ਹਾਈ ਕੋਰਟ ਨੇ ਦਿੱਤੇ ਨਵੇਂ ਆਦੇਸ਼
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜਾਰੀ ਕੀਤੇ ਗਏ ਨਵੇਂ ਆਦੇਸ਼
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਆਪਣੇ ਆਦੇਸ਼ਾਂ ਨੂੰ ਪਲਟਦੇ ਹੋਏ ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਸਮੇਂ ਵਿੱਚ ਕਟੌਤੀ ਕਰ ਦਿੱਤੀ ਹੈ। ਹੁਣ ਚੰਡੀਗੜ੍ਹ ਅਤੇ ਪੰਜਾਬ ਸਣੇ ਹਰਿਆਣਾ ਵਿਖੇ 3 ਘੰਟਿਆਂ ਦੀ ਥਾਂ ‘ਤੇ ਰਾਤ 8 ਵਜੇ ਤੋਂ 10 ਵਜੇ ਤੱਕ ਸਿਰਫ਼ 2 ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਫੈਸਲਾ ਦਿੱਤਾ ਹੈ।
ਇਸ ਤੋਂ ਪਹਿਲਾਂ ਹਾਈ ਕੋਰਟ ਨੇ 17 ਅਕਤੂਬਰ ਨੂੰ ਇੱਕ ਆਦੇਸ਼ ਜਾਰੀ ਕਰਦੇ ਹੋਏ ਚੰਡੀਗੜ, ਪੰਜਾਬ ਅਤੇ ਹਰਿਆਣਾ ਵਿਖੇ ਸ਼ਾਮ 6:30 ਤੋਂ ਲੈ ਕੇ ਰਾਤ 9:30 ਤੱਕ ਤਿੰਨ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਮਾਮਲੇ ਵਿੱਚ ਪਿਛਲੇ ਸਾਲ 2017 ਵਿੱਚ ਇੱਕ ਪਟੀਸ਼ਨ ਲਗਾਈ ਗਈ ਸੀ ਅਤੇ ਅਜੇ ਉਸ ਪਟੀਸ਼ਨ ‘ਤੇ ਮਾਮਲਾ ਪੈਡਿੰਗ ਹੈ। ਪਿਛਲੇ ਸਾਲ ਹਾਈ ਕੋਰਟ ਵਲੋਂ 3 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਸ ਤਰਜ਼ ‘ਤੇ ਇਸ ਵੀ 3 ਘੰਟੇ ਹੀ ਪਟਾਕੇ ਚਲਾਉਣ ਦੇ ਆਦੇਸ਼ ਦਿੱਤੇ ਗਏ ਸਨ ਪਰ ਹੁਣ ਸੁਪਰੀਮ ਕੋਰਟ ਦੇ ਆਦੇਸ਼ ਆਉਣ ਤੋਂ ਬਾਅਦ ਇਨਾਂ ਆਦੇਸ਼ਾਂ ਵਿੱਚ ਫੇਰ ਬਦਲ ਕੀਤਾ ਗਿਆ ਹੈ।
ਇਸ ਨਾਲ ਹੀ ਹਾਈ ਕੋਰਟ ਨੇ ਦੋਵੇਂੇ ਸੂਬੇ ਸਣੇ ਚੰਡੀਗੜ ਸਿਵਲ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਸਖ਼ਤੀ ਨਾਲ ਕੰਮ ਕਰਨ ਲਈ ਕਿਹਾ ਹੈ। ਜਿਸ ਵਿੱਚ ਇਸ ਸਮੇਂ ਸੀਮਾ ਤੋਂ ਪਹਿਲਾਂ ਜਾਂ ਫਿਰ ਬਾਅਦ ਵਿੱਚ ਪਟਾਕੇ ਚਲਾਉਣ ਵਾਲਿਆ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਕ੍ਰਿਸਮਿਸ ਅਤੇ 31 ਦਸੰਬਰ ਮੌਕੇ ਵੀ ਲਾਗੂ ਹੋਣਗੇ ਆਦੇਸ਼
ਹਾਈ ਕੋਰਟ ਦੇ ਨਵੇਂ ਆਦੇਸ਼ ਦਸੰਬਰ ਦੇ ਮਹੀਨੇ ਆਉਣ ਵਾਲੇ ਕ੍ਰਿਸਮਿਸ ਅਤੇ ਨਵੇਂ ਸਾਲ ਤੋਂ ਪਹਿਲਾਂ 31 ਦਸੰਬਰ ਨੂੰ ਇਹ ਆਦੇਸ਼ ਲਾਗੂ ਹੋਣਗੇ। ਇਨਾਂ ਦੋਹੇ ਦਿਨਾਂ ਵਿੱਚ ਵੀ ਸਿਰਫ਼ 1 ਘੰਟੇ ਤੋਂ ਵੀ ਘੱਟ ਸਮਾਂ ਹੀ ਪਟਾਕੇ ਚਲਾਏ ਜਾ ਸਕਣਗੇ। ਕ੍ਰਿਸਮਿਸ ਅਤੇ ਨਵੇਂ ਸਾਲ ਦੀ ਰਾਤ ਨੂੰ 11:55 ਤੋਂ ਲੈ ਕੇ 12: 30 ਤੱਕ ਹੀ ਪਟਾਕੇ ਚਲਾਏ ਜਾ ਸਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।