ਹਿੰਮਤੀ ਨੌਜਵਾਨਾਂ ਨੇ ਪਿੰਡ ਦੀਆਂ ਕੰਧਾਂ ‘ਬੋਲਣ ਲਾਈਆਂ’

Courageous, Youths, Call Villages, Speak

ਸਮਾਜਿਕ ਬੁਰਾਈਆਂ ਖਿਲਾਫ਼ ਕੰਧਾਂ ‘ਤੇ ਉਕੇਰੀਆਂ ਤਸਵੀਰਾਂ ਦਿੰਦੀਆਂ ਨੇ ਸਿੱਖਿਆ

‘ਦ ਗਰੇਟ ਥਿੰਕਰਜ਼ ਗਰੁੱਪ’ ਨੇ ਪਿੰਡ ਦੀ ਨੁਹਾਰ ਬਦਲਣ ਦਾ ਚੁਣਿਆ ਰਾਹ

ਮਾਨਸਾ,  ਸੁਖਜੀਤ ਮਾਨ

ਆਮ ਕਹਾਵਤ ਹੈ ਕਿ ‘ਕੰਧਾਂ ਦੇ ਵੀ ਕੰਨ ਹੁੰਦੇ ਨੇ’ ਪਰ ਪਿੰਡ ਬੁਰਜ ਢਿੱਲਵਾਂ ਦੀਆਂ ਕੰਧਾਂ ਅਜਿਹੀਆਂ ਨਹੀਂ ਇੱਥੇ ਕੰਧਾਂ ਗੱਲਾਂ ਨਹੀਂ ਸੁਣਦੀਆਂ, ਸਗੋਂ ਗਿਆਨ ਵੰਡਦੀਆਂ ਨੇ ਪਿੰਡ ਵਾਸੀਆਂ ਸਮੇਤ ਜੇ ਕੋਈ ਬਾਹਰੋਂ ਆਇਆ ਵਿਅਕਤੀ ਵੀ ਕੁੱਝ ਜਨਤਕ ਥਾਵਾਂ ‘ਤੇ ਕੰਧ ਵੱਲ ਮੂੰਹ ਕਰਕੇ ਖੜ੍ਹ ਜਾਵੇ ਤਾਂ ਕੰਧ ‘ਤੇ ਬਣਾਈ ਪੇਂਟਿੰਗ ਤੋਂ ਚੰਗੀ ਸਿੱਖਿਆ ਝੋਲੀ ‘ਚ ਪਵੇਗੀ ਇਸ ਪਿੰਡ ‘ਚ ਬਣੇ ‘ਦ ਗਰੇਟ ਥਿੰਕਰਜ਼ ਗਰੁੱਪ’ ਦੇ ਉੱਦਮੀ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕਰਕੇ ਪਿੰਡ ਦੀ ਨੁਹਾਰ ਬਦਲਣ ਦਾ ਰਾਹ ਚੁਣਿਆ ਹੋਇਆ ਹੈ

ਵੇਰਵਿਆਂ ਮੁਤਾਬਿਕ ਕਰੀਬ 5 ਕੁ ਮਹੀਨੇ ਪਹਿਲਾਂ ਹੋਂਦ ‘ਚ ਆਏ ਇਸ ਗਰੁੱਪ ਨੇ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਦਾ ਬੀੜਾ ਚੁੱਕਦਿਆਂ ਪਿੰਡ ਦੀਆਂ ਕੰਧਾਂ ‘ਤੇ ਚੰਗੇ ਸੁਨੇਹੇ ਦੇਣ ਵਾਲੀਆਂ ਪੇਂਟਿੰਗਾਂ ਬਣਵਾਈਆਂ ਹਨ ਗਰੁੱਪ ਦੇ ਪ੍ਰਧਾਨ ਜਗਸੀਰ ਸਿੰਘ ਤੇ ਖਜਾਨਚੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੰਧਾਂ ‘ਤੇ ਕਿਸਾਨ ਖੁਦਕੁਸ਼ੀਆਂ ਰੋਕਣ, ਪ੍ਰਦੂਸ਼ਣ ਘਟਾਉਣ, ਪਾਣੀ ਬਚਾਉਣ, ਭਰੂਣ ਹੱਤਿਆ ਰੋਕਣ ਅਤੇ ਨਸ਼ਿਆਂ ਤੋਂ ਬਚਣ ਆਦਿ ਸਮੇਤ ਹੋਰ ਸਾਰਥਿਕ ਸੁਨੇਹਿਆਂ ਵਾਲੀਆਂ ਪੇਂਟਿੰਗਾਂ ਬਣਵਾਈਆਂ ਹਨ ਇਨ੍ਹਾਂ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਰੋਕਣ ਲਈ  ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ

ਉਨ੍ਹਾਂ ਦੱਸਿਆ ਕਿ ਦਰਜ਼ਨ ਦੇ ਕਰੀਬ ਪੇਟਿੰਗਾਂ ਪਿੰਡ ‘ਚ ਅਜਿਹੀਆਂ ਥਾਵਾਂ ‘ਤੇ ਬਣਵਾਈਆਂ ਗਈਆਂ ਹਨ ਜਿੱਥੋਂ ਦੀ ਲੋਕਾਂ ਦਾ ਆਉਣ-ਜਾਣ ਜ਼ਿਆਦਾ ਹੈ ਤਾਂ ਜੋ ਹਰ ਕੋਈ ਇਨ੍ਹਾਂ ਪੇਟਿੰਗਾਂ ਨੂੰ ਵੇਖਕੇ ਸਿੱਖਿਆ ਲੈ ਸਕੇ ਕਿਸਾਨਾਂ ਵੱਲੋਂ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰਨ ਦੇ ਵਰਤਾਰੇ ਨੂੰ ਠੱਲ੍ਹ ਪਾਉਣ ਦਾ ਸੁਨੇਹਾ ਦਿੰਦੀ ਪੇਟਿੰਗ  ਵਿਆਹ-ਸ਼ਾਦੀਆਂ ਸਮੇਤ  ਹੋਰ ਸਮਾਗਮਾਂ ਨੂੰ ਸਾਦੇ ਢੰਗ ਨਾਲ ਨੇਪਰੇ ਚਾੜ੍ਹਕੇ ਖਰਚੇ ਘਟਾਉਣ ਦੀ ਨਸੀਹਤ ਦਿੰਦੀ ਹੈ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦੀ ਪੇਟਿੰਗ ‘ਚ ‘ਨਸ਼ਿਆਂ ਦੀ ਨਾ ਕਰੋ ਗੁਲਾਮੀ, ਰੁਲਦੀ ਜਿੰਦ ਹੁੰਦੀ ਬਦਨਾਮੀ’ ਜਿਹੇ ਨਾਅਰੇ ਲਿਖਕੇ ਨੌਜਵਾਨਾਂ ਨੂੰ ਨਸ਼ਿਆਂ ਦਾ ਰਾਹ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਹੈ

‘ਦ ਗ੍ਰੇਟ ਥਿੰਕਰਜ ਗਰੁੱਪ ‘ ਨਾਂਅ ਰੱਖਣ ਸਬੰਧੀ ਪੁੱਛਣ ‘ਤੇ ਖਜਾਨਚੀ  ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਟਿਆਲਾ ‘ਚ ਸੇਵਾ ਮੁਕਤ ਮੁਲਾਜ਼ਮਾਂ ਨੇ ਇਸ ਨਾਂਅ ਦਾ ਗਰੁੱਪ ਬਣਾਇਆ ਹੋਇਆ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਇਸ ਗਰੁੱਪ ਦੇ ਨਾਂਅ ਤਹਿਤ ਪਿੰਡ ‘ਚ ਉਸਾਰੂ ਕਾਰਜ਼ ਕਰਨੇ ਸ਼ੁਰੂ ਕੀਤੇ ਹੋਏ ਹਨ ਉਨ੍ਹਾਂ ਦੱਸਿਆ ਕਿ ਕੰਧਾਂ ‘ਤੇ ਪੇਟਿੰਗਾਂ ਬਣਾਉਣ ਤੋਂ ਇਲਾਵਾ ਪਿੰਡ ‘ਚ ਲਾਏ ਗਏ ਕਰੀਬ 1100 ਤੋਂ ਵੱਧ ਪੌਦਿਆਂ ਦੀ ਸੰਭਾਲ ਲਈ ਬਾਂਸ ਦੇ ‘ਟ੍ਰੀ ਗਾਰਡ’ ਵੀ ਉਨ੍ਹਾਂ ਨੇ ਖੁਦ ਬਣਾਏ ਬਾਂਸ ਦੇ ਇਨ੍ਹਾਂ ਟ੍ਰੀ ਗਾਰਡਾਂ ਤੋਂ ਪ੍ਰਭਾਵਿਤ ਹੋ ਕੇ ਕਰੀਬ 30-35 ਪਿੰਡਾਂ ਦੇ ਨੌਜਵਾਨ ਇਸ ਸਬੰਧੀ ਜਾਣਕਾਰੀ ਲੈਣ ਆਏ ਅਤੇ ਕਈਆਂ ਨੂੰ ਉਨ੍ਹਾਂ ਨੇ ਟ੍ਰੀ ਗਾਰਡ ਬਣਾ ਕੇ ਵੀ ਦਿੱਤੇ ਇਸ ਗਰੁੱਪ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਸਮੇਤ ਸਮੁੱਚੇ ਸਮਾਜ ਦੀ ਭਲਾਈ ਲਈ ਹਮੇਸ਼ਾ ਅਜਿਹੇ ਯਤਨ ਕਰਦੇ ਰਹਿਣਗੇ

ਇਲਾਕੇ ਲਈ ਰੋਲ ਮਾਡਲ ਨੇ ਬੁਰਜ ਢਿੱਲਵਾਂ ਦੇ ਨੌਜਵਾਨ : ਵਿਧਾਇਕ

ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨਾਂ ਨੇ ਪਿੰਡ ਤੇ ਸਮਾਜ ਦੀ ਬਿਹਤਰੀ ਲਈ ਹੰਭਲਾ ਮਾਰਿਆ ਹੈ ਉਸੇ ਤਰ੍ਹਾਂ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਇਨ੍ਹਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਉਨ੍ਹਾਂ ਇਨ੍ਹਾਂ ਨੌਜਵਾਨਾਂ ਨੂੰ ਇਲਾਕੇ ਦਾ ਰੋਲ ਮਾਡਲ ਕਰਾਰ ਦਿੰਦਿਆਂ ਆਖਿਆ ਕਿ ਸਿਆਸੀ ਲੋਕ ਤਾਂ ਨਸ਼ਿਆਂ ਆਦਿ ਸਮੇਤ ਹੋਰ ਬੁਰਾਈਆਂ ਖਿਲਾਫ ਸਿਰਫ ਵਾਅਦੇ ਹੀ ਕਰ ਸਕਦੇ ਹਨ ਪਰ ਜੇ ਇਨ੍ਹਾਂ ਦੀ ਤਰ੍ਹਾਂ ਹੋਰ ਨੌਜਵਾਨ ਵੀ ਜਾਗਰੂਕ ਹੋਣ ਤਾਂ ਸਮਾਜਿਕ ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।