ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਜਾਖੜ ਕਾਂਗਰਸ ਦਫ਼ਤਰ ‘ਚ ਖੋਲ੍ਹਣਾ ਚਾਹੁੰਦੇ ਹਨ ਸਰਕਾਰੀ ਦਫ਼ਤਰ
ਜਾਖੜ ਨੇ ਦਿੱਤੇ ਹਨ ਕਾਂਗਰਸ ਦੇ ਸਕੱਤਰਾਂ ਨੂੰ ਕਾਂਗਰਸ ਭਵਨ ਵਿਖੇ ਬੈਠ ਕੇ ਅਧਿਕਾਰੀਆਂ ਤੋਂ ਕੰਮ ਕਰਵਾਉਣ ਦੇ ਆਦੇਸ਼
ਜਾਖੜ ਨੇ ਪੰਜਾਬ ਕਾਂਗਰਸ ਦੇ ਦਫਤਰ ਨੂੰ ਸਰਕਾਰ ਦੇ ਉਪ ਦਫਤਰ ‘ਚ ਬਦਲਣ ਦੀ ਰਸਮ ਪੂਰੀ ਕੀਤੀ : ਅਕਾਲੀ ਦਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਪਿਛਲੇ ਕੁਝ ਮਹੀਨੇ ਤੋਂ ਲਗਾਤਾਰ ਕਿਸੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਹੇ ਸੁਨੀਲ ਜਾਖੜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਇੱਕ ਹੋਰ ਵਿਵਾਦ ਛੇੜ ਦਿੱਤਾ ਹੈ। ਸੁਨੀਲ ਜਾਖੜ ਨੇ ਕਾਂਗਰਸ ਦੇ ਦਫ਼ਤਰ ਵਿੱਚ ਅੱਧੀ ਦਰਜ਼ਨ ਕਾਂਗਰਸੀ ਜਰਨਲ ਸਕੱਤਰਾਂ ਨੂੰ ਆਮ ਜਨਤਾ ਦੇ ਕੰਮ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਜਨਰਲ ਸਕੱਤਰ ਆਉਣ ਵਾਲੇ ਲੋਕਾਂ ਦੇ ਕੰਮ ਸਰਕਾਰੀ ਅਧਿਕਾਰੀਆਂ ਨੂੰ ਮੌਕੇ ‘ਤੇ ਆਦੇਸ਼ ਜਾਂ ਫਿਰ ਫੋਨ ਕਰਕੇ ਕਰਵਾਉਣਗੇ, ਜਿਸ ਨਾਲ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਦੀ ਸਰਕਾਰੀ ਕੰਮ ‘ਚ ਦਖ਼ਲ ਅੰਦਾਜ਼ੀ ਦਿਖਾਈ ਦੇ ਰਹੀ ਹੈ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਜਿਆਦਾ ਨਰਾਜ਼ ਹੋ ਗਿਆ ਹੈ ਤੇ ਉਨ੍ਹਾਂ ਨੇ ਸੁਨੀਲ ਜਾਖੜ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਵਾਲਾਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸੁਨੀਲ ਜਾਖੜ ਵੱਲੋਂ ਪਾਰਟੀ ਦੇ ਜਨਰਲ ਸਕੱਤਰਾਂ ਦੀ ਡਿਊਟੀ ਪਾਰਟੀ ਦਫਤਰ ‘ਚ ਲੋਕ ਸ਼ਿਕਾਇਤਾਂ ਸੁਣਨ ਤੇ ਨਿਪਟਾਉਣ ਵਾਸਤੇ ਲਗਾਉਣ ਦੀ ਜ਼ੋਰਦਾਰ ਅਲੋਚਣਾ ਕੀਤੀ ਤੇ ਆਖਿਆ ਕਿ ਜਾਖੜ ਦੇ ਐਲਾਨ ਨੇ ਪਾਰਟੀ ਦਫਤਰ ਨੂੰ ਸਰਕਾਰੀ ਉਪ ਦਫਤਰ ‘ਚ ਬਦਲਣ ਦੀ ਰਸਮ ਪੂਰੀ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਅਧਿਕਾਰਤ ਘੋਸ਼ਣਾ ਕੀਤੀ ਹੈ ਕਿ ”ਕਾਂਗਰਸ ਦੇ ਜਨਰਲ ਸਕੱਤਰਾਂ ਦੀ ਨਿਯੁਕਤੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਜਾਇਜ਼ ਮਸਲਿਆਂ ਦਾ ਮੌਕੇ ‘ਤੇ ਨਿਪਟਾਰਾ ਕਰਨ ਵਾਸਤੇ ਲਗਾਈ ਜਾ ਰਹੀ ਹੈ।”
ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਸੱਤਾ ਸੰਭਾਲਣ ਵਾਲੇ ਦਿਨ ਤੋਂ ਹੀ ਜਾਖੜ ਦੀ ਆਪਣੀ ਸਰਕਾਰੀ ਮੀਟਿੰਗਾਂ ‘ਚ ਹਾਜ਼ਰੀ ਦੀਆਂ ਖਬਰਾਂ ਮੀਡੀਆ ‘ਚ ਨਸ਼ਰ ਹੁੰਦੀਆਂ ਰਹੀਆਂ ਹਨ ਕਿਉਂਕਿ ਸਿਵਾਏ ਸਰਕਾਰੀ ਅਧਿਕਾਰੀਆਂ ਦੇ ਹੋਰ ਕੋਈ ਅਜਿਹੀਆਂ ਮੀਟਿੰਗਾਂ ‘ਚ ਭਾਗ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਇਸ ਉਪਰੰਤ ਜਾਖੜ ਨੇ ਪੰਜਾਬ ਕਾਂਗਰਸ ਦੇ ਦਫਤਰ ਨੂੰ ਸਰਕਾਰ ਦਾ ਅਣ ਐਲਾਨਿਆ ਉਪ ਦਫਤਰ ਬਣਾ ਦਿੱਤਾ ਤੇ ਪਿਛਲੇ ਡੇਢ ਸਾਲ ‘ਚ ਸਰਕਾਰ ਦੇ ਬਹੁਤੇ ਫੈਸਲੇ ਇਸ ਦਫਤਰ ‘ਚ ਲਏ ਜਾਣ ਲੱਗ ਪਏ। ਸਰਸਾ ਨੇ ਕਿਹਾ ਕਿ ਹੁਣ ਜਾਖੜ ਨੇ ਜਨਰਲ ਸਕੱਤਰਾਂ ਦੀ ਡਿਊਟੀ ਲਗਾਉਣ ਦਾ ਐਲਾਨ ਕਰ ਕੇ ਇਸ ਪਾਰਟੀ ਦਫਤਰ ਨੂੰ ਸਰਕਾਰੀ ਉਪ ਦਫਤਰ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਜਾਖੜ ਨੂੰ ਆਖਿਆ ਕਿ ਕੀ ਉਹ ਸਪੱਸ਼ਟ ਕਰਨਗੇ ਕਿ ਕਿਸ ਸਮਰਥਾ ‘ਚ ਇਹ ਜਨਰਲ ਸਕੱਤਰ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਦੇ ਕੇ ਲੋਕਾਂ ਦੇ ਮਸਲੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਇਸ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਗਤੀਵਿਧੀਆਂ ਨੂੰ ਵਾਚ ਰਹੇ ਹਨ ਤੇ ਲੋਕ ਸਭਾ ਚੋਣਾਂ ਦੇ ਰੂਪ ‘ਚ ਢੁੱਕਵੇਂ ਮੌਕੇ ਦੀ ਉਡੀਕ ‘ਚ ਹਨ ਜਦੋਂ ਉਹ ਇਸ ਸਰਕਾਰ ਨੂੰ ਇਸਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਦਾ ਸਬਕ ਸਿਖਾਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।