ਕਈ ਆਗੂਆਂ ਦੀਆਂ ਪੱਗਾਂ ਲੱਥੀਆਂ
ਕਿਸਾਨਾਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਅਮਿਤ ਗਰਗ, ਰਾਮਪੁਰਾ ਫੂਲ
ਦਾਣਾ ਮੰਡੀ ਫੂਲ ਰੋਡ ਰਾਮਪੁਰਾ ਫੂਲ ਵਿਖੇ ਲੱਗੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਅੱਜ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਸ਼ਣ ਦੇਣ ਲਈ ਜਦੋਂ ਹੀ ਮਾਈਕ ਫੜਿਆ ਤਾਂ ਪਹਿਲਾਂ ਤੋਂ ਪੰਡਾਲ ‘ਚ ਮੌਜੂਦ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰਾ) ਦੇ ਮੈਂਬਰਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੰਡਾਲ ‘ਚ ਨਾਅਰੇਬਾਜ਼ੀ ਕਰ ਰਹੇ ਜੱਥੇਬੰਦੀ ਦੇ ਮੈਂਬਰਾਂ ‘ਤੇ ਮੌਕੇ ‘ਤੇ ਮੌਜੂਦ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ।
ਲਾਠੀਚਾਰਜ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਪੰਡਾਲ ਤੋਂ ਬਾਹਰ ਕੱਢਣ ਲਈ ਜੱਦੋ ਜ਼ਹਿਦ ਕਰਨੀ ਪਈ । ਗੁੱਸੇ ‘ਚ ਆਏ ਕਿਸਾਨਾਂ ਨੇ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿੱਰੁਧ ਨਾਅਰੇਬਾਜ਼ੀ ਕੀਤੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ‘ਤੇ ਆਪਣੇ ਕਾਂਗਰਸੀ ਗੁੰਡਿਆਂ ਤੋਂ ਪੱਗਾਂ ਲਹਾਉਣ ਦਾ ਦੋਸ਼ ਲਾਇਆ। ਇਸ ਮੌਕੇ ਹੋਏ ਲਾਠੀਚਾਰਜ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਪੱਗ ਵੀ ਲੱਥ ਗਈ
ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਝੋਨੇ, ਕਪਾਹ ਅਤੇ ਕਣਕ ਦਾ ਐਮਐਸਪੀ ਵਧਾਉਣ ,ਹਰੇਕ ਪਿੰਡ ‘ਚ ਖੇਤੀ ਸੰਦ ਦੇਣ ਲਈ ਝੋਨੇ ਦੀ ਬਿਜਾਈ ਕਰਨ ਲਈ, ਪੂਰੀ ਮਾਤਰਾ ‘ਚ ਪਾਣੀ ਦੇਣ ਆਦਿ ਮੰਗਾਂ ਸਬੰਧੀ ਉਹਨਾਂ ਵੱਲੋਂ ਬਿਜਲੀ ਮੰਤਰੀ ਕਾਂਗੜ ਦੇ ਬੋਲਣ ਤੋਂ ਪਹਿਲਾਂ ਸਟੇਜ ‘ਤੇ ਬੋਲਣ ਲਈ ਟਾਇਮ ਦੀ ਮੰਗ ਕੀਤੀ ਗਈ ਸੀ। ਡੀਐਸਪੀ ਫੂਲ ਵੱਲੋਂ ਭਰੋਸਾ ਦੇਣ ਅਤੇ ਕਿਸਾਨ ਮੇਲਾ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਬੋਲਣ ਦਾ ਟਾਇਮ ਨਹੀਂ ਦਿੱੱਤਾ ਗਿਆ।
ਜਿਸ ਕਰਕੇ ਗੁੱਸੇ ‘ਚ ਆਏ ਕਿਸਾਨਾਂ ਨੂੰ ਨਾਅਰੇਬਾਜ਼ੀ ਕਰਨ ਲਈ ਮਜ਼ਬੂਰ ਹੋਣ ਪਿਆ। ਇਸ ਮੌਕੇ ਸੰਦੋਹਾ ਸਮੇਤ ਯੂਨੀਅਨ ਦੇ ਹੋਰ ਆਗੂਆਂ ਨੇ ਪੁਲਿਸ ਅਤੇ ਕਾਂਗਰਸ ਦੇ ਵਰਕਰਾਂ ‘ਤੇ ਕਿਸਾਨ ਯੂਨੀਅਨ ਦੇ ਆਗੂ ਦੀਆਂ ਪੱਗਾਂ ਲੱਥਣ ਦਾ ਦੋਸ਼ ਲਗਾਉਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮੌਕੇ ਬੀਕੇਯੂ (ਸਿੱਧੂਪੁਰਾ) ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਲਹਿਰਾ, ਜਿਲਾ ਜਰਨਲ ਸਕੈਟਰੀ ਸੁਖਦਰਸ਼ਨ ਸਿੰਘ ਖੇਮੂਆਣਾ,ਅਰਜੁਨ ਸਿੰਘ ਫੂਲ,ਰੇਸ਼ਨ ਸਿੰਘ,ਅਮਰਜੀਤ ਸਿੰਘ,ਮਿੱਠੂ ਸਿੰਘ,ਲਾਭ ਸਿੰਘ,ਹਰਬੰਸ ਸਿੰਘ ਅਤੇ ਬੂਟਾ ਸਿੰਘ ਗਿੱਲ ਖੁਰਦ ਆਦਿ ਹਾਜ਼ਰ ਸਨ।
ਸੂਚਨਾ ਤੰਤਰ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆਂ ਕਿ ਅੱਜ ਦੇ ਮੇਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਵਿੱਚ ਸਰਕਾਰ ਦੇ ਸੂਚਨਾ ਤੰਤਰ ਵੱਲੋਂ ਲੋਕਲ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਅਲਟਰ ਦਿਖਾਈ ਨਹੀਂ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।