ਸ਼੍ਰੋਮਣੀ ਅਕਾਲੀ ਦਲ ਪਿਆ ਰੁੱਸਿਆ ਨੂੰ ਮਨਾਉਣ ਦੇ ਰਾਹ
ਕਾਂਗਰਸ ‘ਮੀ-ਟੂ’ ਤੇ ਦੁਸਹਿਰਾ ਮਾਮਲੇ ‘ਚੋਂ ਨਿੱਕਲਣ ਲਈ ਕਰ ਰਹੀ ਹੈ ਚਾਰਾਜੋਈ
ਧੜਿਆਂ ‘ਚ ਵੰਡੀ ਆਪ ‘ਚ ਵੀ ਨਜ਼ਰ ਨਹੀਂ ਆ ਰਹੀ ਵਿਰੋਧੀ ਧਿਰ ਦੀ ਭੂਮਿਕਾ
ਸੁਖਜੀਤ ਮਾਨ, ਮਾਨਸਾ
ਹਾਕਮ ਧਿਰ ਕਾਂਗਰਸ ਸਮੇਤ ਦੋ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਝਮੇਲਿਆਂ ਤੋਂ ਵਿਹਲ ਨਹੀਂ ਕੈਪਟਨ ਵੱਲੋਂ ਘਰ-ਘਰ ਨੌਕਰੀ ਦੇ ਕੀਤੇ ਗਏ ਵਾਅਦਿਆਂ ਦਾ ਜਿਕਰ ਹੁਣ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਵੀ ਨਹੀਂ ਕਰ ਰਹੀਆਂ ਅਨਾਜ ਮੰਡੀਆਂ ‘ਚ ਝੋਨਾ ਲਈ ਬੈਠੇ ਕਿਸਾਨਾਂ ਦੀ ਸਾਰ ਲੈਣ ਹੁਣ ਕੋਈ ਟਾਂਵਾ-ਟਾਂਵਾ ਆਗੂ ਹੀ ਪੁੱਜ ਰਿਹਾ ਹੈ ਪਰ ਜਦੋਂ ਵਿਕਰੀ ਰਫ਼ਤਾਰ ਫੜ੍ਹ ਗਈ ਤਾਂ ਇਨ੍ਹਾਂ ਦੀਆਂ ਗੱਡੀਆਂ ਅਨਾਜ ਮੰਡੀਆਂ ਵੱਲ ਨੂੰ ਮੁੜਨੀਆਂ ਸ਼ੁਰੂ ਹੋ ਜਾਣਗੀਆਂ
ਦੇਸ਼ ਦਾ ਭਵਿੱਖ ਘੜਨ ਵਾਲੇ ਅਧਿਆਪਕ ਕੈਪਟਨ ਦੇ ਸ਼ਹਿਰ ‘ਚ ਪੱਕਾ ਮੋਰਚਾ ਲਾਈ ਬੈਠੇ ਹਨ ਪਰ ਮੁੱਖ ਮੰਤਰੀ ਵਿਦੇਸ਼ ਫੇਰੀ ‘ਤੇ ਹਨ ਖੁੰਡਾਂ ਤੇ ਸੱਥਾਂ ‘ਚ ਹੁੰਦੇ ਚਰਚਿਆਂ ਮੁਤਾਬਿਕ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੀ ਵਿਰੋਧੀ ਧਿਰ ਮੰਨਣ ਲੱਗੇ ਹਨ ਜਦੋਂਕਿ ਵਿਧਾਇਕਾਂ ਦੀ ਗਿਣਤੀ ਮੁਤਾਬਿਕ ਇਹ ਜਿੰਮੇਵਾਰੀ ਆਮ ਆਦਮੀ ਪਾਰਟੀ ਦੇ ਸਿਰ ਹੈ ਲੋਕ ਆਖਦੇ ਨੇ ਕਿ ‘ਆਪ’ ਵਾਲੇ ਤਾਂ 2019 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਹੀ ਖਿੰਡੇ ਹੋਏ ਭਾਂਡਿਆਂ ਨੂੰ ਇਕੱਠੇ ਕਰਨ ‘ਚ ਜੁਟੇ ਹੋਏ ਹਨ
ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਨੂੰ ਧਿਆਨ ਨਹੀਂ ਹੈ ਕਦੇ ਮੀਟਿੰਗਾਂ ਦੇ ਦੌਰ ‘ਤੇ ਕਦੇ ਟਵਿੱਟਰਾਂ ਦੇ ਸਵਾਲ-ਜਵਾਬ ਆਮ ਜਨਤਾ ਲਈ ਕੋਈ ਮਾਅਨੇ ਨਹੀਂ ਰੱਖਦੇ ਦਸ ਸਾਲ ਲਗਾਤਾਰ ਸੱਤਾ ਸੰਭਾਲਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ‘ਚ ਐਨਾਂ ਘਸਮਾਨ ਹੱਥੋਂ ਕੁਰਸੀ ਨਿੱਕਲਣ ਵੇਲੇ ਨਹੀਂ ਪਿਆ ਸੀ, ਜਿੰਨਾ ਹੁਣ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਲਗਾਤਾਰ ਅਹੁਦਿਆਂ ਤੋਂ ਅਸਤੀਫੇ ਦੇਣ ਤੇ ਕਮਾਨ ਸੰਭਾਲਣ ਵਾਲਿਆਂ ‘ਤੇ ਉਂਗਲ ਚੁੱਕਣ ਨਾਲ ਪਿਆ ਹੋਇਆ ਹੈ ਭਾਵੇਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇਣ ਦੀ ਗੱਲ ਆਖ ਦਿੱਤੀ ਹੈ ਪਰ ਉਨ੍ਹਾਂ ਦੇ ਇਸ ਬਿਆਨ ਦੇ ਬਾਵਜ਼ੂਦ ਪਾਰਟੀ ‘ਚ ਸਭ ਕੁੱਝ ਚੰਗਾ ਨਹੀਂ ਹੈ
ਸੱਤਾਧਾਰੀ ਕਾਂਗਰਸ ਨਾਲ ਤਾਂ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ’ ਵਾਲੀ ਕਹਾਵਤ ਸੱਚ ਸਾਬਿਤ ਹੋ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਦੁਸਹਿਰੇ ਵਾਲੇ ਦਿਨ ਵਾਪਰੇ ਦੁਖਾਂਤ ਦੀ ਜਿੰਮੇਵਾਰੀ ਸਿੱਧੂ ਜੋੜੇ ‘ਤੇ ਪੈਣ ਤੋਂ ਬਾਅਦ ਇੱਕ ਮੰਤਰੀ ‘ਮੀ-ਟੂ’ ਦੇ ਮਾਮਲੇ ‘ਚ ਉਲਝ ਗਿਆ ਹੈ ਕਿਸਾਨ ਧਿਰਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਾ ਤਰਕ ਹੈ ਕਿ ਸਿਆਸੀ ਆਗੂਆਂ ਦਾ ਅਸਲ ਮਨੋਰਥ ਆਪਣੀ ਕੁਰਸੀ ਤੱਕ ਸੀਮਤ ਹੁੰਦਾ ਹੈ ਤੇ ਲੋਕ ਮੁੱਦੇ ਤਾਂ ਸਿਰਫ ਵੋਟਾਂ ਵੇਲੇ ਸਟੇਜਾਂ ‘ਤੇ ਕੀਤੀ ਜਾਣ ਵਾਲੀ ਗੱਲ ਬਣਕੇ ਰਹਿ ਜਾਂਦੇ ਹਨ
ਅਕਾਲੀ ਦਲ ਲੜ ਰਿਹੈ ਲੋਕ ਮੁੱਦਿਆਂ ਦੀ ਲੜਾਈ : ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਲੋਕ ਮੁੱਦੇ ਪਹਿਲਾਂ ਹੋਣੇ ਚਾਹੀਦੇ ਹਨ ਤੇ ਅਕਾਲੀ ਦਲ ਲੋਕ ਮੁੱਦਿਆਂ ਦੀ ਲੜਾਈ ਲੜ ਰਿਹਾ ਹੈ ਉਨ੍ਹਾਂ ਆਖਿਆ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਕੀਤੇ ਗਏ ਬਦਲਾਅ ਦੀ ਅਵਾਜ਼ ਵੀ ਅਕਾਲੀ ਦਲ ਨੇ ਹੀ ਚੁੱਕੀ ਹੈ ਕਿਸਾਨ ਮਸਲਿਆਂ ਸਬੰਧੀ ਉਨ੍ਹਾਂ ਆਖਿਆ ਕਿ ਇਸ ਸਬੰਧੀ ਵੀ ਪਾਰਟੀ ਵੱਲੋਂ ਹਦਾਇਤਾਂ ਨੇ ਕਿ ਜਿੱਥੇ ਵੀ ਸਮੱਸਿਆ ਹੈ ਉੱਥੇ ਸਥਾਨਕ ਪੱਧਰ ‘ਤੇ ਆਵਾਜ਼ ਉਠਾਓ
ਲੋਕ ਮੁੱਦਿਆਂ ਲਈ ਮਿਲਾਂਗੇ ਮੁੱਖ ਮੰਤਰੀ ਨੂੰ : ਆਪ
‘ਆਪ’ ਦੀ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਕਹਿਣਾ ਹੈ ਕਿ ਡੇਂਗੂ ਦੀ ਬਿਮਾਰੀ, ਐਸ. ਸੀ. ਬੱਚਿਆਂ ਦੇ ਵਜੀਫੇ ਤੇ ਅਧਿਆਪਕਾਂ ਦੇ ਮਸਲਿਆਂ ਸਬੰਧੀ ਉਹ ਮੁੱਖ ਮੰਤਰੀ ਨੂੰ ਮਿਲਣਗੇ ਦੋ ਗੁੱਟਾਂ ‘ਚ ਉਲਝੇ ਹੋਣ ਸਬੰਧੀ ਉਨ੍ਹਾਂ ਆਖਿਆ ਕਿ ਖਹਿਰਾ ਵੱਲੋਂ ਵੱਖ ਹੋਣ ਤੋਂ ਬਾਅਦ ਆਪ ਨੇ ਜੋ ਰੈਲੀਆਂ ਕੀਤੀਆਂ, ਉਨ੍ਹਾਂ ‘ਚ ਕਿਤੇ ਵੀ ਖਹਿਰੇ ਦਾ ਨਾਂਅ ਨਹੀਂ ਲਿਆ ਗਿਆ ਸਗੋਂ ਲੋਕ ਮੁੱਦੇ ਹੀ ਮੁੱਖ ਰਹੇ
ਸਰਕਾਰ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੀ ਹੈ : ਬਾਜਵਾ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੀ ਹੈ ਉਨ੍ਹਾਂ ਆਖਿਆ ਕਿ ਮੰਡੀਆਂ ‘ਚੋਂ ਫਸਲ ਵਧੀਆ ਚੁੱਕੀ ਜਾ ਰਹੀ ਹੈ ਤੇ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।