ਬਿਜਲੀ-ਪਾਣੀ ਦਾ ਬਿਲ ਨਹੀਂ ਭਰਦੀ ਐ ਸਰਕਾਰ, ਚੰਡੀਗੜ ਪ੍ਰਸ਼ਾਸਨ ਨੇ ਡਿਫਾਲਟਰ ਦਿੱਤਾ ਹੋਇਆ ਕਰਾਰ
ਹਰ ਦੂਜੇ ਦਿਨ ਬਿਜਲੀ-ਪਾਣੀ ਦਾ ਕੁਨੈਕਸ਼ਨ ਕੱਟਣ ਦੀ ਲਟਕਦੀ ਰਹਿੰਦੀ ਐ ਤਲਵਾਰ
ਪਿਛਲੇ 10 ਸਾਲਾਂ ਤੋਂ ਇੱਕ ਵਾਰੀ ਵੀ ਸਰਕਾਰ ਨੇ ਨਹੀਂ ਭਰਿਆ ਸਮੇਂ ਸਿਰ ਬਿਜਲੀ ਪਾਣੀ ਦਾ ਬਿੱਲ
ਮੁੱਖ ਮੰਤਰੀ ਸਣੇ ਸਾਰੇ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ, ਸਿਵਲ ਤੇ ਮਿੰਨੀ ਸਕੱਤਰੇਤ, ਐਮ.ਐਲ.ਏ. ਹੋਸਟਲ ਡਿਫਾਲਟਰ
ਚੰਡੀਗੜ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਉਨਾਂ ਦੇ ਸਾਰੇ ਕੈਬਨਿਟ ਮੰਤਰੀ ਬਿਜਲੀ ਅਤੇ ਪਾਣੀ ਦਾ ਬਿੱਲ ਭਰਨ ਦੇ ਮਾਮਲੇ ਵਿੱਚ ਡਿਫਾਲਟਰ ਐਲਾਨੇ ਗਏ ਹਨ। ਜਿਸ ਕਾਰਨ ਹਰ ਦੂਜੇ ਦਿਨ ਬਿਜਲੀ ਅਤੇ ਪਾਣੀ ਵਿਭਾਗ ਦੇ ਕਰਮਚਾਰੀ ਆਪਣੇ ਹੱਥ ਵਿੱਚ ਪਲਾਸ ਚੁੱਕ ਕੇ ਕੁਨੈਕਸ਼ਨ ਕੱਟਣ ਲਈ ਤੁਰੇ ਫਿਰਦੇ ਰਹਿੰਦੇ ਹਨ, ਜਿਨਾਂ ਅੱਗੇ ਪੀ.ਡਬਲੂ.ਡੀ. ਵਿਭਾਗ ਦੇ ਕਰਮਚਾਰੀ ਹੱਥ ਪੈਰ ਜੋੜ ਕੇ ਮਸਾ ਹੀ ਕੁਨੈਕਸ਼ਨ ਕੱਟਣ ਤੋਂ ਰੋਕਦੇ ਹਨ। ਇਸ ਦੇ ਕਾਰਨ ਹੀ ਸਬੰਧਤ ਵਿਭਾਗਾਂ ਨੂੰ ਸਮੇਂ ਸਿਰ ਬਿਜਲੀ-ਪਾਣੀ ਦਾ ਬਿਲ ਨਾ ਭਰੇ ਜਾਣ ਲਈ ਹਰ ਮਹੀਨੇ ਕਰੋੜਾ ਰੁਪਏ ਦਾ ਜੁਰਮਾਨਾ ਤੱਕ ਭਰਨਾ ਪੈ ਰਿਹਾ ਹੈ।
ਇਸ ਸਮੇਂ ਦੀ ਮੌਜੂਦਾ ਪੰਜਾਬ ਸਰਕਾਰ ਨਹੀਂ ਸਗੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਇਹੋ ਹਾਲ ਚਲਦਾ ਆ ਰਿਹਾ ਹੈ।
ਜਿਸ ਕਾਰਨ ਪਿਛਲੇ 10 ਸਾਲਾਂ ਵਿੱਚ ਇੱਕ ਵੀ ਦਿਨ ਇਹੋ ਜਿਹਾ ਨਹੀਂ ਰਿਹਾ ਹੈ, ਜਦੋਂ ਬਿਜਲੀ-ਪਾਣੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਲੈ ਕੇ ਅਧਿਕਾਰੀਆਂ ਦਾ ਨਾਅ ਡਿਫਾਲਟਰ ਦੀ ਸੂਚੀ ਵਿੱਚੋਂ ਬਾਹਰ ਹੋਇਆ ਹੋਵੇ। ਜਾਣਕਾਰੀ ਅਨੁਸਾਰ ਚੰਡੀਗੜ ਵਿਖੇ ਸਥਿਤ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਸਣੇ ਵਿਰੋਧੀ ਧਿਰ ਦੇ ਲੀਡਰ ਦੀ ਕੋਠੀ ਦੇ ਬਿਜਲੀ-ਪਾਣੀ ਦੇ ਬਿਲ ਦੀ ਅਦਾਇਗੀ ਆਪਣੇ ਸਰਕਾਰੀ ਖ਼ਜਾਨੇ ਵਿੱਚੋਂ ਕਰਦੀ ਹੈ। ਇਸ ਨਾਲ ਹੀ ਅਧਿਕਾਰੀਆਂ ਦੇ ਸਿਵਲ ਅਤੇ ਮਿੰਨੀ ਦਫ਼ਤਰ ਸਥਿਤ ਦਫ਼ਤਰ ਤੋਂ ਲੈ ਕੇ ਐਮ.ਐਲ.ਏ. ਹੋਸਟਲ ਦਾ ਬਿਜਲੀ-ਪਾਣੀ ਦਾ ਬਿਲ ਸਰਕਾਰੀ ਖ਼ਜਾਨੇ ਵਿੱਚੋਂ ਹੀ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ