ਹਰਿਆਣਾ ਅਤੇ ਰਾਜਸਥਾਨ ਤੋਂ ਸਪਲਾਈ ਹੁੰਦੈ ਜ਼ਿਆਦਾਤਰ ਖੋਆ
- ਚੇਅਰਮੈਨ ਕਾਹਨ ਸਿੰਘ ਪੰਨੂ ਵੱਲੋਂ ਕੁਝ ਸਮਾਂ ਪਹਿਲਾਂ ਹੀ ਸਿਹਤ ਅਧਿਕਾਰੀਆਂ ਨੂੰ ਦੱਸਿਆ ਜਾਂਦੈ ਛਾਪੇਮਾਰੀ ਬਾਰੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਿਹਤ ਵਿਭਾਗ ਨਕਲੀ ਦੁੱਧ ਤੇ ਪਨੀਰ ਖਿਲਾਫ਼ ਮੁਹਿੰਮ ਚਲਾਉਣ ਤੋਂ ਬਾਅਦ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੁਣ ਮਿਲਾਵਟੀ ਖੋਆ ਅਤੇ ਮਠਿਆਈਆਂ ਵਾਲਿਆ ਖਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਵਿੱਢਣ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਅੰਦਰ ਹੀ ਸਿਹਤ ਵਿਭਾਗ ਵੱਲੋਂ ਪਟਿਆਲਾ ਸਮੇਤ ਪੂਰੇ ਪੰਜਾਬ ਅੰਦਰ ਵੱਡੇ ਪੱਧਰ ‘ਤੇ ਨਕਲੀ ਦੁੱਧ ਦੇ ਹੋ ਰਹੇ ਕਾਰੋਬਾਰ ਖਿਲਾਫ਼ ਸਿਕੰਜਾ ਕਸਿਆ ਹੈ ਅਤੇ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਅਤੇ ਪਨੀਰ ਦੇ ਜਖੀਰੇ ਬਰਾਮਦ ਕੀਤੇ ਗਏ ਹਨ।
ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਤਿਉਹਾਰਾਂ ਦੇ ਦਿਨਾਂ ਵਿੱਚ ਮਿੱਠਾ ਜ਼ਹਿਰ ਵੇਚ ਕੇ ਜੇਬਾਂ ਭਰਨ ਵਾਲੇ ਕਾਰੋਬਾਰੀਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਨੰਗਾ ਚਿੱਟਾ ਕਰਨ ਦੀ ਤਿਆਰੀ ਹੋ ਗਈ ਹੈ। ਜਾਣਕਾਰੀ ਅਨੁਸਾਰ ਤੰਦਰੁਸਤ ਮਿਸ਼ਨ ਪੰਜਾਬ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦੀ ਅਗਵਾਈ ਹੇਠ ਸਿਹਤ ਵਿਭਾਗ, ਡੇਅਰੀ ਵਿਭਾਗ ਵੱਲੋਂ ਪਹਿਲਾਂ ਨਕਲੀ ਦੁੱਧ ਅਤੇ ਪਨੀਰ ਖਿਲਾਫ਼ ਮੁਹਿੰਮ ਵਿੱਢੀ ਹੋਈ ਸੀ। ਉਨ੍ਹਾਂ ਵੱਲੋਂ ਪਹਿਲਾ ਪੰਜਾਬ ਦੇ ਸਾਰੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਚੁਸਤ ਦਰੁਸਤ ਕੀਤਾ ਗਿਆ ਸੀ। (Mission Healthy)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਸਮੇਤ ਪੂਰੇ ਪੰਜਾਬ ਅੰਦਰ ਹਜ਼ਾਰਾਂ ਲੀਟਰ ਨਕਲੀ ਦੁੱਧ, ਪਾਊਡਰ, ਪਨੀਰ ਸਮੇਤ ਹੋਰ ਪਦਾਰਥ ਬਰਾਮਦ ਕੀਤੇ ਗਏ। ਪਤਾ ਲੱਗਾ ਹੈ ਕਿ ਹੁਣ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਸ੍ਰੀ ਪੰਨੂ ਦੇ ਨਿਸ਼ਾਨੇ ‘ਤੇ ਮਿਲਾਵਟੀ ਖੋਆ ਅਤੇ ਮਿਠਾਈਆਂ ਵਾਲੇ ਹਨ, ਜਿਸ ਸਬੰਧੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਤਿਉਂਹਾਰਾਂ ਦੇ ਦਿਨਾਂ ਨੂੰ ਦੇਖਦਿਆਂ ਵੱਡੇ ਪੱਧਰ ‘ਤੇ ਖੋਆ ਬਾਹਰੋਂ ਪੰਜਾਬ ਅੰਦਰ ਸਪਲਾਈ ਕੀਤਾ ਜਾਂਦਾ ਹੈ। ਹਰਿਆਣਾ ਅਤੇ ਰਾਜਸਥਾਨ ਰਾਜ ਤੋਂ ਪੰਜਾਬ ਅੰਦਰ ਗੁਪਤ ਤਰੀਕੇ ਨਾਲ ਆਉਣ ਵਾਲਾ ਖੋਆ ਸਿਹਤ ਵਿਭਾਗ ਦੇ ਨਿਸ਼ਾਨੇ ‘ਤੇ ਹੈ, ਜੋ ਕਿ ਗੈਰ ਮਿਆਰੀ ਕਿਸਮ ਦਾ ਹੁੰਦਾ ਹੈ। ਇੱਕ ਉੱਚ ਪੱਧਰ ਦੇ ਅਧਿਕਾਰੀ ਨੇ ਦੱਸਿਆ ਕਿ ਤਿਉਂਹਾਰਾਂ ਦੇ ਸੀਜ਼ਨ ਕਰਕੇ ਆਉਂਦੇ ਚੰਦ ਦਿਨਾਂ ਅੰਦਰ ਹੀ ਮਿਲਾਵਟੀ ਖੋਆ ਅਤੇ ਮਿਠਾਈਆਂ ਵਿਰੁੱਧ ਸਿਕੰਜਾ ਕਸਿਆ ਜਾਵੇਗਾ ਅਤੇ ਸਿਰਫ਼ ਸ੍ਰੀ ਪੰਨੂੰ ਦੇ ਇਸ਼ਾਰੇ ਦੀ ਉਡੀਕ ਹੈ।
ਖਾਸ ਦੱਸਣਯੋਗ ਹੈ ਕਿ ਤੰਦਰੁਸਤ ਮਿਸ਼ਨ ਪੰਜਾਬ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਕੁਝ ਸਮਾਂ ਪਹਿਲਾਂ ਹੀ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹਨ ਕਿ ਅੱਜ ਇਸ ਜਗ੍ਹਾ ਉੱਪਰ ਛਾਪੇਮਾਰੀ ਕਰਨੀ ਹੈ, ਜਦਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਤੋਂ ਪਹਿਲਾਂ ਕੋਈ ਵੀ ਇਲਮ ਨਹੀਂ ਹੁੰਦਾ। ਕਿਉਂਕਿ ਜੇਕਰ ਪਹਿਲਾਂ ਹੀ ਸਬੰਧਿਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਇਨਪੁੱਟ ਦੇ ਦਿੱਤੀ ਜਾਵੇ ਤਾ ਅੱਗੇ ਕਾਰਵਾਈ ਵਾਲਿਆਂ ਤੱਕ ਗੱਲ ਪੁੱਜ ਜਾਂਦੀ ਹੈ। ਜਿਸ ਤੋਂ ਬਾਅਦ ਹੀ ਅਜਿਹਾ ਫੈਸਲਾ ਲਿਆ ਗਿਆ ਹੈ। ਇੱਧਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਜ਼ਿਲ੍ਹੇ ਅੰਦਰ ਖੋਆ ਅਤੇ ਮਠਿਆਈਆਂ ਵਾਲਿਆਂ ਵਿਰੁੱਧ ਐਕਸ਼ਨ ਲਿਆ ਜਾਵੇਗਾ। ਇਸ ਸਬੰਧੀ ਮਿਸ਼ਨ ਤੰਦਰੁਸਤ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ।
ਪੰਜਾਬ ਅੰਦਰ ਬਣੇਗੀ ਵਿਸ਼ੇਸ਼ ਟਾਸਕ ਫੋਰਸ : ਬ੍ਰਹਮ ਮਹਿੰਦਰਾ | Mission Healthy
ਇੱਧਰ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਨਕਲੀ ਦੁੱਧ, ਪਨੀਰ ਅਤੇ ਹੋਰ ਖਾਧ ਪਦਾਰਥਾਂ ਨੂੰ ਰੋਕਣ ਲਈ ਜਲਦੀ ਹੀ ਪੂਰੇ ਪੰਜਾਬ ਅੰਦਰ ਵਿਸ਼ੇਸ ਟਾਸਕ ਫੋਰਸ ਬਣਾਈ ਜਾ ਰਹੀ ਹੈ, ਜੋ ਕਿ ਮਿਲਾਵਟਖੋਰੀ ਦੇ ਖਾਤਮੇ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜਦੋਂ ਉਨ੍ਹਾਂ ਤੋਂ ਪਟਿਆਲਾ ਦੇ ਕੁਝ ਸਿਹਤ ਮੁਲਾਜ਼ਮਾਂ ਦੀ ਭਾਈਵਾਲੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ। ਦੱਸਣਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਜਨਰਲ ਡੈਪੋ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਲਈ ਨੋਡਲ ਅਫ਼ਸਰ ਹਨ ਅਤੇ ਏ.ਡੀ.ਸੀ. ਜ਼ਿਲ੍ਹੇ ਅੰਦਰ ਮਿਲਾਵਟਖੋਰੀ ਦੇ ਖਾਤਮੇ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੇ ਵੀ ਨੋਡਲ ਅਫ਼ਸਰ ਬਣਾਏ ਗਏ ਹਨ।