ਕੈਬਨਿਟ ਮੰਤਰੀ ਤੋਂ ਲੈ ਕੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਹੋਣਗੇ ਮੀਟਿੰਗ ‘ਚ ਸ਼ਾਮਲ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਲੈਣਗੇ ਕਾਂਗਰਸ ਭਵਨ ‘ਚ ਮੀਟਿੰਗ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਚਾਇਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਕਾਫ਼ੀ ਚਿੰਤਤ ਹੋ ਗਈ ਹੈ, ਜਿਸ ਕਾਰਨ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਭਲਕੇ ਕਈ ਮੀਟਿੰਗਾਂ ਸੱਦ ਲਈਆਂ ਹਨ, ਜਿਸ ਵਿੱਚ ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਣਗੇ। ਇਹ ਮੀਟਿੰਗਾਂ ਦਾ ਦੌਰ ਮੰਗਲਵਾਰ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਹੇਗਾ, ਜਿਸ ‘ਚ ਸਿਰਫ਼ ਪੰਚਾਇਤੀ ਚੋਣਾਂ ਬਾਰੇ ਹੀ ਵਿਚਾਰ ਕੀਤਾ ਜਾਏਗਾ ਤੇ ਇਸ ਤੋਂ ਇਲਾਵਾ ਕੋਈ ਵੀ ਮੁੱਦਾ ਵਿਚਾਰ ਅਧੀਨ ਨਹੀਂ ਹੋਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਤੰਬਰ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਤੇ ਅਕਤੂਬਰ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹਨ। ਪਿਛਲੇ 10 ਸਾਲਾ ਦੌਰਾਨ ਪੰਜਾਬ ਦੇ ਪਿੰਡਾਂ ਤੇ ਬਲਾਕ ਤੇ ਜ਼ਿਲ੍ਹਾ ਸੰਮਤੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਵੱਡੇ ਪੱਧਰ ‘ਤੇ ਜਿੱਤ ਹਾਸਲ ਕਰਦਾ ਆਇਆ ਹੈ ਤੇ 10 ਸਾਲਾਂ ਦੌਰਾਨ ਲਗਾਤਾਰ 2 ਵਾਰ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਸੱਤਾ ਵਿੱਚ ਕਾਂਗਰਸ ਪਾਰਟੀ ਆਉਣ ਤੋਂ ਬਾਅਦ ਕਾਂਗਰਸੀ ਖ਼ੁਦ ਚਾਹੁੰਦੀ ਹੈ ਕਿ ਪੰਜਾਬ ਦੀਆਂ ਪੰਚਾਇਤਾਂ ਦਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਥਾਂ ‘ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਸਮਰਥਕਾਂ ਦਾ ਹੀ ਕਬਜ਼ਾ ਹੋਵੇ।
ਕਾਂਗਰਸ ਪਾਰਟੀ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਮੰਗਲਵਾਰ 14 ਅਗਸਤ ਨੂੰ ਚੰਡੀਗੜ੍ਹ ਵਿਖੇ ਸਾਰੇ ਕੈਬਨਿਟ ਮੰਤਰੀਆਂ ਤੇ ਜ਼ਿਲ੍ਹਾ ਪ੍ਰਧਾਨਾਂ ਸਣੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ। ਜਿਹੜੇ ਹਲਕੇ ‘ਚ ਵਿਧਾਇਕ ਕਾਂਗਰਸ ਪਾਰਟੀ ਦੇ ਨਹੀਂ ਬਣ ਸਕੇ, ਉਨ੍ਹਾਂ ਹਲ਼ਕਿਆ ‘ਚੋਂ ਕਾਂਗਰਸ ਦੇ 2017 ਚੋਣਾਂ ਦੌਰਾਨ ਜਿਹੜੇ ਉਮੀਦਵਾਰ ਸਨ, ਉਨ੍ਹਾਂ ਨੂੰ ਮੀਟਿੰਗ ਵਿੱਚ ਸੱਦਿਆ ਗਿਆ ਹੈ। ਕਾਂਗਰਸ ਭਵਨ ਵਿਖੇ ਕੈਬਨਿਟ ਮੰਤਰੀਆਂ ਨਾਲ ਸਵੇਰੇ 9:30 ਵਜੇ ਮੀਟਿੰਗ ਹੋਵੇਗੀ ਤਾਂ 10:30 ਕਾਂਗਰਸ ਹਲਕਾ ਇੰਚਾਰਜਾਂ ਨਾਲ, 12:30 ‘ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ, ਜਦੋਂ ਕਿ 3 ਵਜੇ ਵਿਧਾਇਕਾਂ ਨਾਲ ਸੁਨੀਲ ਜਾਖੜ ਮੀਟਿੰਗ ਕਰਨਗੇ।
ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਸੁਨੀਲ ਜਾਖੜ ਕਰਦੇ ਹੋਏ ਇਹ ਫੈਸਲਾ ਕਰਨਗੇ ਕਿ ਇਨ੍ਹਾਂ ਚੋਣਾਂ ‘ਚ ਕਾਂਗਰਸ ਪਾਰਟੀ ਨੇ ਕਿਸ ਪੱਧਰ ਤੱਕ ਭਾਗ ਲੈਣਾ ਹੈ ਤੇ ਕਿਹੜੀ ਕਿਹੜੀ ਚੋਣ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਤੇ ਲੜੀ ਜਾਏਗੀ ਤੇ ਕਿਹੜੀ ਚੋਣ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾਂ ਲੜੀ ਜਾਏਗੀ।
ਪਹਿਲੀ ਵਾਰ ਮੰਤਰੀਆਂ ਦੀ ਹੋਵੇਗੀ ਕਾਂਗਰਸ ਭਵਨ ‘ਚ ਮੀਟਿੰਗ
ਪੰਜਾਬ ‘ਚ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਸਾਰੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਸਾਰੇ 17 ਕੈਬਨਿਟ ਮੰਤਰੀਆਂ ਨਾਲ ਕਦੇ ਵੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਕੋਈ ਵੀ ਇਕੱਠੀ ਮੀਟਿੰਗ ਨਹੀਂ ਹੋਈ ਹੈ। ਇਸ ਲਈ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਜਾਖੜ ਮੰਤਰੀਆਂ ਦੇ ਕੰਮਕਾਜ਼ ਬਾਰੇ ਵੀ ਚਰਚਾ ਕਰ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।