ਜੱਜ ਵੱਲੋਂ ਬਚਾਓ ਪੱਖ ਦੇ ਵਕੀਲ ਦੀਆਂ ਦਲੀਲਾਂ ‘ਤੇ ਸਹਿਮਤ ਹੋ ਕੇ ਡੇਰਾ ਪ੍ਰੇਮੀ ਕੀਤੇ ਬਾਇੱਜ਼ਤ ਬਰੀ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਸੰਗਰੂਰ ਅਦਾਲਤ ਨੇ ਚੀਮਾ ਮੰਡੀ ਦੇ ਸੇਵਾ ਕੇਂਦਰ ਵਿਖੇ ਹੋਈ ਕਥਿਤ ਸਾੜ ਫੂਕ ਦੇ ਮਾਮਲੇ ਵਿੱਚੋਂ 5 ਡੇਰਾ ਪ੍ਰੇਮੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ 25 ਅਗਸਤ 2017 ਨੂੰ ਚੀਮਾ ਮੰਡੀ ਵਿਖੇ ਸੇਵਾ ਕੇਂਦਰ ਚੀਮਾ ਵਿਖੇ ਹੋਈ ਕਥਿਤ ਸਾੜ ਫੂਕ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ਼ ਮਾਮਲੇ ਵਿੱਚ ਪ੍ਰੇਮੀ ਦੁਨੀ ਚੰਦ ਇੰਸਾਂ, ਲਾਭ ਸਿੰਘ, ਹਰਪ੍ਰੀਤ ਸਿੰਘ, ਨਿਰਭੈ ਸਿੰਘ ਅਤੇ ਅਮਰਦੀਪ ਸਿੰਘ ਖਿਲਾਫ਼ ਧਾਰਾ 436, 427 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਕਾਫ਼ੀ ਸਮਾਂ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਾਰੇ ਡੇਰਾ ਪ੍ਰੇਮੀ ਜ਼ਮਾਨਤ ‘ਤੇ ਬਾਹਰ ਸਨ।
ਅੱਜ ਇਸ ਮਾਮਲੇ ‘ਤੇ ਕਾਰਵਾਈ ਕਰਦਿਆਂ ਸੰਗਰੂਰ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਜਸਦੀਪ ਸਿੰਘ ਭਿੰਡਰ ਨੇ ਬਚਾਓ ਪੱਖ ਦੇ ਵਕੀਲ ਗੁਰਿੰਦਰਪਾਲ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪ੍ਰੇਮੀ ਦੁਨੀ ਚੰਦ ਇੰਸਾਂ, ਲਾਭ ਸਿੰਘ, ਹਰਪ੍ਰੀਤ ਸਿੰਘ, ਨਿਰਭੈ ਸਿੰਘ ਅਤੇ ਅਮਰਦੀਪ ਸਿੰਘ ਨੂੰ ਇਸ ਮਾਮਲੇ ਵਿੱਚ ਨਿਰਦੋਸ਼ ਮੰਨਦਿਆਂ ਬਾਇੱਜ਼ਤ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਬਾਇੱਜ਼ਤ ਬਰੀ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰੇਮੀ ਲਾਭ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ‘ਤੇ ਪੂਰਾ ਵਿਸ਼ਵਾਸ ਸੀ ਅਤੇ ਉਨ੍ਹਾਂ ਨੂੰ ਪੂਰਨ ਨਿਆਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਡੇਰਾ ਪ੍ਰੇਮੀਆਂ ‘ਤੇ ਵੀ ਜਿਹੜੇ ਮਾਮਲੇ ਦਰਜ਼ ਕੀਤੇ ਗਏ ਹਨ, ਉੁਨ੍ਹਾਂ ਵਿੱਚੋਂ ਵੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪਾਕ ਸਾਫ਼ ਹੋ ਕੇ ਬਾਹਰ ਆਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।