ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸੁਣਾਇਆ ਫੈਸਲਾ | Life Imprisonment
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਜ਼ਬਰ-ਜਨਾਹ ਮਾਮਲੇ ‘ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਤਿੰਨ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ। ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ 53 ਵਿੱਚ ਇੱਕ ਲੜਕੀ ਨਾਲ ਆਟੋ ਰਿਕਸ਼ਾ ਵਿੱਚ ਜ਼ਬਰ ਜਨਾਹ ਦੇ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਅਦਾਲਤ ਨੇ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਹਰ ਦੋਸ਼ੀ ਨੂੰ 2.05 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਮੁਹੰਮਦ ਇਰਫ਼ਾਨ, ਮੁਹੰਮਦ ਗ਼ਰੀਬ ਤੇ ਕਿਸਮਤ ਅਲੀ ਨੂੰ ਸ਼ੁੱਕਰਵਾਰ ਨੂੰ ਭਾਰਤੀ ਸੰਵਿਧਾਨ ਦੀ 376-ਡੀ (ਜ਼ਬਰ-ਜਨਾਹ) ਤੇ 506 (ਅਪਰਾਧਿਕ ਗਤੀਵਿਧੀਆਂ) ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਇਰਫ਼ਾਨ ਵਿਰੁੱਧ ਪਿਛਲੇ ਸਾਲ ਦਸੰਬਰ 2016 ਵਿੱਚ ਵੀ ਜ਼ਬਰ-ਜਨਾਹ ਦੇ ਦੋਸ਼ ਲੱਗੇ ਸਨ। (Life Imprisonment)
ਜ਼ਿਕਰਯੋਗ ਹੈ ਕਿ ਬੀਤੇ ਸਾਲ 18 ਨਵੰਬਰ ਦੀ ਰਾਤ ਨੂੰ ਦੇਹਰਾਦੂਨ ਦੀ ਰਹਿਣ ਵਾਲੀ 22 ਸਾਲਾ ਇੱਕ ਲੜਕੀ ਨੇ ਸੈਕਟਰ 37 ਦੇ ਟਾਈਪਿੰਗ ਇੰਸਟੀਚਿਊਟ ਤੋਂ ਮੋਹਾਲੀ ‘ਚ ਆਪਣੇ ਕਿਰਾਏ ਦੇ ਮਕਾਨ ਤੱਕ ਪਹੁੰਚਣ ਲਈ ਆਟੋ ਰਿਕਸ਼ਾ ਲਿਆ ਸੀ। ਉਕਤ ਤਿੰਨੇ ਦੋਸ਼ੀ ਪਹਿਲਾਂ ਤੋਂ ਆਟੋ ਵਿੱਚ ਮੌਜੂਦ ਸਨ ਤੇ ਰਸਤੇ ਵਿੱਚ ਸੈਕਟਰ 53 ਦੇ ਜੰਗਲਾਂ ‘ਚ ਆਟੋ ਲਿਜਾ ਕੇ ਉਨ੍ਹਾਂ ਤਿੰਨਾਂ ਨੇ ਜ਼ਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਦੋਸ਼ੀ ਸਮੇਤ ਆਟੋ ਰਿਕਸ਼ਾ ਦੀ ਤਸਵੀਰ ਸੈਕਟਰ 42 ਸਥਿਤ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ, ਜਿਸ ਕਾਰਨ ਇਹ ਕੇਸ ਨੂੰ ਅੱਗੇ ਵਧਣ ਵਿੱਚ ਕਾਫੀ ਮੱਦਦ ਮਿਲੀ ਬੀਤੀ 24 ਨਵੰਬਰ ਨੂੰ ਦੋਸ਼ੀ ਆਟੋ ਚਾਲਕ ਇਰਫ਼ਾਨ (29) ਨੂੰ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ, ਇਸ ਤੋਂ ਬਾਅਦ ਬਾਕੀ ਦੋ ਦੋਸ਼ੀਆਂ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਦੋਸ਼ੀਆਂ ਦੀ ਭਾਲ ਲਈ ਇੱਕ ਲੱਖ ਰੁਪਏ ਇਨਾਮ ਦਾ ਐਲਾਨ ਵੀ ਕੀਤਾ ਸੀ। (Life Imprisonment)