ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ਨੇ ਡੇਂਗੂ ਸਬੰਧੀ ਸਿਹਤ ਮੰਤਰੀ ਨੂੰ ਘੇਰਿਆ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ‘ਚ ਫੈਲੇ ਡੇਂਗੂ ਦੇ ਕਰੋਪ ਮਾਮਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਿਹਤ ਮੰਤਰੀ ਦੇ ਉਸ ਬਿਆਨ ਨੂੰ ਗੈਰ ਜਿੰਮੇਵਾਰਨਾ ਕਿਹਾ ਹੈ, ਜਿਸ ‘ਚ ਬ੍ਰਹਮ ਮਹਿੰਦਰਾ ਨੇ ਡੇਂਗੂ ਦੀ ਬਿਮਾਰੀ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਮਹਿਕਮੇ ਸਿਰ ਭੰਨਿਆ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ ਅਤੇ ਬੁਲਾਰੇ ਮੀਤ ਹੇਅਰ (ਦੋਵੇਂ ਵਿਧਾਇਕ) ਨੇ ਕਿਹਾ ਕਿ ਲੋਕ ਅਤੇ ਲੋਕਾਂ ਦੀਆਂ ਸਮੱਸਿਆਵਾਂ ਕਾਂਗਰਸ ਸਰਕਾਰ ਦੇ ਏਜੰਡੇ ‘ਤੇ ਨਹੀਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਬਾਕੀ ਮੰਤਰੀ ਵੀ ‘ਸੱਤਾ ਸੁੱਖ’ ਭੋਗਣ ‘ਚ ਮਸਰੂਫ਼ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੂਸਰਿਆਂ ਸਿਰ ਸੁੱਟਣ ‘ਚ ਮਾਹਿਰ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਦੇ ਇਕਬਾਲੀਆ ਬਿਆਨ ਨੇ ਜਿੱਥੇ ਸਿਹਤ ਵਿਭਾਗ ਦੀਆਂ ਨਾਕਾਮੀਆਂ ਨੂੰ ਨੰਗਾ ਕੀਤਾ ਹੈ, ਉੱਥੇ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਦੀ ਵੀ ਪੋਲ ਖੋਲ੍ਹੀ ਹੈ। ਬੇਸ਼ੱਕ ਸਿਹਤ ਮੰਤਰੀ ਨੇ ਆਪਣੇ ਮਹਿਕਮੇ ਦੀ ਅਸਫਲਤਾ ਛੁਪਾਉਣ ਦੀ ਕੋਸ਼ਿਸ਼ ‘ਚ ਨਵਜੋਤ ਸਿੰਘ ਸਿੱਧੂ ‘ਤੇ ਸਿਆਸੀ ਤੀਰ ਮਾਰਿਆ ਹੈ, ਪਰੰਤੂ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਸਿਹਤ ਅਤੇ ਸਫ਼ਾਈ ਸਹੂਲਤਾਂ ਦੇਣ ਸਮੇਤ ਹਰ ਫ਼ਰੰਟ ‘ਤੇ ਫ਼ੇਲ੍ਹ ਹੋਈ ਹੈ।
‘ਆਪ’ ਆਗੂਆਂ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਿਹਾ ਕਿ ਜੇਕਰ ਉਹ ਸੂਬੇ ਦੇ ਲੋਕਾਂ ਨੂੰ ਸੱਚਮੁੱਚ ਸਿਹਤ ਸਹੂਲਤਾਂ ਦੇਣ ਦਾ ਇਰਾਦਾ ਰੱਖਦੇ ਹਨ ਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਿਹਤ ਸਹੂਲਤਾਂ ਆਪਣੇ ਅੱਖੀਂ ਵੇਖ ਕੇ ਆਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।