ਕਰੋੜਾਂ ਦੇ ਘਪਲੇ ਦੇ ਲੱਗੇ ਹਨ ਦੋਸ਼
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਹਜ਼ਾਰ 640 ਕਰੋੜ ਦੇ ਵੱਡੇ ਘਪਲੇ ਦੇ ਦੋਸ਼
ਨਾਭਾ, ਤਰੁਣ ਕੁਮਾਰ ਸ਼ਰਮਾ
ਦੇਸ਼ ਵਿੱਚ ਕਰੋੜਾਂ ਦੇ ਉਜਾਗਰ ਹੋ ਰਹੇ ਘਪਲਿਆਂ ਵਿੱਚ ਅੱਜ ਰਿਆਸਤੀ ਨਾਭਾ ਸ਼ਹਿਰ ਦਾ ਨਾਂਅ ਵੀ ਜੁੜ ਗਿਆ ਜਦੋਂ ਇੱਥੋਂ ਦੀ ਪੁਲਿਸ ਨੇ ਚਿੱਟ ਫੰਡ ਕੰਪਨੀ ਦੇ ਨਾਂਅ ‘ਤੇ ਕਥਿਤ ਰੂਪ ਵਿੱਚ ਕੀਤੀ ਕਰੋੜਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਕੰਪਨੀ ਦੇ ਐੱਮ ਡੀ ਦਾ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਨਾਭਾ ਵਿੱਚ ‘ਆਈ ਕੋਰ ਕੰਪਨੀ’ ਨੇ ਆਪਣਾ ਦਫਤਰ ਖੋਲ੍ਹਿਆ ਅਤੇ ਆਮ ਲੋਕਾਂ ਨੂੰ ਦਿਨਾਂ ਵਿੱਚ ਹੀ ਉਨ੍ਹਾਂ ਦੀ ਰਕਮ ਨੂੰ ਦੁੱਗਣੇ ਕਰਨ ਦੇ ਝਾਂਸੇ ਦੇ ਕੇ ਰਿਆਸਤੀ ਸ਼ਹਿਰ ਦੇ ਵਾਸੀਆਂ ਤੋਂ ਲਗਭਗ 4 ਕਰੋੜ ਰੁਪਇਆ ਇਕੱਠਾ ਕਰ ਲਿਆ। ਕੰਪਨੀ ਦੇ ਐੱਮ ਡੀ ਵੱਲੋਂ ਪ੍ਰਸਿੱਧ ਬਾਲੀਵੁੱਡ ਸਿਤਾਰਿਆਂ ਅਤੇ ਹਸਤੀਆਂ ਨਾਲ ਆਪਣੀਆਂ ਫੋਟੋਆਂ ਦਿਖਾ ਕੇ ਲੋਕਾਂ ਨੂੰ ਭਰਮਾਇਆ ਗਿਆ।
ਇਸ ਤੋਂ ਬਾਦ ਕੰਪਨੀ ਦਾ ਕਥਿਤ ਐੱਮ ਡੀ ਅਤੇ ਸਟਾਫ ਅਚਾਨਕ ਰੂਪੋਸ਼ ਹੋ ਗਏ, ਜਿਸ ਨਾਲ ਕੰਪਨੀ ਵਿੱਚ ਪੈਸਾ ਲਗਾਉਣ ਵਾਲੇ ਲੋਕਾਂ ਦੇ ਹੱਥਾਂ ਦੇ ਤੋਤੇ ਉੱਡ ਗਏ। ਕੁੱਝ ਸਮੇਂ ਬਾਅਦ ਕੰਪਨੀ ਵੱਲੋਂ ਲਗਭਗ 80 ਚੈਕ ਜਾਰੀ ਕਰਕੇ ਦਿੱਤੇ ਗਏ ਜੋ ਕਿ ਕਥਿਤ ਰੂਪ ਵਿੱਚ ਲਗਾਤਾਰ ਬਾਊਂਸ ਹੁੰਦੇ ਰਹੇ। ਆਪਣੀ ਡੁੱਬੀ ਰਕਮ ਨੂੰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਕੇ ਕੰਪਨੀ ਦੀ ਠੱਗੀ ਦੇ ਸ਼ਿਕਾਰ ਹੋਏ ਸ਼ਹਿਰ ਵਾਸੀਆਂ ਨੇ ਸਾਲ 2014 ਵਿੱਚ ਕੰਪਨੀ ਦੇ ਐਮ ਡੀ ਖਿਲਾਫ ਨਾਭਾ ਕੋਤਵਾਲੀ ਪੁਲਿਸ ਕੋਲ ਠੱਗੀ ਸੰਬੰਧੀ ਮਾਮਲਾ ਦਰਜ ਕਰਵਾ ਦਿੱਤਾ।
ਦੱਸਣਯੋਗ ਹੈ ਕਿ ਕੰਪਨੀ ਅਤੇ ਇਸ ਦੇ ਐਮ ਡੀ ਨੇ ਕਥਿਤ ਰੂਪ ‘ਚ ਨਾ ਸਿਰਫ ਨਾਭਾ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17 ਹਜ਼ਾਰ 640 ਕਰੋੜ ਦਾ ਵੱਡਾ ਘਪਲਾ ਕਰ ਰੱਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮਾਮਲੇ ਦੇ ਪੀੜਤਾਂ ਵੱਲੋਂ ਪੇਸ਼ ਹੋਏ ਵਕੀਲ ਐਚ ਵੀ ਰਾਏ ਨੇ ਦੱਸਿਆ ਕਿ ਅਸੀਂ ਚਾਰ ਸਾਲ ਦੀ ਜੱਦੋਜਹਿਦ ਤੋਂ ਬਾਦ ਸਫਲਤਾ ਹਾਸਿਲ ਕੀਤੀ ਹੈ। ਸਾਡੀ ਕੋਸ਼ਿਸ਼ ਹੈ ਕਿ ਕੰਪਨੀ ਦੇ ਐਮ ਡੀ ਤੋਂ ਬਾਦ ਉਸ ਦੀ ਪਤਨੀ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਨਾ ਸਿਰਫ ਨਾਭਾ ਵਿੱਚ 4 ਕਰੋੜ ਦਾ ਘਪਲਾ ਕੀਤਾ ਹੈ ਬਲਕਿ ਦੂਜੀਆਂ ਸਟੇਟਾਂ ਤੋਂ 17 ਹਜ਼ਾਰ 640 ਕਰੋੜ ਦੇ ਘਪਲੇ ਨੂੰ ਵੀ ਅੰਜਾਮ ਦਿੱਤਾ ਹੈ। ਇਸ ਮੌਕੇ ਕੋਤਵਾਲੀ ਪੁਲਿਸ ਦੇ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਦੇ ਉੜੀਸਾ ਨਾਲ ਸੰਬੰਧਤ ਹੋਣ ਕਾਰਨ ਭਾਵੇਂ ਨਾਭਾ ਪੁਲਿਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ ਪ੍ਰੰਤੂ ਅੱਜ ਕੰਪਨੀ ਦੇ ਐਮ ਡੀ ਅਨੂਕੂਲ ਮਹਿਤੀ ਨੂੰ ਉੜੀਸਾ ਤੋ ਪ੍ਰੋਡਕਸ਼ਨ ਵਾਰੰਟਾਂ ‘ਤੇ ਨਾਭਾ ਲਿਆਂਦਾ ਗਿਆ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਤੋਂ ਬਾਦ ਹੀ ਉਸ ਦੇ ਕੀਤੇ ਹੋਰ ਘਪਲਿਆਂ ਬਾਰੇ ਦੱਸਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।