ਬਲਜਿੰਦਰ ਭੱਲਾ
ਬਾਘਾ ਪੁਰਾਣਾ, 23 ਸਤੰਬਰ
ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਕਾਂਗਰਸ ਦੇ ਤਿੰਨ ਮੰਤਰੀਆਂ ‘ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਉਨ੍ਹਾਂ ਦੇ ਹਲਕੇ ‘ਚ ਦਖ਼ਲਅੰਦਾਜੀ ਕਰਨ ਦਾ ਦੋਸ਼ ਲਾਇਆ ਹੈ ਸ੍ਰ. ਬਰਾੜ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ‘ਤੇ ਵੀ ਅਕਾਲੀਆਂ ਦੇ ਹੱਕ ‘ਚ ਭੁਗਤਣ ਦੇ ਦੋਸ਼ ਲਾਏ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਉਨ੍ਹਾਂ ਦੇ ਬੇਟੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਦੇ ਤਿੰਨ ਮੰਤਰੀ ਸਾਡੇ ਪਿੱਛੇ ਪਏ ਹੋਏ ਹਨ ਜੋ ਕਿ ਅਕਾਲੀਆਂ ਦੇ ਇਸ਼ਾਰਿਆਂ ‘ਤੇ ਸਾਨੂੰ ਵੋਟਾਂ ਦੌਰਾਨ ਪ੍ਰੇਸ਼ਾਨ ਕਰਦੇ ਰਹੇ। ਉਨ੍ਹਾਂ ਦੋਵਾਂ ਦਾ ਨਾਂਅ ਲੈਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਗੁਰਪ੍ਰੀਤ ਸਿੰਘ ਕਾਂਗੜ ਦਾ ਸਿੱਧਾ ਨਾਂਅ ਲੈ ਕੇ ਕਿਹਾ ਕਿ ਉਨ੍ਹਾਂ ਨੇ ਹਲਕਾ ਬਾਘਾ ਪੁਰਾਣਾ ਦੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅੰਦਰ ਦਖਲ ਅੰਦਾਜੀ ਕਰਕੇ ਵਰਕਰਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਸਾਡੇ ਕੋਲ ਪੱਕੇ ਸਬੂਤ ਹਨ। ਅਸੀ ਇਨ੍ਹਾਂ ਤਿੰਨਾਂ ਮੰਤਰੀਆਂ ਦਾ ਅਤੇ ਅਕਾਲੀ ਦਲ ਦੇ ਹੱਥ ਠੋਕੇ ਬਣੇ ਅਫਸਰਾਂ ਦੀ ਸ਼ਿਕਾਇਤ ਪੰਜਾਬ ਕਾਂਗਰਸ ਪਾਰਟੀ ਦੀ ਹਾਈ ਕਮਾਨ ਕੋਲੇ ਕਰਾਂਗੇ। ਦਰਸ਼ਨ ਸਿੰਘ ਬਰਾੜ ਸਥਾਨਕ ਵਿਧਾਇਕ ਨੇ ਕਿਹਾ ਕਿ ਚੋਣਾਂ ਦੌਰਾਨ ਮੇਰੇ ਤੇ ਮੇਰੇ ਬੇਟੇ ਕਮਲਜੀਤ ਸਿੰਘ ਬਰਾੜ ਦੇ ਪਿੱਛੇ ਪਿੱਛੇ ਦੋ ਦੋ ਪੁਲਿਸ ਦੀਆਂ ਗੱਡੀਆਂ ਲਗਾ ਦਿੱਤੀਆਂ ਤਾਂ ਜੋ ਅਸੀ ਚੋਣ ਪ੍ਰਚਾਰ ਨਾ ਕਰ ਸਕੀਏ। ਜਿਨ੍ਹਾਂ ਦੀ ਅਗਵਾਈ ਦੋ ਡੀਐੱਸਪੀ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਤਾਂ ਬੂਥਾਂ ਦੇ ਅੰਦਰ ਬੈਠਾਇਆ ਗਿਆ। ਇਸੇ ਤਰ੍ਹਾਂ ਚੋਣਾਂ ਦੀ ਗਿਣਤੀ ਵੇਲੇ ਅਕਾਲੀ ਵਰਕਰਾਂ ਦੇ ਪਹਿਚਾਣ ਪੱਤਰ ਵੋਟਾਂ ਦੀ ਗਿਣਤੀ ਵਾਲੇ ਦਿਨ 10 ਵਜੇ ਤੱਕ ਬਣਦੇ ਰਹੇ ਉਹ ਵੀ ਬਿਨਾਂ ਪਹਿਚਾਣ ਕੀਤੇ ਤੋਂ। ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅੰਦਰ ਡਿਪਟੀ ਕਮਿਸ਼ਨਰ ਮੋਗਾ, ਐੱਸਐੱਸਪੀ ਮੋਗਾ, ਏਡੀਸੀ ਮੋਗਾ, ਐਸਪੀਡੀ ਮੋਗਾ, ਡੀਐਸਪੀ ਮੋਗਾ ਅਤੇ ਸਥਾਨਕ ਐੱਸਡੀਐੱਮ ਦੀ ਟੀਮ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ‘ਤੇ ਸਥਾਨਕ ਕਾਂਗਰਸੀ ਵਰਕਰਾਂ ਨੂੰ ਜਲੀਲ ਕਰਕੇ ਗਿਣੀ ਮਿਣੀ ਸਾਜਿਸ਼ ਤਾਹਿਤ ਉਨ੍ਹਾਂ ਦਾ ਹੌਂਸਲਾ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਫਿਰ ਵੀ ਲੋਕਾਂ ਦੇ ਸਹਿਯੋਗ ਸਦਕਾ ਅਸੀਂ 29 ਸੀਟਾਂ ‘ਚੋਂ 26 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਦਰਜ ਕਰਵਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।