ਵਿੱਕੀ ਤੇ ਜੱਗੇ ਦੀ ਦੁਸ਼ਮਣੀ ਨੇ ਲਈ ਦੋ ਦੋਸਤਾਂ ਦੀ ਜਾਨ

Two Friends, Killed, Vicky and Jagga, Hostility

ਜੇਲ੍ਹ ‘ਚ ਪਈ ਦੁਸ਼ਮਣੀ ਦਾ ਬਦਲਾ ਲੈਣ ਲਈ ਵਿੱਕੀ ਨੇ ਜੱਗੇ ‘ਤੇ ਕੀਤਾ ਜਾਨਲੇਵਾ ਹਮਲਾ

ਵਿੱਕੀ ਨੇ ਵਾਰਦਾਤ ਦੀ ਲਈ ਜ਼ਿੰਮੇਵਾਰੀ ਤੇ ਜੱਗੇ ਨੂੰ ਦਿੱਤੀਆਂ ਜਨਮ ਦਿਨ ਦੀਆ ਵਧਾਈਆਂ

ਸਤਪਾਲ ਥਿੰਦ , ਫਿਰੋਜ਼ਪੁਰ

ਥਾਣਾ ਫ਼ਿਰੋਜ਼ਪੁਰ ਛਾਉਣੀ ਤੋਂ ਥੋੜ੍ਹੀ ਦੂਰ 7 ਨ:ੰ ਚੁੰਗੀ ‘ਤੇ ਬੀਤੀ ਰਾਤ ਹੋਈ ਗੈਂਗਵਾਰ ‘ਚ ਗੋਲੀਆਂ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ, ਜਦ ਕਿ ਇੱਕ ਨੌਜਵਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।  ਇਸ ਵਾਰਦਾਤ ਦੀ ਜ਼ਿੰਮੇਵਾਰੀ ਵਿੱਕੀ ਨਾਂਅ ਦੇ ਸ਼ਖ਼ਸ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਲਈ ਹੈ।

ਇਸ ਵਾਰਦਾਤ ਸਬੰਧੀ ਪੀੜਤ ਜਗਸੀਰ ਸਿੰਘ ਉਰਫ਼ ਜੱਗਾ ਵਾਸੀ ਰੁਕਨਾ ਮੁੰਗਲਾ ਨੇ ਦੱਸਿਆ ਕਿ ਕੱਲ੍ਹ ਉਸ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤ ਸੋਨੂੰ ਵਾਸੀ ਅੰਮ੍ਰਿਤਸਰੀ ਗੇਟ, ਚਮਕੌਰ ਸਿੰਘ ਵਾਸੀ ਅਜ਼ਾਦ ਨਗਰ , ਹੈਪੀ, ਰਾਜਬੀਰ ਅਤੇ ਹਰਜਿੰਦਰ ਸਿੰਘ ਮਿੰਕਾ ਵਾਸੀ ਅਜ਼ਾਦ ਨਗਰ ਨਾਲ ਜਨਮ ਦਿਨ ਮਨਾ ਕੇ ਫਿਰੋਜ਼ਪੁਰ ਛਾਉਣੀ 7 ਨੰ: ਚੁੰਗੀ ਕੋਲ ਆਏ ਸਨ ਤਾਂ ਵਿੱਕੀ ਆਪਣੇ ਸਾਥੀਆਂ ਨਾਲ ਦੋ ਕਾਰਾਂ ‘ਤੇ ਸਵਾਰ ਹੋ ਕੇ ਆਇਆ ਅਤੇ ਉਹਨਾਂ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ ਤਾਂ ਗੋਲੀ ਲੱਗਣ ਨਾਲ ਉਸਦੇ ਦੋਸਤ ਸੋਨੂੰ ਅਤੇ ਹਰਜਿੰਦਰ ਸਿੰਘ ਮਿੱਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸਦਾ ਦੋਸਤ ਚਮਕੌਰ ਸਿੰਘ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ।

ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿੱਕੀ ਨੇ ਫੇਸਬੁੱਕ ‘ਤੇ ਲਾਇਵ ਹੋ ਕੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਅਤੇ ਇਸ ਲਾਇਵ ਦੌਰਾਨ ਵਿੱਕੀ ਨੇ ਕਿਹਾ ਕਿ ਉਸ ਨੇ ਜੱਗੇ ਨੂੰ ਜਨਮਦਿਨ ਦਾ ਤੋਹਫਾ ਦਿੱਤਾ ਹੈ ਅਤੇ ਜਗਸੀਰ ਜੱਗਾ ਨੂੰ ਵਧਾਈਆਂ ਦੇਣ ਵਾਲਿਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਛਾਉਣੀ ਦੇ ਐਸਐਚਓ ਨਵੀਨ ਕੁਮਾਰ ਨੇ ਦੱਸਿਆ ਕਿ  ਜਗਸੀਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਵਿੱਕੀ ਸੈਮੂਅਲ, ਵਿਲਸਨ ਅਤੇ 8-9 ਅਣਪਛਾਤਿਆਂ ਖ਼ਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਵਿੱਕੀ ਵਾਸੀ ਸ਼ਾਂਤੀ ਨਗਰ ਅਤੇ ਪੀੜਤ ਜਗਸੀਰ ਸਿੰਘ ਵਾਸੀ ਰੁਕਨਾ ਮੁੰਗਲਾ ਦੀ ਜੇਲ੍ਹ ਅੰਦਰ 2015 ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ ਵਿੱਕੀ ਜ਼ਮਾਨਤ ‘ਤੇ ਜੇਲ੍ਹ ਵਿੱਚੋਂ ਬਾਹਰ ਆ ਗਿਆ ਸੀ, ਜਦੋਂਕਿ 10 ਸਾਲ ਦੀ ਸਜ਼ਾ ਕੱਟ ਰਿਹਾ ਜਗਸੀਰ ਸਿੰਘ ਉਰਫ਼ ਜੱਗਾ 3 ਅਕਤੂਬਰ ਨੂੰ ਛੁੱਟੀ ‘ਤੇ ਆਇਆ ਸੀ ਅਤੇ ਆਪਣੇ ਦੋਸਤਾਂ ਨਾਲ ਪਿੰਡ ਸ਼ੇਰਖਾ ‘ਚ ਆਪਣਾ ਜਨਮਦਿਨ ਮਨਾ ਕੇ 7 ਨੰ : ਚੁੰਗੀ ‘ਤੇ ਆਪਣੇ ਦੋਸਤਾਂ ਨਾਲ ਕਰੀਬ 12 ਵਜੇ ਆਇਆ ਸੀ, ਜਿਥੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।