ਸੁਖਪਾਲ ਖਹਿਰਾ ਦੇ ਕਹਿਣ ‘ਤੇ ਪਿੰਡਾਂ ਵਿੱਚ ਵਿਗੜ ਸਕਦੇ ਨੇ ਹਾਲਤ, ਵਿਧਾਇਕਾਂ ਲਈ ਵੱਡਾ ਖ਼ਤਰਾ
ਖਹਿਰਾ ਨੇ ਸਟੇਜ ਤੋਂ ਕੀਤਾ ਸੀ ਐਲਾਨ, 13 ਵਿਧਾਇਕਾਂ ਨੂੰ ਨਾ ਵੜਨ ਦਿਓ ਪਿੰਡਾਂ ‘ਚ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ (Khaira) ਨੇ ਦੇਸ਼ ਦੇ ਸੰਵਿਧਾਨ ਨੂੰ ਹੀ ਚੁਣੌਤੀ ਦਿੰਦੇ ਹੋਏ ਪੰਜਾਬ ਵਿੱਚ 13 ਵਿਧਾਨਕਾਰਾਂ ਦਾ ਸਮਾਜਿਕ ਅਤੇ ਸੋਸ਼ਲ ਬਾਈਕਾਟ ਕਰਵਾ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਪਿੰਡਾਂ ਦੇ ਹਲਾਤ ਕਾਫ਼ੀ ਜਿਆਦਾ ਗੰਭੀਰ ਬਣੇ ਹੋਏ ਹਨ। ਸੁਖਪਾਲ ਖਹਿਰਾ ਦੇ ਕਹਿਣ ‘ਤੇ ਕਈ ਗਰਮ ਦਲ ਦੇ ਵਰਕਰਾਂ ਨੇ ਇਨ੍ਹਾਂ 13 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਖ਼ਿਲਾਫ਼ ਵੱਡੇ ਪੱਧਰ ‘ਤੇ ਹੀ ਨਹੀਂ ਸਾਜ਼ਿਸ਼ ਰਚੀ ਜਾ ਰਹੀ ਹੈ, ਸਗੋਂ ਪਿੰਡਾਂ ਵਿੱਚ ਆਉਣ ‘ਤੇ ਕਿਵੇਂ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਣਾ ਚਾਹੀਦਾ ਹੈ, ਉਸ ਦੀਆਂ ਤਿਆਰੀਆਂ ਤੱਕ ਕੀਤੀਆਂ ਹੋਈਆਂ ਹਨ। (Khaira)
ਸੁਖਪਾਲ ਖਹਿਰਾ ਵੱਲੋਂ 13 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਸਮਾਜਿਕ ਅਤੇ ਸੋਸ਼ਲ ਬਾਈਕਾਟ ਕਰਨ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੇ ਕਈ ਦਰਜਨ ਪਿੰਡਾਂ ‘ਚ ਸਥਿੱਤ ਖਹਿਰਾ ਸਮਰਥਕ ਕਿਸੇ ਵੀ ਸਮੇਂ ਕੋਈ ਵੀ ਵੱਡੀ ਘਟਨਾ ਨੂੰ ਅੰਜਾਮ ਤੱਕ ਦੇ ਸਕਦੇ ਹਨ। ਇਹ ਸ਼ੰਕਾ ਖ਼ੁਦ ਇਨ੍ਹਾਂ ਵਿਧਾਇਕਾਂ ਵੱਲੋਂ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਕਾਰਨ ਕਈ ਵਿਧਾਇਕ ਤਾਂ ਪਿੰਡਾਂ ਵੱਲ ਜਾਣ ਤੋਂ ਹੀ ਘਬਰਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਖ਼ੁਦ ਨੂੰ ਨਹੀਂ ਪਤਾ ਕਿ ਕਿਹੜੇ ਪਿੰਡ ਵਿੱਚ ਉਨ੍ਹਾਂ ਨਾਲ ਕੀ ਘਟਨਾ ਵਾਪਰ ਜਾਵੇ। ਇਹ ਸਾਰਾ ਕੁਝ ਸੁਖਪਾਲ ਖਹਿਰਾ ਦੀ ਅਪੀਲ ਦੇ ਕਾਰਨ ਹੀ ਹੋ ਰਿਹਾ ਹੈ।
ਸੰਵਿਧਾਨ ਦੀ ਧਾਰਾ 14 ਅਤੇ 16 ਦੇ ਖ਼ਿਲਾਫ਼ ਖਹਿਰਾ ਦਾ ਬਿਆਨ, ਹੋ ਸਕਦੀ ਐ ਸਖ਼ਤ ਸਜ਼ਾ
ਸੁਖਪਾਲ ਖਹਿਰਾ ਨੇ ਬਠਿੰਡਾ ਵਿਖੇ ਕਨਵੈਨਸ਼ਨ ਦੌਰਾਨ ਮੌਕੇ ‘ਤੇ ਹਾਜ਼ਰ ਨਹੀਂ ਹੋਏ 13 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਖ਼ਿਲਾਫ਼ ਬੋਲਦੇ ਹੋਏ ਆਮ ਲੋਕਾਂ ਨੂੰ ਕਿਹਾ ਸੀ ਕਿ ਉਹ ਇਨ੍ਹਾਂ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ। ਜਿਸ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਖ਼ਿਲਾਫ਼ ਕੁਝ ਖਹਿਰਾ ਸਮਰਥਕ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਦੇ ਹੋਏ ਇਨ੍ਹਾਂ ਖ਼ਿਲਾਫ਼ ਆਮ ਲੋਕਾਂ ਨੂੰ ਭੜਕਾਉਣ ਵਿੱਚ ਲੱਗੇ ਹੋਏ ਹਨ। (Khaira)
ਸੁਖਪਾਲ ਖਹਿਰਾ ਵੱਲੋਂ ਸੰਵਿਧਾਨ ਦੀ ਧਾਰਾ 14 ਅਤੇ 16 ਦੀ ਉਲੰਘਣਾ ਕਰਦੇ ਹੋਏ ਇਹ ਐਲਾਨ ਕੀਤਾ ਗਿਆ ਹੈ, ਇਹ ਸੰਵਿਧਾਨ ਦੀ ਧਾਰਾ ਦੇਸ਼ ਵਿੱਚ ਹਰ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੰਦੇ ਹੋਏ ਇਹੋ ਜਿਹੇ ਸੋਸ਼ਲ ਅਤੇ ਸਮਾਜਿਕ ਬਾਈਕਾਟ ਦੇ ਖ਼ਿਲਾਫ਼ ਜਿਕਰ ਕਰਦੀ ਹੈ। ਇਸ ਨਾਲ ਹੀ ਸੁਖਪਾਲ ਖਹਿਰਾ ਵੱਲੋਂ ਆਰਟੀਕਲ 21 ਦਾ ਅਧਿਕਾਰ ਵੀ ਇਨ੍ਹਾਂ ਵਿਧਾਇਕਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੀ ਕਿ ਹਰ ਵਿਅਕਤੀ ਨੂੰ ਸਮਾਜ ਵਿੱਚ ਆਪਣੇ ਅਨੁਸਾਰ ਜਿੰਦਗੀ ਬਿਤਾਉਣ ਦਾ ਅਧਿਕਾਰ ਦਿੰਦੀ ਹੈ।
ਜੰਗ ਕਰਵਾਉਣ ਦੀ ਤਿਆਰੀ ‘ਚ ਖਹਿਰਾ, ਹੋ ਸਕਦੀ ਐ ਸਖ਼ਤ ਸਜ਼ਾ : ਵਿਕਾਸ ਅਰੋੜਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਵਿਕਾਸ ਅਰੋੜਾ ਨੇ ਕਾਨੂੰਨੀ ਤੌਰ ਦੱਸਿਆ ਕਿ ਸੁਖਪਾਲ ਖਹਿਰਾ ਦਾ ਜਨਤਕ ਸਟੇਜ ਤੋਂ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਇਹ ਕਹਿਣਾ ਕਿ 13 ਵਿਧਾਨਕਾਰਾਂ ਦਾ ਪਿੰਡਾਂ ਵਿੱਚ ਬਾਈਕਾਟ ਕੀਤਾ ਜਾਵੇ ਜਾਂ ਫਿਰ ਵੜਨ ਨਾ ਦਿੱਤਾ ਜਾਵੇ। ਇਹ ਭਾਰਤੀ ਸੰਵਿਧਾਨ ਦੇ ਉਲਟ ਹੈ ਅਤੇ ਖ਼ਾਸ ਕਰਕੇ ਵਿਧਾਇਕਾਂ ਦੇ ਪ੍ਰਤੀ ਕਹਿਣਾ ਤਾਂ ਸਭ ਤੋਂ ਵੱਡਾ ਜ਼ਰਮ ਹੈ।
ਉਨ੍ਹਾਂ ਦੱਸਿਆ ਕਿ ਵਿਧਾਇਕ ਇੱਕ ਤਰ੍ਹਾਂ ਸਰਕਾਰ ਦਾ ਹਿੱਸਾ ਹੁੰਦੇ ਹਨ ਅਤੇ ਵਿਧਾਨਕਾਰਾਂ ਦੇ ਬਾਈਕਾਟ ਐਲਾਨ ਸਿੱਧਾ ਤੌਰ ‘ਤੇ ਵਿਸਿੰਗ ਵਾਰ ਅਗੈਂਸਟ ਗਵਰਨਮੈਂਟ ਐਕਟ ਤਹਿਤ ਸਰਕਾਰ ਖ਼ਿਲਾਫ਼ ਯੁੱਧ ਛੇੜਨ ਤਹਿਤ ਆਉਂਦਾ ਹੈ। ਇਸ ਨਾਲ ਹੀ ਸੰਵਿਧਾਨ ਦੀਆਂ ਕਈ ਧਾਰਾ ਦੀ ਉਲੰਘਣਾ ਹੈ। ਜੇਕਰ ਕੋਈ ਵਿਧਾਇਕ ਇਸ ਦੇ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਦਾ ਹੈ ਤਾਂ ਸੁਖਪਾਲ ਖਹਿਰਾ ਖ਼ਿਲਾਫ਼ ਐਫ.ਆਈ.ਆਰ. ਦਰਜ਼ ਹੋਣ ਦੇ ਨਾਲ ਸਖ਼ਤ ਸਜ਼ਾ ਵੀ ਮਿਲ ਸਕਦੀ ਹੈ। (Khaira)
ਖਹਿਰਾ ਕੌਣ ਹੁੰਦੈ ਬਾਈਕਾਟ ਕਰਵਾਉਣ ਵਾਲਾ: ਬਲਜਿੰਦਰ ਕੌਰ
ਵਿਧਾਇਕ ਡਾ. ਬਲਜਿੰਦਰ ਕੌਰ ਨੇ ਕਿਹਾ ਕਿ ਸੁਖਪਾਲ ਖਹਿਰਾ ਕੌਣ ਹੁੰਦਾ ਹੈ, ਜਿਹੜਾ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਲਈ ਆਮ ਲੋਕਾਂ ਨੂੰ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਹੁਦੇ ਦਾ ਲਾਲਚੀ ਇਨਸਾਨ ਸੀ, ਜਿਸ ਕਾਰਨ ਹੀ ਉਸ ਨੇ ਅਹੁਦਾ ਖੋਹਣ ਤੋਂ ਤੁਰੰਤ ਬਾਅਦ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਆਪਣਾ ਹੱਦ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।