ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ‘ਚ ਕਰਵਾਈਆਂ ਜਾ ਰਹੀਆਂ ਪੰਚਾਇਤੀ ਰਾਜ ਅਦਾਰਿਆਂ ਦੀਆਂ ਚੋਣਾਂ ਦੌਰਾਨ ਕਿਸੇ ਪਾਸਿਓਂ ਵੀ ਨਸ਼ਾ ਮੁਕਤ ਚੋਣ ਦੀ ਅਵਾਜ਼ ਨਹੀਂ ਉੱਠ ਰਹੀ ਹੈ ਹਾਲਾਂਕਿ ਪੰਜਾਬ ‘ਚ ਇਸ ਵੇਲੇ ਨਸ਼ਿਆਂ ਦਾ ਮੁੱਦਾ ਸਭ ਤੋਂ ਭਖਵਾਂ ਹੈ ਫਿਰ ਵੀ ਨੇਤਾ ਸਿੱਧੇ ਤੌਰ ‘ਤੇ ਇਸ ਲਾਹਨਤ ਖਿਲਾਫ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਖਾਸ ਤੌਰ ‘ਤੇ ਸ਼ਰਾਬ ਨੂੰ ਤਾਂ ਕਿਸੇ ਵੀ ਸਿਆਸੀ ਧਿਰ ਵੱਲੋਂ ਨਸ਼ਾ ਹੀ ਨਹੀਂ ਮੰਨਿਆ ਜਾ ਰਿਹਾ ਹੈ ਵੇਰਵਿਆਂ ਮੁਤਾਬਕ ਇਸ ਵਾਰ ਮਾਲਵੇ ‘ਚ ਹਰਿਆਣਾ ਦੀ ਸ਼ਰਾਬ ਦਾ ਦਬਦਬਾ ਬਣਿਆ ਹੋਇਆ ਹੈ। ਪੰਜਾਬ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ‘ਚ ਤਾਂ ਹਰਿਆਣਾ ‘ਚੋਂ ਆ ਰਹੀ ਸ਼ਰਾਬ ਦਾ ਹੜ੍ਹ ਵਗਣ ਲੱਗਾ ਹੈ। ਪਿੱਛੇ ਦੋ ਵਰ੍ਹਿਆਂ ‘ਚ ਤਾਂ ਹਰਿਆਣਾ ਦੀ ਸ਼ਰਾਬ ਨੇ ਪੇਂਡੂ ਲੋਕਾਂ ਨੂੰ ਸ਼ਰਾਬੀ ਬਣਾ ਦਿੱਤਾ ਹੈ।
ਸੂਤਰ ਦੱਸਦੇ ਹਨ ਕਿ ਇਕੱਲੀ ਬਠਿੰਡਾ ਪੁਲਿਸ ਨੇ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਕਰੀਬ 1 ਹਜ਼ਾਰ ਕੇਸ ਸ਼ਰਾਬ ਤਸਕਰੀ ਦੇ ਦਰਜ ਕੀਤੇ ਹਨ। ਭਾਵੇਂ ਪੁਲਿਸ ਵੱਡੀ ਪੱਧਰ ‘ਤੇ ਹਰਿਆਣਵੀ ਸ਼ਰਾਬ ਫੜ੍ਹਨ ਕਰਨ ‘ਚ ਸਫਲ ਵੀ ਹੋਈ ਹੈ, ਪ੍ਰੰਤੂ ਇਨ੍ਹਾਂ ਦਿਨਾਂ ਦੌਰਾਨ ਹਰਿਆਣਾ ਦੀ ‘ਸ਼ਹਿਨਾਈ’ ਨਾਂਅ ਦੀ ਸ਼ਰਾਬ ਨੇ ਤਾਂ ਮਲਵੱਈਆਂ ਦੇ ‘ਵਾਜੇ’ ਵਜਾ ਦਿੱਤੇ ਹਨ ਉਪਰੋਂ ਚੋਣਾਂ ਮੌਕੇ ‘ਰੂੜੀ ਮਾਰਕਾ’ ਦਾ ਪ੍ਰਚਲਨ ਵਧ ਗਿਆ ਹੈ। ਇੱਕ ਗੁੜ ਦੇ ਵਪਾਰੀ ਨੇ ਦੱਸਿਆ ਕਿ ਸ਼ਰਾਬ ਤਿਆਰ ਕਰਨ ਲਈ ਵਰਤੇ ਜਾਣ ਵਾਲੇ ‘ਬਰਫ਼ੀ ਗੁੜ’ ਦੀ ਮੰਗ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ‘ਬਰਫ਼ੀ ਗੁੜ’ ਦੀ ਜ਼ਿਆਦਾ ਖ਼ਪਤ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ‘ਚ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਗੁੜ 3200 ਰੁਪਏ ਕੁਇੰਟਲ ਵਿਕ ਰਿਹਾ ਸੀ, ਉਸ ਦੀ ਕੀਮਤ ਹੁਣ 3550 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪਤਾ ਲੱਗਾ ਹੈ ਕਿ ਭਗਤਾ ਭਾਈ, ਮੌੜ ਮੰਡੀ, ਰਾਮਪੁਰਾ, ਸੰਗਤ, ਤਲਵੰਡੀ ਤੇ ਰਾਮਾਂ ਮੰਡੀ ਦੇ ਇਲਾਕੇ ‘ਚ ‘ਬਰਫ਼ੀ ਗੁੜ’ ਦੀ ਵਿੱਕਰੀ ਜ਼ਿਆਦਾ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਗੁੜ ਵੱਡੇ ਪੱਧਰ ‘ਤੇ ਮਾਲਵੇ ਦੀਆਂ ਮੰਡੀਆਂ ‘ਚ ਪੁੱਜ ਰਿਹਾ ਹੈ ਇਸ ਗੁੜ ਨੂੰ ਖ਼ਾਸ ਕਰ ਕੇ ਸ਼ਰਾਬ ਕੱਢਣ ਵਾਸਤੇ ਹੀ ਵਰਤਿਆ ਜਾਂਦਾ ਹੈ। ਬਠਿੰਡਾ ਜ਼ਿਲ੍ਹੇ ਦੇ ਬੀੜ ਤਲਾਬ ‘ਚ ਪੁਲਿਸ ਨੇ 6 ਸਤੰਬਰ ਨੂੰ ਇਸ ਤਰ੍ਹਾਂ ਦੀ ਸ਼ਰਾਬ ਦੀ 20 ਲਿਟਰ ਦੀ ਕੇਨੀ ਫੜ੍ਹੀ ਹੈ ਪੁਲਿਸ ਸੂਤਰਾਂ ਮੁਤਾਬਕ ਇਹ ਪਿੰਡ ਰੂੜੀ ਮਾਰਕਾ ਕੱਢਣ ਲਈ ਮਸ਼ਹੂਰ ਹੈ। ਇਸੇ ਤਰ੍ਹਾਂ ਹੀ 9 ਸਤੰਬਰ ਨੂੰ ਰਾਮਾਂ ਪੁਲਿਸ ਨੇ ਬੰਘੀ ਰਘੂ ‘ਚੋਂ ਇੱਕ ਕੁਇੰਟਲ ਕੱਚੀ ਸ਼ਰਾਬ ਤੇ ਤਿੰਨ ਬੋਤਲਾਂ ਬਰਾਮਦ ਕੀਤੀਆਂ ਹਨ। ਰਾਮਾਂ ਪੁਲਿਸ ਨੇ 10 ਸਤੰਬਰ ਨੂੰ ਬੰਗੀ ਨਿਹਾਲ ਸਿੰਘ ਵਾਲਾ ‘ਚੋਂ 20 ਲਿਟਰ ਰੂੜੀ ਮਾਰਕਾ ਫੜ੍ਹੀ ਹੈ। ਇਸ ਤਰ੍ਹਾਂ ਦੀ ਸ਼ਰਾਬ ਸਬੰਧੀ ਹੁਣ ਤੱਕ ਜ਼ਿਲ੍ਹਾ ਬਠਿੰਡਾ ‘ਚ ਪਿਛਲੇ ਕੁਝ ਸਮੇਂ ਦੌਰਾਨ ਅੱਧੀ ਦਰਜਨ ਤੋਂ ਵੱਧ ਕੇਸ ਸਾਹਮਣੇ ਆਏ ਹਨ।
ਸੂਤਰਾਂ ਮੁਤਾਬਕ ਪਿੰਡਾਂ ‘ਚ ਬਹੁਤੇ ਲੋਕ ਚੋਣਾਂ ਦੌਰਾਨ ‘ਰੂੜੀ ਮਾਰਕਾ’ ਦੀ ਮੰਗ ਕਰਦੇ ਹਨ ਜੋਕਿ ਸਸਤੀ ਪੈਂਦੀ ਹੋਣ ਕਰਕੇ ਵੀ ਤਰਜੀਹ ਬਣ ਜਾਂਦੀ ਹੈ ਮਾਲਵੇ ‘ਚ ਤਾਂ ਚੋਣ ਕੋਈ ਵੀ ਹੋਵੇ ਨਸ਼ੇ ਦੀ ਵੰਡ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਜੇਕਰ ਬਾਕੀ ਨਸ਼ਿਆਂ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਵੀ ਸ਼ਰਾਬ ਦੀ ਵਰਤੋਂ ਨੂੰ ਲੋਕਾਂ ਨੇ ਸਮਾਜ ਦਾ ਅਨਿੱਖੜਵਾਂ ਅੰਗ ਬਣਾ ਲਿਆ ਹੈ ਜੋਕਿ ਚਿੰਤਾ ਕਰਨ ਵਾਲੇ ਤੱਥ ਹਨ ਦੱਸਣਯੋਗ ਹੈ ਕਿ ਪੰਜਾਬ ‘ਚ ਪਿਛਲੇ ਦੋ ਦਹਾਕਿਆਂ ਤੋਂ ਸ਼ਰਾਬ ਦਾ ਕਾਰੋਬਾਰ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ ਸਿਆਸੀ ਆਗੂਆਂ ਵੱਲੋਂ ਪੈਰ ਰੱਖਣ ਕਰਕੇ ਇਸ ਕਾਰੋਬਾਰ ਨੂੰ ਸਿਆਸੀ ਸਰਪ੍ਰਸਤੀ ਤਾਂ ਹਾਸਲ ਹੋ ਗਈ ਪਰ ਨਸ਼ਾ ਮੁਕਤ ਪੰਜਾਬ ਦਾ ਸੁਫ਼ਨਾ ਘੱਟੇ ‘ਚ ਰੁਲ ਗਿਆ ਹੈ।