ਸੰਗਰੂਰ (ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਖਿਲਾਫ਼ ਅਕਾਲੀ ਦਲ ਦੇ ਵਰਕਰਾਂ ਨੇ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ‘ਚ ਡੀਸੀ ਦਫ਼ਤਰ ਸਾਹਮਣੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਨਾਮਜਦਗੀ ਪੱਤਰਾਂ ਦੀ ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ, ਉਹ ਉਭਾਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਸਨ। ਇਸ ਦੌਰਾਨ ਕਾਕੜਾ ਜੋਨ ਤੋਂ ਬਲਾਕ ਪੰਚਾਇਤ ਸੰਮਤੀ ਦੀ ਅਕਾਲੀ ਉਮੀਦਵਾਰ ਬੀਬੀ ਸ਼ਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਵੀ ਰੱਦ ਕਰ ਦਿੱਤੇ ਗਏ।
ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਇਖ਼ਲਾਕੀ ਹਾਰ ਮੰਨ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅੰਦਰ ਹਾਰ ਸਾਫ਼ ਨਜ਼ਰ ਆ ਰਹੀ ਹੈ ਤੇ ਇਸ ਹਾਰ ਦੇ ਡਰੋਂ ਕਾਂਗਰਸ ਨੇ ਸਤਗੁਰ ਸਿੰਘ ਨਮੋਲ ਤੇ ਹੋਰ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਲਈ ਪ੍ਰਸ਼ਾਸਨ ‘ਤੇ ਦਬਾਅ ਪਾਇਆ। ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਕਾਗਜ਼ ਰੱਦ ਕਰਨ ਕਰਕੇ ਲੋਕਾਂ ਖਾਸ ਕਰਕੇ ਵੋਟਰਾਂ ਅੰਦਰ ਭਾਰੀ ਰੋਹ ਤੇ ਗੁੱਸਾ ਹੈ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਚੋਣ ਅੰਦਰ ਕਾਂਗਰਸ ਪਾਰਟੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਤੇ ਕਾਂਗਰਸ ਦੀ ਧੱਕੇਸ਼ਾਹੀ ਦਾ ਲੋਕ ਇਨ੍ਹਾਂ ਚੋਣਾਂ ‘ਚ ਮੂੰਹ ਤੋੜਵਾਂ ਜਵਾਬ ਦੇਣਗੇ। ਦੱਸਣਯੋਗ ਹੈ ਕਿ ਇਸ ਧੱਕੇਸ਼ਾਹੀ ਖਿਲਾਫ਼ ਇੱਕ ਬਹੁਤ ਥੋੜ੍ਹੇ ਸਮੇਂ ਵਿਚ ਹੀ ਅਕਾਲੀ ਵਰਕਰਾਂ ਦਾ ਹਜੂਮ ਡੀਸੀ ਦਫ਼ਤਰ ਇਕੱਠਾ ਹੋ ਗਿਆ।
ਇਸ ਮੌਕੇ ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਨੁਸਰਤ ਅਲੀ ਖਾਨ, ਗੁਰਬਚਨ ਸਿੰਘ ਬਚੀ, ਇਕਬਾਲ ਸਿੰਘ ਝੂੰਦਾ, ਪ੍ਰਿਤਪਾਲ ਸਿੰਘ ਹਾਂਡਾ, ਸਤਪਾਲ ਸਿੰਗਲਾ, ਰਿਪੂਦਮਨ ਢਿੱਲੋਂ, ਜਸਵੀਰ ਸਿੰਘ ਦਿਓਲ, ਸਤਿਗੁਰ ਸਿੰਘ ਨਮੌਲ, ਸੁਨੀਤਾ ਸ਼ਰਮਾਂ, ਪ੍ਰੀਤ ਮਹਿੰਦਰ, ਹਰਪ੍ਰੀਤ ਸਿੰਘ ਢੀਂਡਸਾ, ਮਨਿੰਦਰ ਲਖਮੀਰਵਾਲਾ, ਜਸਪਾਲ ਸਿੰਘ ਦੇਹਲਾਂ, ਨਰਿੰਦਰ ਸਿੰਘ ਬਹਾਦਰਪੁਰ, ਚਮਕੌਰ ਸਿੰਘ ਬਾਦਲਗੜ, ਚਮਨਦੀਪ ਸਿੰਘ ਮਿਲਖੀ, ਹਰਪਾਲ ਸਿੰਘ ਖੜਿਆਲ, ਗੁਰਚਰਨ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਨਿਰਮਾਣ, ਅਮਰਜੀਤ ਸਿੰਘ ਬਡਰੁੱਖਾਂ, ਸੁਨੀਤਾ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ।