ਅਧਿਆਪਕ ਜੋ ਡੇਢ ਘੰਟਾ ਪਹਿਲਾਂ ਪਹੁੰਚਦੈ ਸਕੂਲ, ਮਿਲਦੈ ਸਕੂਨ

Teacher, Reached, Half Hour, Earlier, School

ਵਾਧੂ ਸਮੇਂ ‘ਚ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਨੇ ਹਿਸਾਬ ਤੇ ਅੰਗਰੇਜ਼ੀ

ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼

ਸਕੂਲ ਸਮੇਂ ਦੌਰਾਨ ਕਿਸੇ ਅਧਿਆਪਕ ਵੱਲੋਂ ਵਰਤੀ ਗਈ ਅਣਗਹਿਲੀ ਜਾਂ ਸਮੇਂ ਸਿਰ ਸਕੂਲ ਨਾ ਪਹੁੰਚਣ ਦੇ ਅਨੇਕਾਂ ਮਾਮਲੇ ਤੁਸੀਂ ਪੜ੍ਹੇ-ਸੁਣੇ ਹੋਣਗੇ ਪਰ ਇਸ ਖ਼ਬਰ ਰਾਹੀਂ ਜਿਸ ਅਧਿਆਪਕ ਬਾਰੇ ਤੁਹਾਨੂੰ ਜਾਣੂੰ ਕਰਵਾ ਰਹੇ ਹਾਂ ਉਸ ਨੇ ਕਦੇ ਲੇਟਲਤੀਫੀ ਨਹੀਂ ਵਰਤੀ ਸਗੋਂ ਸਕੂਲ ਖੁੱਲ੍ਹਣ ਤੋਂ ਡੇਢ ਘੰਟਾ ਪਹਿਲਾ ਹੀ ਸਕੂਲ ਪੁੱਜ ਜਾਂਦੇ ਹਨ। ਅਜਿਹਾ ਕਰਨਾ ਉਸਦੀ ਕੋਈ ਮਜ਼ਬੂਰੀ ਨਹੀਂ ਸਗੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਬਿਹਤਰ ਭਵਿੱਖ ਬਣਾਉਣ ਲਈ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ ਮੌਸਮ ਭਾਵੇਂ ਗਰਮੀ ਦਾ ਹੋਵੇ ਜਾਂ ਸਰਦੀ ਦਾ ਉਨ੍ਹਾਂ ਨੇ ਇਹ ਆਦਤ ਨਹੀਂ ਤਿਆਗੀ।

ਵੇਰਵਿਆਂ ਮੁਤਾਬਿਕ ਮਾਨਸਾ ਵਾਸੀ ਕ੍ਰਿਸ਼ਨ ਲਾਲ ਨੇ ਮੰਦੇ ਆਰਥਿਕ ਹਲਾਤਾਂ ਦੇ ਬਾਵਜੂਦ ਜਦੋਂ  ਬੀਐੱਡ ਤੇ ਐਮਏ ਕੀਤੀ ਤਾਂ ਇੱਕੋ ਟੀਚਾ ਮਿਥਿਆ ਕਿ ਜੇਕਰ ਉਹ ਅਧਿਆਪਕ ਬਣ ਗਿਆ ਤਾਂ ਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਸਕੂਲ ਸਮੇਂ ਤੋਂ ਇਲਾਵਾ ਵਾਧੂ ਸਮਾਂ ਵੀ ਪੜ੍ਹਾਵੇਗਾ। ਉਨ੍ਹਾਂ ਦੀ ਸਖਤ ਮਿਹਨਤ ਦਾ ਮੁੱਲ ਉਦੋਂ ਮਿਲਿਆ ਜਦੋਂ 10 ਅਗਸਤ 1998 ਨੂੰ ਅਧਿਆਪਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਆਪਣੇ ਇਸ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਨੇ ਬੱਚਿਆਂ ਨੂੰ ਸਕੂਲ ਸਮੇਂ ਤੋਂ ਇਲਾਵਾ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

ਪਿੰਡ ਸਮਾਓ ਦੇ ਸਰਕਾਰੀ ਸੈਕੰਡਰੀ ਸਕੂਲ ‘ਚ ਪੜ੍ਹਾ ਰਹੇ ਕ੍ਰਿਸ਼ਨ ਲਾਲ ਕਰੀਬ 22 ਕਿਲੋਮੀਟਰ ਦਾ ਸਫਰ ਤੈਅ ਕਰਕੇ ਸਕੂਲ ਲੱਗਣ ਤੋਂ ਡੇਢ ਘੰਟਾ ਪਹਿਲਾਂ ਹੀ ਸਕੂਲ ਪੁੱਜ ਜਾਂਦੇ ਹਨ ਤੇ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਿਸਾਬ ਅਤੇ ਅੰਗਰੇਜੀ ਪੜ੍ਹਾਉਂਦੇ ਹਨ ਉਨ੍ਹਾਂ ਦੀ ਇਸ ਮਿਹਨਤ ਸਦਕਾ ਸਕੂਲ ਦਾ ਨਤੀਜਾ 100 ਫੀਸਦੀ ਆ ਰਿਹਾ ਹੈ। ਕ੍ਰਿਸ਼ਨ ਲਾਲ ਦੇ ਇਸ ਜ਼ਜ਼ਬੇ ਨੂੰ ਸਲਾਮ ਕਰਦਿਆਂ ਪਿੰਡ ਦੀ ਪੰਚਾਇਤ ਤੋਂ ਇਲਾਵਾ ਕਲੱਬ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਵਿਭਾਗ ਦੀ ਚੈਕਿੰਗ ਟੀਮ ਸਕੂਲ ਸਮੇਂ ਤੋਂ ਪਹਿਲਾਂ ਹੀ ਸਕੂਲ ‘ਚ ਪਹੁੰਚੀ ਤਾਂ ਸਕੂਲ ‘ਚ ਉਹ ਇਕੱਲੇ ਹੀ ਸਨ ਟੀਮ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਵੇਖਕੇ ਡੀਜੀਐਸਈ ਨੂੰ ਰਿਪੋਰਟ ਕੀਤੀ ਤਾਂ ਉਨ੍ਹਾਂ ਹੌਂਸਲਾ ਵਧਾਉਂਦਿਆਂ ਸਨਮਾਨਿਤ ਕੀਤਾ।

ਮੇਰਾ ਅਸਲ ਸਨਮਾਨ, ਮੇਰੇ ਵਿਦਿਆਰਥੀ

ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਉਸਦਾ ਅਸਲ ਸਨਮਾਨ ਉਸਦੇ ਆਪਣੇ ਵਿਦਿਆਰਥੀਆਂ ਹਨ ਜੋ ਹਰ ਸਾਲ ਦਸਵੀਂ ਜਮਾਤ ‘ਚੋਂ ਚੰਗੇ ਅੰਕ ਹਾਸਲ ਕਰਕੇ ਪਾਸ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਦਸਵੀਂ ਦਾ ਨਤੀਜਾ ਹਰ ਸਾਲ ਹੀ 100 ਫੀਸਦੀ ਰਹਿੰਦਾ ਹੈ ਉਨ੍ਹਾਂ ਦਾ ਤਰਕ ਹੈ ਕਿ ਪੜ੍ਹਾਉਣ ਨਾਲ ਉਸਨੂੰ ਸਕੂਨ ਮਿਲਦਾ ਹੈ।

ਚਾਰ ਹੋਰ ਅਧਿਆਪਕ ਵੀ ਹੋਏ ਪ੍ਰੇਰਿਤ

ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਸ ਵੱਲੋਂ ਵਿਦਿਆਰਥੀਆਂ ਨੂੰ ਵਾਧੂ ਸਮਾਂ ਪੜ੍ਹਾਉਣ ਦੀ ਆਦਤ ਤੋਂ ਚਾਰ ਹੋਰ ਅਧਿਆਪਕ ਵੀ ਪ੍ਰੇਰਿਤ ਹੋਏ ਹਨ ਤੇ ਸਕੂਲ ਸਮੇਂ ਤੋਂ ਪਹਿਲਾਂ ਆ ਕੇ ਪੜ੍ਹਾਉਣ ਲੱਗੇ ਹਨ। ਇਨ੍ਹਾਂ ਅਧਿਆਪਕਾਂ ‘ਚ ਰਣਜੀਤ ਸਿੰਘ, ਨੀਲਕਾ ਗੋਇਲ, ਊਸ਼ਾ ਰਾਣੀ ਤੇ ਸੁਖਵਿੰਦਰ ਸਿੰਘ ਸ਼ਾਮਲ ਹਨ।

ਬਹੁਤ ਵਧੀਆ ਉਪਰਾਲਾ : ਡੀਈਓ

ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਆਖਿਆ ਕਿ ਇਸ ਅਧਿਆਪਕ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕਰਨ ਲਈ ਸਿਫਾਰਸ਼ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।