ਮੁਜ਼ੱਫਰਪੁਰ, 8 ਅਗਸਤ
ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਮੁਜ਼ੱਫਰਪੁਰ ਰੇਪ ਕੇਸ ਦੇ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ‘ਤੇ ਕੋਰਟ ‘ਚ ਪੇਸ਼ੀ ਦੌਰਾਨ ਸਿਆਹੀ ਸੁੱਟੀ ਗਈ ਤੇ ਕਾਲਖ ਮੱਲਣ ਦੀ ਕੋਸ਼ਿਸ਼ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ‘ਚ ਚਾਕ-ਚੌਬੰਦ ਸੁਰੱਖਿਆ ਦੇ ਬਾਵਜ਼ੂਦ ਪ੍ਰਦਰਸ਼ਨਕਾਰੀ ਆਪਣਾ ਗੁੱਸਾ ਜ਼ਾਹਿਰ ਕਰਨ ‘ਚ ਸਫ਼ਲ ਰਹੇ ਤੇ ਠਾਕੁਰ ਦੇ ਚਿਹਰੇ ‘ਤੇ ਸਿਆਹੀ ਸੁੱਟ ਦਿੱਤੀ।
ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ ਸ਼ੇਲਟਰ ਹੋਮ ‘ਚ 34 ਬੱਚੀਆਂ ਨਾਲ ਦੁਰਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਸਮੇਤ ਪੂਰੇ ਦੇਸ਼ ‘ਚ ਕਾਫ਼ੀ ਉਬਾਲ ਦੇਖਣ ਨੂੰ ਮਿਲਿਆ ਹੈ। ਇਸ ਦੀ ਬਾਨਗੀ ਬੁੱਧਵਾਰ ਨੂੰ ਕੋਰਟ ‘ਚ ਦੇਖਣ ਨੂੰ ਮਿਲੀ ਮੀਡੀਆ ਰਿਪੋਰਟਾਂ ਅਨੁਸਾਰ ਪੇਸ਼ੀ ਸਮੇਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਉੱਥੇ ਮੌਜ਼ੂਦ ਸੀ ਪਰ ਫਿਰ ਵੀ ਪ੍ਰਦਰਸ਼ਨਕਾਰੀ ਸਿਆਹੀ ਸੁੱਟਣ ‘ਚ ਕਾਮਯਾਬ ਰਹੇ। ਉਨ੍ਹਾਂ ਠਾਕੁਰ ਦੇ ਚਿਹਰੇ ‘ਤੇ ਕਾਲਖ ਮਲਣ ਦੀ ਕੋਸ਼ਿਸ਼ ਵੀ ਕੀਤੀ।
ਜ਼ਿਕਰਯੋਗ ਹੈ ਕਿ ਠਾਕੁਰ ਨੂੰ ਸੂਬਾ ਸਰਕਾਰੀ ਸੁਰੱਖਿਆ ਪ੍ਰਾਪਤ ਹੋਣ ਦੇ ਦੋਸ਼ ਵਿਰੋਧੀ ਲਗਾਤਾਰ ਲਾਏ ਜਾ ਰਹੇ ਹਨ। ਇਸ ਸਬੰਧੀ ਲੋਕਾਂ ‘ਚ ਭਾਰੀ ਰੋਸ ਹੈ। ਓਧਰ ਠਾਕੁਰ ਨੇ ਦੋਸ਼ ਲਾਇਆ ਕਿ ਉਹ ਕਾਂਗਰਸ ‘ਚ ਸ਼ਾਮਲ ਹੋ ਕੇ ਚੋਣ ਲੜਨ ਜਾ ਰਿਹਾ ਸੀ, ਇਸ ਲਈ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਕਿਸੇ ਵੀ ਬੱਚੀ ਨੇ ਉਸ ਦਾ ਨਾਂਅ ਨਹੀਂ ਲਿਆ ਹੈ। ਉਸ ਨੇ ਇਹ ਵੀ ਕਿਹਾ ਕਿ ਦੂਜੇ ਅਖਬਾਰਾਂ ਦਾ ਧੰਦਾ ਉਸ ਦੇ ਅਖਬਾਰ ਦੇ ਕਾਰਨ ਨੁਕਸਾਨ ‘ਚ ਜਾ ਰਿਹਾ ਸੀ, ਇਸ ਲਈ ਉਨ੍ਹਾਂ ਲੋਕਾਂ ਨੇ ਸਾਜਿਸ਼ ਘੜ ਕੇ ਉਸਨੂੰ ਫਸਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।