ਚੰਨੀ ਨੇ ਵਿਦੇਸ਼ੋਂ ਪਰਤਦਿਆਂ ਖੇਡਿਆ ਦਲਿਤ ਪੱਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਮੀ-ਟੂ… ਵਿਵਾਦ ‘ਚ ਫਸੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਦੇਸ਼ ਤੋਂ ਪੰਜਾਬ ਵਾਪਸੀ ਕਰਨ ਤੋਂ ਬਾਅਦ ਆਪਣੀ ਗਲਤੀ ਨੂੰ ਮੰਨ ਲਿਆ ਹੈ। ਉਨ੍ਹਾਂ ਨੇ ਦੇਸ਼ ਵਾਪਸੀ ਤੋਂ ਬਾਅਦ ਕਿਹਾ ਕਿ ਬਿਲਕੁਲ ਮੇਰੀ ਗਲਤੀ ਹੈ ਅਤੇ ਇਸ ਲਈ ਮੈਂ ਮਹਿਲਾ ਅਧਿਕਾਰੀ ਤੋਂ ਆਪਣੀ ਗਲਤੀ ਦੀ ਮੁਆਫ਼ੀ ਵੀ ਮੰਗੀ ਸੀ ਪਰ ਮੁਆਫ਼ੀ ਤੋਂ ਬਾਅਦ ਇਹ ਮਾਮਲਾ ਖ਼ਤਮ ਹੋ ਗਿਆ ਸੀ। ਚਰਨਜੀਤ ਚੰਨੀ ਨੇ ਇਸ ਸਾਰੇ ਮਾਮਲੇ ਨੂੰ ਦਲਿਤ ਵਿਧਾਇਕ ਅਤੇ ਮੰਤਰੀ ਹੋਣ ਨਾਲ ਜੋੜਦੇ ਹੋਏ ਕਿਹਾ ਕਿ ਉਹ ਦਲਿਤ ਲੀਡਰ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ, ਜਦੋਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਇਹ ਮਾਮਲਾ ਖ਼ਤਮ ਕਰ ਦਿੱਤਾ ਗਿਆ ਸੀ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਉਹ ਵਿਦੇਸ਼ ਵਿੱਚ ਗਏ ਹੋਏ ਸਨ ਪਰ ਪਿੱਛੋਂ ਵਿਰੋਧੀ ਧਿਰਾਂ ਵੱਲੋਂ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਰੌਲਾ ਖੜ੍ਹਾ ਕਰ ਦਿੱਤਾ ਗਿਆ ਸੀ, ਜਦੋਂ ਕਿ ਇਸ ਮਾਮਲੇ ਵਿੱਚ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਗਲਤੀ ਨਾਲ ਜਿਸ ਤਰ੍ਹਾਂ ਪਿੱਛੋਂ ਮੈਸੇਜ ਆਉਂਦੇ ਹਨ ਤਾਂ ਉਹ ਅੱਗੇ ਚਲੇ ਜਾਂਦੇ ਹਨ, ਇਸੇ ਤਰ੍ਹਾਂ ਇੱਕ ਮਹਿਲਾ ਅਧਿਕਾਰੀ ਕੋਲ ਗਲਤੀ ਨਾਲ ਚਲਾ ਗਿਆ ਸੀ। ਇਸ ਸਬੰਧ ਵਿੱਚ ਉਨਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਨਾਂ ਨੇ ਮਹਿਲਾ ਅਧਿਕਾਰੀ ਨਾਲ ਗੱਲਬਾਤ ਕਰਕੇ ਮੁਆਫ਼ੀ ਲਈ ਸੀ ਕਿ ਉਨ੍ਹਾਂ ਦਾ ਇਸ ਮਾਮਲੇ ਵਿੱਚ ਕੋਈ ਗਲਤ ਮਨਸਾ ਨਹੀਂ ਸੀ।
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਉਨਾਂ ‘ਤੇ ਮੰਤਰੀ ਬਣਨ ਤੋਂ ਬਾਅਦ ਲਗਾਤਾਰ 4 ਵਾਰ ਹਮਲਾ ਕਰ ਚੁੱਕਾ ਹੈ, ਕਿਉਂਕਿ ਉਹ ਦਲਿਤ ਹਨ ਅਤੇ ਉਹ ਦਲਿਤ ਮੁੱਦਿਆ ਨੂੰ ਹਮੇਸ਼ਾ ਹੀ ਚੁੱਕਦੇ ਹਨ। ਇਸ ਕਰਕੇ ਸ਼੍ਰੋਮਣੀ ਅਕਾਲ ਦਲ ਨੂੰ ਤਕਲੀਫ਼ ਹੈ ਅਤੇ ਉਹ ਉਨਾਂ ਨੂੰ ਫਸਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਉਨਾਂ ਦੀ ਟੀਮ ਇਸ ਸਮੇਂ ਗਲਤ ਪ੍ਰਚਾਰ ਕਰ ਰਹੇ ਹਨ ਤਾਂ ਕਿ ਉਨਾਂ ਦੀ ਦਲਿਤਾ ਹੱਕ ਵਿੱਚ ਆਵਾਜ਼ ਦਬਾਈ ਜਾ ਸਕੇ।
ਅਮਰਿੰਦਰ ਕਹਿਣਗੇ ਤਾਂ ਦੇ ਦਿਆਂਗਾ ਅਸਤੀਫ਼ਾ
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਤੋਂ ਉੱਠ ਕੇ ਇੱਥੇ ਪੁੱਜੇ ਹਨ ਪਰ ਫਿਰ ਵੀ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲੱਗੇਗਾ ਕਿ ਉਨਾਂ ਦੀ ਵੱਡੀ ਗਲਤੀ ਹੈ ਤਾਂ ਉਹ ਜਦੋਂ ਵੀ ਕਹਿਣਗੇ ਉਹ ਆਪਣਾ ਬਤੌਰ ਕੈਬਨਿਟ ਮੰਤਰੀ ਤਾਂ ਦੂਰ ਵਿਧਾਇਕ ਤੌਰ ‘ਤੇ ਵੀ ਅਸਤੀਫ਼ਾ ਦੇਣ ਲਈ ਤਿਆਰ ਹਨ। ਉਨਾਂ ਕਿਹਾ ਕਿ ਵਿਰੋਧੀ ਧਿਰਾਂ ਉਨਾਂ ਨੂੰ ਹਟਾਉਣ ਦੀ ਸਾਜ਼ਿਸ਼ ਤਹਿਤ ਇਹ ਪ੍ਰਚਾਰ ਕਰ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।