਅੱਗੇ ਪਹੁੰਚੇ ਤਾਂ ਸਵੇਰ ਤੋਂ ਅੰਦਰ ਖੜ੍ਹੇ ਕਰੀਬ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤੇ ਹੱਥ ‘ਚ ਫੜੀਆਂ ਫਾਈਲਾਂ ਪਾੜ ਦਿੱਤੀਆਂ।
ਇਸ ਹਮਲਾਵਰ ਰੁਖ ਦੇ ਵਿੱਚ ਉਨ੍ਹਾਂ ਨੇ ਹੱਥ ‘ਚ ਫੜੇ ਦਸਤੇ ਤੇ ਡਾਂਗਾਂ ਨਾਲ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਇਹ ਗੱਲ ਦੱਸਣਯੋਗ ਹੋਵੇਗੀ ਕਿ ਇਸ ਹਮਲੇ ਦੌਰਾਨ ਦੋ ਤੋਂ ਤਿੰਨ ਦਰਜਨ ਮੌਜੂਦ ਪੁਲਿਸ ਮੁਲਾਜ਼ਮ ਸਾਰਾ ਤਮਾਸ਼ਾ ਵੇਖਦੇ ਰਹੇ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਛੁਡਾਉਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਗੁੰਡਾ ਅਨਸਰਾਂ ਵੱਲੋਂ ਕੀਤੀ ਗਈ ਕੁੱਟਮਾਰ ‘ਚ ਇੱਕ ਵਿਅਕਤੀ ਬੇਹੋਸ਼ ਹੋ ਗਿਆ, ਜਿਸ ਨੂੰ ਸਿਹਤ ਵਿਭਾਗ ਦੇ ਅਮਲੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾਕ੍ਰਮ ਦੀ ਖ਼ਬਰ ਸੁਣਦਿਆਂ ਹੀ ਮਾਰਕੀਟ ਕਮੇਟੀ ਵਿਖੇ ਬਣਾਏ ਗਏ ਕਲੱਸਟਰ ‘ਚ ਮੌਜੂਦ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਡੀਐੱਸਪੀ ਲਖਬੀਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇੱਥੇ ਵੀ ਇੱਕ ਦਿਲਚਸਪ ਪਹਿਲੂ ਹੈ ਕਿ ਫਾਈਲਾਂ ਜਮ੍ਹਾ ਕਰਨ ਆਏ ਲੋਕਾਂ ਨੂੰ ਫਾਈਲਾਂ ਜਮ੍ਹਾ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਵਾਪਸ ਉਸੇ ਵੇਲੇ ਹੀ ਪੁਲਿਸ ਵੱਲੋਂ ਮੋੜ ਦਿੱਤਾ ਗਿਆ ਜਿਸ ਕਾਰਨ ਉਹ ਆਪਣੀਆਂ ਫਾਈਲਾਂ ਵੀ ਜਮ੍ਹਾ ਨਹੀਂ ਕਰਵਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।