ਅਮਰਿੰਦਰ ਨੇ ਕਿਹਾ ਪੰਜਾਬ ਨੂੰ ਤਬਾਹ ਨਹੀਂ ਕਰਨਾ
ਅਫ਼ੀਮ ਦੀ ਖੇਤੀ ਨੂੰ ਲੈ ਕੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਆਹਮੋ ਸਾਹਮਣੇ
ਸਿਰਫ਼ ਦਵਾਈ ਲਈ ਹੀ ਪੈਦਾ ਹੋਵੇ ਅਫ਼ੀਮ, 2007 ਤੋਂ ਕਰਦਾ ਆ ਰਿਹਾ ਹਾਂ ਮੰਗ : ਅਮਰਿੰਦਰ ਸਿੰਘ
ਅਫ਼ੀਮ ਨਾਲ ਨਹੀਂ ਚਿੱਟੇ ਨਾਲ ਹੁੰਦੀ ਐ ਮੌਤ, ਪੰਜਾਬ ਵਿੱਚ ਹੋਵੇ ਅਫ਼ੀਮ ਦੀ ਖੇਤੀ : ਸਿੱਧੂ
ਚੰਡੀਗੜ, ਅਸ਼ਵਨੀ ਚਾਵਲਾ
ਪੰਜਾਬ ਵਿੱਚ ਅਫ਼ੀਮ ਦੀ ਖੇਤੀ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਖੁੱਲੀ ਛੁੱਟ ਦੇਣ ਦੀ ਮੰਗ ਕਰ ਦਿੱਤੀ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਫ਼ ਇਨਕਾਰ ਕਰਦੇ ਹੋਏ ਕਹਿ ਦਿੱਤਾ ਹੈ ਕਿ ਉਨ੍ਹਾਂ ਪੰਜਾਬ ਅਤੇ ਉਸ ਦੀ ਨੌਜਵਾਨੀ ਨੂੰ ਬਰਬਾਦ ਨਹੀਂ ਕਰਨਾ ਹੈ ਪਰ ਇਥੇ ਹੀ ਅਮਰਿੰਦਰ ਸਿੰਘ ਨੇ ਇੱਕ ਖ਼ਾਸ ਨੀਤੀ ਤਹਿਤ ਅਸੀ ਦਵਾਈਆਂ ਦੀ ਵਰਤੋਂ ਕਰਨ ਲਈ ਅਫ਼ੀਮ ਦੀ ਖੇਤੀ ਕਰਵਾਉਣ ਦੀ ਵਕਾਲਤ ਤੱਕ ਕੀਤੀ ਹੈ।
ਨਵਜੋਤ ਸਿੱਧੂ ਨੇ ਇੱਕ ਸਮਾਗਮ ਦੌਰਾਨ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸੂਬੇ ਵਿੱਚ ਅਫ਼ੀਮ ਦੀ ਖੇਤੀ ਕਰਨ ਲਈ ਇਜਾਜ਼ਤ ਦੇਣੀ ਚਾਹੀਦੀ ਹੈ। ਉਨਾਂ ਦਾ ਚਾਚਾ ਅਫ਼ੀਮ ਦਵਾਈ ਦੇ ਰੂਪ ਵਿੱਚ ਖਾਂਦੇ ਸਨ ਅਤੇ ਉਹ ਲੰਬੀ ਉਮਰ ਤੱਕ ਜਿਉਂਦੇ ਰਹੇ ਹਨ। ਇਸ ਲਈ ਸੂਬੇ ਵਿੱਚ ਅਫ਼ੀਮ ਦੀ ਖੇਤੀ ਕੀਤੀ ਜਾਣੀ ਚਾਹੀਦੀ ਹੈ। ਨਵਜੋਤ ਸਿੱਧੂ ਨੇ ਡਾ. ਗਾਂਧੀ ਵਲੋਂ ਵਾਰ ਵਾਰ ਕੀਤੀ ਜਾ ਰਹੀ ਅਫ਼ੀਮ ਅਤੇ ਭੁੱਕੀ ਪੋਸਤ ਦੀ ਖੇਤੀ ਦਾ ਆਪਣਾ ਸਮਰਥਨ ਦਿੱਤਾ ਹੈ।
ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸੂਬੇ ਦੀ ਜਵਾਨੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਬਚਾਉਣ ਲਈ ਰਾਸ਼ਟਰੀ ਡਰੱਗ ਨੀਤੀ ਦਾ ਮੁੜ ਸੱਦਾ ਦਿੱਤਾ ਹੈ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਿਪਟਣ ਲਈ ਕੇਂਦਰੀ ਪੱਧਰ ‘ਤੇ ਵਿਆਪਕ ਫ਼ਾਰਮੂਲਾ ਤਿਆਰ ਕੀਤੇ ਜਾਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਵਜੋਂ ਆਪਣੇ 2007 ਦੇ ਪਿਛਲੇ ਕਾਰਜ ਕਾਲ ਤੋਂ ਹੀ ਅਜਿਹੀ ਨੀਤੀ ਦੀ ਮੰਗ ਕਰਦੇ ਆ ਰਹੇ ਹੋਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਤੱਥਾਂ ਨੂੰ ਸੁਖਾਵਾਂ ਮੰਨਿਆ ਹੈ ਕਿ ਕੁੱਝ ਸੂਬਿਆਂ ਵੱਲੋਂ ਅਫ਼ੀਮ ਦੀ ਖੇਤੀ ਦੀ ਵੱਧ ਰਹੀ ਮੰਗ ਦੇ ਕਾਰਨ ਇਹ ਮੁੱਦਾ ਕੇਂਦਰ ਬਿੰਦੂ ਵਿੱਚ ਆ ਗਿਆ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵੱਲੋਂ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਦੇ ਵਾਸਤੇ ਉਹ ਪੰਜਾਬ ਵਿੱਚ ਲਾਹੇਵੰਦ ਮੰਡੀ ਭਾਲ ਰਹੇ ਹਨ। ਉਨਾਂ ਤੌਖਲਾ ਜ਼ਾਹਰ ਕੀਤਾ ਕਿ ਇਸ ਨਾਲ ਉਨਾਂ ਦੇ ਸੂਬੇ ਦੀ ਨੌਜਵਾਨ ਪੀੜੀ ਤਬਾਹ ਹੋ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਕੇਂਦਰ ਕੋਲ ਰਾਸ਼ਟਰੀ ਡਰੱਗ ਨੀਤੀ ਦਾ ਮੁੱਦਾ ਉਠਾਇਆ ਹੈ ਅਤੇ ਉਨਾਂ ਨੇ ਮੁੱਖ ਮੰਤਰੀਆਂ ਦੀ ਕਾਨਫਰੰਸ ਵਿੱਚ ਵੀ ਇਹ ਮਾਮਲਾ ਉਠਾਇਆ ਸੀ। ਉਨਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਵਾਸਤੇ ਸਪਸ਼ਟ ਵਿਧੀ-ਵਿਧਾਨ ਦੀ ਜ਼ਰੂਰਤ ਹੈ। ਉਨਾਂ ਨੇ ਇਸ ਸਮੱਸਿਆ ਨਾਲ ਨਿਪਟਣ ਲਈ ਰਾਸ਼ਟਰੀ ਨੀਤੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਉਨਾਂ ਕਿਹਾ ਕਿ ਇਕ ਸੂਬਾ ਡਰੱਗ ਖਾਸ ਕਰ ਅਫ਼ੀਮ ਦੀ ਪੈਦਾਵਾਰ ਕਰਦਾ ਹੈ ਅਤੇ ਦੂਸਰਾ ਨਹੀਂ ਕਰਦਾ ਜਿਸ ਦੇ ਕਾਰਨ ਦੇਸ਼ ਵਿੱਚ ਨਾ ਪ੍ਰਵਾਨ ਕੀਤੇ ਜਾਣ ਵਾਲੀ ਸਥਿਤੀ ਪੈਦਾ ਹੋ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਨੀਤੀ ਨਸ਼ਿਆਂ ਦੀ ਖੇਤੀ ਦੀ ਜ਼ਰੂਰਤ ਨੂੰ ਵੀ ਮੁਖ਼ਾਤਬ ਹੋ ਸਕਦੀ ਹੈ, ਜਿਸ ਦੀ ਫਾਰਮਾਸਿਊਟੀਕਲ ਉਦਯੋਗ ਲਈ ਜ਼ਰੂਰਤ ਹੁੰਦੀ ਹੈ। ਉਨਾਂ ਕਿਹਾ ਕਿ ਅਜਿਹੀ ਨੀਤੀ ਨੂੰ ਤਿਆਰ ਕਰਦੇ ਹੋਏ ਕੇਂਦਰ ਵੱਲੋਂ ਸੂਬਿਆਂ ਅਤੇ ਮਾਹਰਾਂ ਨੂੰ ਇਹ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।