ਸੀਬੀਆਈ ਤੋਂ ਮਾਮਲਾ ਵਾਪਸ ਲੈਣ ਲਈ ਨੋਟੀਫਿਕੇਸ਼ਨ ਅਜੇ ਨਹੀਂ ਹੋਇਆ ਜਾਰੀ
ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਦਿੱਲੀ ਭੇਜਣੀ ਪਏਗੀ ਫਾਈਲ ਤੇ ਨੋਟੀਫਿਕੇਸ਼ਨ
ਚੰਡੀਗੜ੍ਹ, ਅਸ਼ਵਨੀ ਚਾਵਲਾ
ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਸੀਬੀਆਈ ਤੋਂ ਜਾਂਚ ਵਾਪਸ ਲੈਣ ਦੇ ਮਾਮਲੇ ਵਿੱਚ ਅਸਤੀਫ਼ਾ ਦੇਣ ਦਾ ਐਲਾਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਬੁਰੀ ਤਰ੍ਹਾਂ ਫਸ ਗਏ ਹਨ, ਕਿਉਂਕਿ ਹੁਣ 15 ਸਤੰਬਰ ਨੂੰ ਸਿਰਫ਼ 9 ਦਿਨ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ, ਜਦੋਂ ਕਿ ਅਜੇ ਤੱਕ ਸੀਬੀਆਈ ਤੋਂ ਕੇਸ ਵਾਪਸ ਲੈਣ ਵਾਲਾ ਨੋਟੀਫਿਕੇਸ਼ਨ ਕਾਨੂੰਨੀ ਸਲਾਹ ਲਈ ਐਡਵੋਕੇਟ ਜਰਨਲ ਕੋਲ ਹੀ ਗਿਆ ਹੈ, ਜਿਸ ਕਾਰਨ ਇਸ ਦੇ ਵਾਪਸ ਆਉਣ ਤੋਂ ਬਾਅਦ ਹੀ ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਫਿਰ ਅਗਲੀ ਕਾਰਵਾਈ ਸ਼ੁਰੂ ਕਰਦੇ ਹੋਏ ਪੂਰੀ ਫਾਈਲ ਤਿਆਰ ਕਰਕੇ ਸੀਬੀਆਈ ਕੋਲ ਭੇਜੀ ਜਾਏਗੀ ਤਾਂ ਕਿ ਕੇਸ ਵਾਪਸ ਲਿਆ ਜਾਵੇ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਹੁੰਦੇ ਹੁੰਦੇ ਹੀ 15-20 ਦਿਨ ਜਾਂ ਫਿਰ ਇਸ ਤੋਂ ਵੀ ਜਿਆਦਾ ਸਮਾਂ ਲੱਗ ਸਕਦਾ ਹੈ, ਜਿਸ ਕਾਰਨ ਐੱਚ. ਐੱਸ. ਫੂਲਕਾ ਨੂੰ ਆਪਣੇ ਐਲਾਨ ਅਨੁਸਾਰ 16 ਸਤੰਬਰ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਮਾਮਲੇ ਵਿੱਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਐੱਚ. ਐੱਸ. ਫੂਲਕਾ ਨੇ ਇੱਕ ਐਲਾਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੇ ਜੇਕਰ 15 ਸਤੰਬਰ ਤੱਕ ਸੀਬੀਆਈ ਤੋਂ ਕੇਸ ਵਾਪਸ ਨਾ ਲੈਂਦੇ ਹੋਏ ਸਪੈਸ਼ਲ ਜਾਂਚ ਟੀਮ ਨੂੰ ਜਾਂਚ ਸੌਂਪਣ ਦੇ ਨਾਲ ਹੀ ਬਾਦਲਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ 16 ਸਤੰਬਰ ਨੂੰ ਆਪਣਾ ਅਸਤੀਫ਼ਾ ਦੇ ਦੇਣਗੇ। ਐੱਚ. ਐੱਸ. ਫੂਲਕਾ ਦੇ ਇਸ ਐਲਾਨ ਤੋਂ ਬਾਅਦ ਹਰ ਪਾਸੇ ਹੀ ਇਸ ਸਬੰਧੀ ਚਰਚਾ ਤਾਂ ਛਿੜ ਗਈ ਸੀ ਪਰ ਹੁਣ ਇਹ ਐਲਾਨ ਐੱਚ. ਐੱਸ. ਫੂਲਕਾ ਲਈ ਮੁਸੀਬਤ ਵੀ ਬਣ ਸਕਦਾ ਹੈ। ਕਿਉਂਕਿ ਸੀਬੀਆਈ ਤੋਂ ਮਾਮਲਾ ਵਾਪਸ ਲੈ ਕੇ ਸਪੈਸ਼ਲ ਜਾਂਚ ਟੀਮ ਨੂੰ ਸੌਂਪਣਾ ਕੋਈ ਸੌਖਾ ਕੰਮ ਨਹੀਂ ਹੈ, ਸਗੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਜਾਂਚ ਵਾਪਸ ਹੀ ਨਹੀਂ ਲਈ ਜਾ ਸਕਦੀ ਹੈ।
ਇਸ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਹੋਣ ਤੋਂ ਬਾਅਦ ਵੀ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਹੁਣ ਇਸ ਐਲਾਨ ਵਿੱਚ ਉਹ ਬੂਰੀ ਤਰ੍ਹਾਂ ਫਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨਾ ਹੈ, ਉਸ ਸਬੰਧੀ ਕਾਨੂੰਨੀ ਸਲਾਹ ਲੈਣ ਲਈ ਐਡਵੋਕੇਟ ਜਰਨਲ ਕੋਲ ਭੇਜਿਆ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਔਕੜ ਬਾਕੀ ਨਾ ਰਹਿ ਜਾਵੇ। ਇਸ ਸਲਾਹ ਆਉਣ ਨੂੰ ਵੀ ਅਜੇ ਸਮਾਂ ਲੱਗ ਸਕਦਾ ਹੈ, ਜਿਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ ਫਿਰ ਜਾ ਕੇ ਕਿਤੇ ਇਸ ਕੇਸ ਨੂੰ ਵਾਪਸ ਲੈਣ ਲਈ ਸੀਬੀਆਈ ਨੂੰ ਭੇਜਿਆ ਜਾਏਗਾ। ਇਹ ਸਾਰੀ ਕਾਰਵਾਈ ਨੂੰ ਵੀ 15-20 ਦਿਨ ਦਾ ਸਮਾਂ ਲੱਗ ਸਕਦਾ ਹੈ, ਇਸ ਤੋਂ ਬਾਅਦ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਜਾਏਗਾ। ਜਦੋਂ ਕਿ ਐੱਚ. ਐੱਸ. ਫੂਲਕਾ ਕੋਲ ਸਿਰਫ਼ 9 ਦਿਨ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।