ਵਿਰੋਧੀ ਧਿਰ ਦੇ ਨਵ ਨਿਯੁਕਤ ਲੀਡਰ ਹਰਪਾਲ ਚੀਮਾ ਦੀ ਪਲੇਠੀ ਸੰਗਰੂਰ ਫੇਰੀ
ਭੱਦੀ ਸ਼ਬਦਾਵਲੀ ਵਰਤਣ ‘ਤੇ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗੇ ਖਹਿਰਾ : ਚੀਮਾ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਨਿਯੁਕਤ ਕੀਤੇ ਗਏ ਵਿਰੋਧੀ ਧਿਰ ਦੇ ਆਗੂ ਤੇ ਹਲਕਾ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ (Harpal Cheema) ਅੱਜ ਆਪਣੀ ਨਿਯੁਕਤੀ ਤੋਂ ਪਿੱਛੋਂ ਪਹਿਲੀ ਵਾਰ ਸੰਗਰੂਰ ਪੁੱਜੇ। ਆਪਣੀ ਪਲੇਠੀ ਇਕੱਤਰਤਾ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ‘ਚ ਇਕੱਲਿਆਂ ਚੋਣ ਲੜੇਗੀ।
ਉਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਕਿਹਾ ਕਿ ਕਿਸੇ ਵੀ ਪੱਧਰ ‘ਤੇ ਕਾਂਗਰਸ ਪਾਰਟੀ ਨਾਲ ਗਠਜੋੜ ਸਬੰਧੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ‘ਤੇ ਤਾਬੜਤੋੜ ਤੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਖਹਿਰਾ ਨੇ ਪੰਜਾਬ ਦੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ, ਆਪਣੀ ਭੱਦੀ ਸ਼ਬਦਾਵਲੀ ਲਈ ਖਹਿਰੇ ਨੂੰ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। (Harpal Cheema)
ਸ: ਚੀਮਾ ਅੱਜ ਸੰਗਰੂਰ ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਦਲਿਤਾਂ ਵਿਰੁੱਧ ਬਿਆਨਬਾਜ਼ੀ ਕਰਕੇ ਆਪਣੀ ਰਜਵਾੜਾਸ਼ਾਹੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਹਿਰੇ ਨੇ ਬਠਿੰਡਾ ‘ਚ ਲੋਕਾਂ ਦੇ ਇਕੱਠ ਵਿੱਚ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਵੀ ਨਹੀਂ ਬੋਲਿਆ ਜਿਸ ਤੋਂ ਸਪੱਸ਼ਟ ਹੈ। ਖਹਿਰਾ ਨੂੰ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਹੈ ਉਨ੍ਹਾਂ ਖਹਿਰੇ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਤਾਂ ਉਨ੍ਹਾਂ ਜਿੱਤਣ ਪਿੱਛੋਂ ਦੇਸ਼ ਦੀ ਸੰਵਿਧਾਨ ਦੀ ਸਹੁੰ ਕਿਉਂ ਚੁੱਕੀ ਇਸ ਮਸਲੇ ‘ਤੇ ਵੀ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। (Harpal Cheema)
ਉਨ੍ਹਾਂ ਖਹਿਰਾ ਦੇ ਬਾਗੀ ਸੁਰ ਅਲਾਪਣ ਦੇ ਮਸਲੇ ਸਬੰਧੀ ਕਿਹਾ ਕਿ ਪਾਰਟੀ ਨੂੰ ਆਰ.ਐਸ.ਐਸ. ਤੇ ਬੈਂਸ ਭਰਾਵਾਂ ਤੇ ਖਹਿਰੇ ਵਿਚਾਲੇ ਹੋਈ ਗੱਲਬਾਤ ਦਾ ਪਤਾ ਲੱਗ ਚੁੱਕਿਆ ਹੈ ਕਿ ਕਿਸ ਮਕਸਦ ਲਈ ਇਨ੍ਹਾਂ ਨੇ ਆਪਸੀ ਗਠਜੋੜ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਸਾਰੇ ਵਿਧਾਇਕ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਜਿਨ੍ਹਾਂ ਨੂੰ ਥੋੜ੍ਹੀ ਬਹੁਤ ਨਰਾਜ਼ਗੀ ਹੈ ਤਾਂ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀ ਨਰਾਜ਼ਗੀ ਦੂਰ ਕਰ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਉਨ੍ਹਾਂ ਦੀ ਸੰਗਰੂਰ ਵਿਖੇ ਫੇਰੀ ਦੌਰਾਨ ਹਰੇਕ ਪਿੰਡ-ਪਿੰਡ ਵਲੰਟੀਅਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਹੈ।
ਸ: ਚੀਮਾ ਅੱਜ ਪਹਿਲੀ ਵਾਰ ਚੰਡੀਗੜ੍ਹ ਤੋਂ ਸੰਗਰੂਰ ਪੁੱਜੇ ਸਨ। ਇਸ ਤੋਂ ਬਾਅਦ ਉਹ ਆਪਣੇ ਹਲਕਾ ਦਿੜ੍ਹਬਾ ‘ਚ ਜਾ ਕੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਹਲਕਾ ਸੰਗਰੂਰ ਤੋਂ ਪਾਰਟੀ ਇੰਚਾਰਜ ਦਿਨੇਸ਼ ਬਾਂਸਲ, ਰਾਜਵੰਤ ਸਿੰਘ ਘੁੱਲੀ, ਰਾਜਿੰਦਰ ਸਿੰਘ ਚਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਮੌਜ਼ੂਦ ਸਨ। (Harpal Cheema)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।