ਕਾਂਗਰਸੀ ਤੇ ਗੈਰ ਕਾਂਗਰਸੀ ਮੇਅਰ, ਅਮਰਿੰਦਰ ਨੂੰ ਕਰਨਗੇ ਸ਼ਿਕਾਇਤ
ਕਿਹਾ, ਸਥਾਨਕ ਸਰਕਾਰਾਂ ਵਿਭਾਗ ਨਹੀਂ ਕਰ ਰਿਹਾ ਐ ਸੁਣਵਾਈ, ਤਨਖ਼ਾਹਾਂ ਦੇਣ ਤੋਂ ਵੀ ਤਰਸੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਦੂਜਿਆਂ ਦੇ ਕੰਮਕਾਜ ‘ਤੇ ਫਾਲਤੂ ਉਂਗਲ ਚੁੱਕਣ ਅਤੇ ਦਖ਼ਲ ਅੰਦਾਜ਼ੀ ਦੇਣ ਵਾਲੇ ਮੰਤਰੀ ਨਵਜੋਤ ਸਿੱਧੂ ਆਪਣੇ ਹੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਅਸਫ਼ਲ ਹੁੰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਨਵਜੋਤ ਸਿੱਧੂ ਖ਼ਿਲਾਫ਼ ਪੰਜਾਬ ਦੀਆਂ 8 ਨਗਰ ਨਿਗਮਾਂ ਦੇ ਮੇਅਰ ਹੋ ਗਏ ਹਨ, ਕਿਉਂਕਿ ਨਵਜੋਤ ਸਿੱਧੂ ਪੰਜਾਬ ਦੀਆਂ ਨਗਰ ਨਿਗਮਾਂ ਨੂੰ ਨਾ ਸਿਰਫ਼ ਫੰਡ ਭੇਜ ਰਹੇ ਹਨ, ਸਗੋਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਤੱਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਅਗਵਾਈ ਵਿੱਚ ਸਾਰੇ ਮੇਅਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਬੇਰੁਖੀ ਬਾਰੇ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਜਾਵੇ।
ਇਸ ਸਬੰਧੀ ਪੰਜਾਬ ਦੀਆਂ ਸਾਰੇ ਨਗਰ ਨਿਗਮਾਂ ਵੱਲੋਂ ਮੇਅਰਜ਼ ਐਸੋਸੀਏਸ਼ਨ ਆਫ਼ ਪੰਜਾਬ ਦਾ ਗਠਨ ਵੀ ਕਰ ਦਿੱਤਾ ਗਿਆ ਹੈ, ਜਿਸ ਦਾ ਪ੍ਰਧਾਨ ਸੰਜੀਵ ਬਿੱਟੂ ਨੂੰ ਇਸ ਲਈ ਥਾਪਿਆ ਗਿਆ ਹੈ ਕਿ ਉਹ ਪਟਿਆਲਾ ਦੇ ਮੇਅਰ ਹੋਣ ਕਾਰਨ ਅਸਾਨੀ ਨਾਲ ਰੁਟੀਨ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਆਪਣੀਆਂ ਮੁਸ਼ਕਲਾਂ ਨੂੰ ਪਹੁੰਚਾ ਸਕਣਗੇ। ਜਾਣਕਾਰੀ ਅਨੁਸਾਰ ਲਗਭਗ ਡੇਢ ਸਾਲ ਪਹਿਲਾਂ ਸੱਤਾ ਵਿੱਚ ਆਈ ਕਾਂਗਰਸ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦਾ ਮੰਤਰੀ ਨਵਜੋਤ ਸਿੱਧੂ ਨੂੰ ਥਾਪਿਆ ਗਿਆ ਸੀ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਪੰਜਾਬ ਭਰ ਦੇ ਸਰਕਾਰੀ ਵਿਭਾਗਾਂ ਵਿੱਚ ਦਖ਼ਲ-ਅੰਦਾਜ਼ੀ ਦੇ ਨਾਲ ਹੀ ਵਿਵਾਦ ਭਰੀ ਬਿਆਨਬਾਜ਼ੀ ਤਾਂ ਜਰੂਰ ਕੀਤੀ ਹੈ ਪਰ ਆਪਣੇ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਖੁਸ ਕਰਨ ਵਿੱਚ ਅਸਫ਼ਲ ਸਾਬਤ ਹੋਏ।
ਮੇਅਰਾਂ ਦਾ ਗਿਲਾ ਹੈ ਕਿ ਨਵਜੋਤ ਸਿੱਧੂ ਪਿਛਲੇ ਡੇਢ ਸਾਲ ਤੋਂ ਵਿਕਾਸ ਕਾਰਜਾਂ ਲਈ ਨਾ ਹੀ ਨਗਰ ਨਿਗਮਾਂ ਨੂੰ ਕੋਈ ਪੈਸਾ ਭੇਜ ਰਹੇ ਹਨ ਅਤੇ ਨਾ ਹੀ ਨਗਰ ਕੌਂਸਲਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਪਾ ਰਹੇ ਹਨ। ਨਵਜੋਤ ਸਿੱਧੂ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਦੇ ਮੇਅਰ ਅਤੇ ਕਮਿਸ਼ਨਰਾਂ ਨੇ ਕਈ ਮੀਟਿੰਗਾਂ ਕਰਦੇ ਹੋਏ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ ਪਰ ਕੇਂਦਰ ਸਰਕਾਰ ਵਲੋਂ ਕੁਝ ਸਕੀਮਾਂ ਹੇਠ ਆਏ ਫੰਡ ਨੂੰ ਛੱਡ ਕੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਭਰ ਦੇ ਮੇਅਰ ਨਵਜੋਤ ਸਿੱਧੂ ਤੋਂ ਹੀ ਨਰਾਜ਼ ਹੋ ਗਏ ਹਨ
ਦੱਸਿਆ ਜਾ ਰਿਹਾ ਹੈ ਕਿ ਵਿਕਾਸ ਕਾਰਜਾਂ ਦੇ ਫੰਡ ਦੇ ਨਾਲ ਹੀ ਨਗਰ ਨਿਗਮਾਂ ਕੋਲ ਇਸ ਸਮੇਂ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ। ਜਿਸ ਕਾਰਨ ਪੰਜਾਬ ਦੀਆਂ ਲਗਭਗ ਸਾਰੀਆਂ ਨਗਰ ਨਿਗਮਾਂ ਵਿੱਤੀ ਤੌਰ ‘ਤੇ ਐਮਰਜੈਂਸੀ ਵਲ ਵੱਧ ਰਹੀਆਂ ਹਨ, ਜਿਥੇ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਕਿਸੇ ਸਮੇਂ ਮੁਕੰਮਲ ਤੌਰ ‘ਤੇ ਬੰਦ ਹੋ ਸਕਦੀਆਂ ਹਨ।
ਸਿੱਧੂ ਦੇ ਮੁੱਖ ਵਿਰੋਧੀ ਕੁਲਵੰਤ ਸਿੰਘ ਅਹਿਮ ਭੂਮਿਕਾ ‘ਚ
ਨਵਜੋਤ ਸਿੱਧੂ ਦੇ ਮੁੱਖ ਵਿਰੋਧੀ ਮੇਅਰਾਂ ਵਿੱਚੋਂ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਵੀ ਮੇਅਰਾਂ ਦੀ ਉਸ ਐਸੋਸੀਏਸ਼ਨ ‘ਚ ਸ਼ਾਮਲ ਹਨ, ਜਿਹੜੀ ਕਿ ਨਵਜੋਤ ਸਿੱਧੂ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲੇਗੀ। ਇਸ ਐਸੋਸੀਏਸ਼ਨ ਨੂੰ ਗਠਨ ਪਿੱਛੇ ਕੁਲਵੰਤ ਸਿੰਘ ਦੀ ਅਹਿਮ ਭੂਮਿਕਾ ਵੀ ਰਹੀਂ ਹੈ। ਜਿਨਾਂ ਨੇ ਹਰ ਮੌਕੇ ‘ਤੇ ਇਸ ਤਰਾਂ ਦੀ ਐਸੋਸੀਏਸ਼ਨ ਦਾ ਗਠਨ ਕਰਕੇ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲਣ ਦੀ ਸਲਾਹ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।