ਕਿਹਾ, ਹਮਲੇ ਨੂੰ 1978 ਦੇ ਨਿਰੰਕਾਰੀ ਵਿਵਾਦ ਨਾਲ ਨਾ ਜੋੜਿਆ ਜਾਵੇ
ਫ਼ੌਜ ਦੇ ਮੁਖੀ ‘ਤੇ ਫੂਲਕਾ ਦੇ ਦੋਸ਼ ਕੀਤੇ ਰੱਦ
ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਬਿਆਨ
ਰਾਜਨ ਮਾਨ, ਅਦਲੀਵਾਲ (ਅੰਮ੍ਰਿਤਸਰ)
ਨਿਰੰਕਾਰੀ ਭਵਨ ਵਿਖੇ ਹੋਏ ਗ੍ਰਨੇਡ ਹਮਲੇ ‘ਚ ਪਾਕਿਸਤਾਨ ਦੀ ਸ਼ਮੂਲੀਅਤ ਲੱਗਦੀ ਹੈ ਤੇ ਮੁੱਢਲੀ ਜਾਂਚ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ ‘ਚ ਵਰਤਿਆ ਗਿਆ ਗ੍ਰਨੇਡ ਪਾਕਿਸਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ‘ਚ ਤਿਆਰ ਕੀਤੇ ਜਾਂਦੇ ਗ੍ਰਨੇਡਾਂ ਵਰਗਾ ਹੈ ਇਹ ਪ੍ਰਗਟਾਵਾ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਆਪਣੇ ਕੈਬਨਿਟ ਸਾਥੀ ਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ ਨਾਲ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਪੁਲਿਸ ਦੁਆਰਾ ਖ਼ਤਮ ਕੀਤੇ ਗਏ ਅੱਤਵਾਦੀ ਗਿਰੋਹ ਤੋਂ ਪ੍ਰਾਪਤ ਹੋਇਆ ਐਚ.ਈ.-84 ਗ੍ਰਨੇਡ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ, ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਸਰਹੱਦੋਂ ਪਾਰ ਦੀਆਂ ਦੋਖੀ ਸ਼ਕਤੀਆਂ ਦੀ ਇਸ ‘ਚ ਸ਼ਮੂਲੀਅਤ ਦੀ ਬਹੁਤ ਜਿਆਦਾ ਸੰਭਾਵਨਾ ਹੈ
ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਰੂਪ ਵਿੱਚ ਇਹ ਅੱਤਵਾਦੀ ਕਾਰਾ ਵੱਖਵਾਦੀ ਸ਼ਕਤੀਆਂ ਵੱਲੋਂ ਕੀਤੇ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਨ੍ਹਾਂ ਨੇ ਇਹ ਕਾਰਾ ਪਾਕਿਸਤਾਨ ਦੀ ਆਈ.ਐਸ.ਆਈ. ਜਾਂ ਕਸ਼ਮੀਰੀ ਅੱਤਵਾਦੀਆਂ ਦੀ ਸ਼ਮੂਲੀਅਤ ਨਾਲ ਕੀਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਤੇ ਸਾਰੇ ਪੱਖਾਂ ਤੋਂ ਪੂਰੀ ਸਰਗਰਮੀ ਨਾਲ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ ਘਟਨਾ ਵਾਲੇ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਬਾਰੇ ਅਜਿਹੀ ਸੂਚਨਾ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ
ਜਿਸ ਨਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਂਚ-ਪੜਤਾਲ ਦੇ ਕੰਮ ਵਿੱਚ ਐਨ.ਆਈ.ਏ. ਵੱਲੋਂ ਮਦਦ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕੁਝ ਪੱਖਾਂ ਦਾ ਪੁਲਿਸ ਨੇ ਪਤਾ ਲਾ ਲਿਆ ਹੈ ਤੇ ਕੁਝ ਹੋਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਇੱਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਹਮਲੇ ਨੂੰ 1978 ਦੇ ਨਿਰੰਕਾਰੀ ਵਿਵਾਦ ਨਾਲ ਨਹੀਂ ਮੇਲਿਆ ਜਾਣਾ ਚਾਹੀਦਾ ਕਿਉਂਕਿ ਉਹ ਇੱਕ ਧਾਰਮਿਕ ਮਾਮਲਾ ਸੀ ਜਦ ਕਿ ਅਦਲੀਵਾਲ ਘਟਨਾ ਪੂਰੀ ਤਰ੍ਹਾਂ ਅੱਤਵਾਦੀ ਮਾਮਲਾ ਹੈ ਸੂਬੇ ‘ਚ ਅੱਤਵਾਦ ਦੀ ਪੁਨਰਸੁਰਜੀਤੀ ਬਾਰੇ ਨਿਰੰਕਾਰੀ ਭਵਨ ‘ਤੇ ਹੋਏ ਅੱਤਵਾਦੀ ਹਮਲੇ ਨੂੰ ਫ਼ੌਜ ਦੇ ਮੁਖੀ ਵੱਲੋਂ ਕਰਵਾਏ ਹੋਣ ਦੇ ਐੱਚ. ਐੱਸ. ਫੂਲਕਾ ਵੱਲੋਂ ਲਾਏ ਗਏ ਦੋਸ਼ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਲਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਆਗੂ ਸਪੱਸ਼ਟ ਤੌਰ ‘ਤੇ ‘ਅਸਥਿਰ’ ਹੈ,
ਜਿਸ ਕਰਕੇ ਉਹ ਅਜਿਹਾ ਬੇਤੁਕਾ ਬਿਆਨ ਦੇ ਰਹੇ ਹਨ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਓ. ਪੀ. ਸੋਨੀ ਤੇ ਸੁਖ ਸਰਕਾਰੀਆਂ, ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਧਰਮਵੀਰ ਅਗਨੀਹੋਤਰੀ ਅਤੇ ਹਰਪ੍ਰਤਾਪ ਅਜਨਾਲਾ, ਸੰਤੋਖ ਸਿੰਘ ਭਲਾਈਪੁਰਾ, ਤਰਸੇਮ ਸਿੰਘ ਡੀਸੀ, ਜੁਗਲ ਕਿਸ਼ੋਰ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ, ਆਈਜੀ ਐੱਸਪੀਐੱਸ ਪਰਮਾਰ, ਐੱਸਐੱਸਪੀ ਪਰਮਪਾਲ ਸਿੰਘ, ਸੀਨੀਅਰ ਕਾਂਗਰਸ ਆਗੂ ਲਾਲੀ ਮਜੀਠੀਆ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ
ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਦਾ ਐਲਾਨ
ਜ਼ਖ਼ਮੀਆਂ ਦਾ ਹਾਲਚਾਲ ਪੁੱਛਣ ਲਈ ਆਈ.ਵੀ. ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਮਾਰੇ ਗਏ ਵਿਅਕਤੀਆਂ ਦੇ ਸਬੰਧੀਆਂ ਨੂੰ ਨੌਕਰੀ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਣ ਕੀਤਾ ਸੀਨੀਅਰ ਪੁਲਿਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਇੱਥੇ ਪਹੁੰਚੇ ਮੁੱਖ ਮੰਤਰੀ ਨੇ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਉਸ ਸਥਾਨ ਦਾ ਜਾਇਜ਼ਾ ਲਿਆ ਜਿੱਥੇ ਦੋ ਵਿਅਕਤੀਆਂ ਨੇ ਗ੍ਰਨੇਡ ਸੁੱਟਿਆ ਸੀ ਇਸ ਤੋਂ ਪਹਿਲਾਂ ਇੱਥੇ ਪਹੁੰਚਣ ‘ਤੇ ਗ੍ਰਹਿ ਸਕੱਤਰ ਐਨ. ਐੱਸ. ਕਲਸੀ, ਡੀਜੀਪੀ ਸੁਰੇਸ਼ ਅਰੋੜਾ ਤੇ ਡੀਸੀ ਕਮਲਦੀਪ ਸੰਘਾ ਨੇ ਮੁੱਖ ਮੰਤਰੀ ਨੂੰ ਜਾਂਚ-ਪੜਤਾਲ ਤੇ ਹੋਰ ਪੱਖਾਂ ਦੀ ਜਾਣਕਾਰੀ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।